ਪੰਚਕੂਲਾ, 17 ਜੂਨ (ਕਪਿਲ)-ਪਿੰਜੌਰ ਵਿਖੇ ਇਕ ਨੌਜਵਾਨ ਨੂੰ ਅਗਵਾ ਕਰਕੇ ਲੁੱਟ-ਖਸੁੱਟ ਕਰਨ ਦੇ ਮਾਮਲੇ ਦੀ ਜਾਂਚ ਦੌਰਾਨ ਅੱਜ ਸਵੇਰੇ ਬਰਵਾਲਾ ਉਦਯੋਗਿਕ ਖੇਤਰ ਨੇੜੇ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁੱਠਭੇੜ ਹੋ ਗਈ। ਜਾਣਕਾਰੀ ਅਨੁਸਾਰ ਮੁਲਜ਼ਮਾਂ ਨੇ ਪਹਿਲਾਂ ਪੁਲਿਸ ਟੀਮ ‘ਤੇ ਗੋਲੀਬਾਰੀ ਕੀਤੀ, ਉਪਰੰਤ ਪੁਲਿਸ ਵਲੋਂ ਕੀਤੀ ਗਈ ਜਵਾਬੀ ਕਾਰਵਾਈ ਦੌਰਾਨ ਦੋ ਮੁਲਜ਼ਮਾਂ ਦੇ ਪੈਰਾਂ ‘ਚ ਗੋਲੀਆਂ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਏ। ਉਪਰੰਤ ਪੁਲਿਸ ਵਲੋਂ ਜ਼ਖ਼ਮੀ ਮੁਲਜ਼ਮਾਂ ਨੂੰ ਇਲਾਜ ਲਈ ਪੰਚਕੂਲਾ ਦੇ ਸੈਕਟਰ-6 ਸਥਿਤ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ। ਮੁਲਜ਼ਮਾਂ ਦੀ ਪਛਾਣ ਦੀਪੇਸ਼ ਵਾਸੀ ਚਰਖੀ ਦਾਦਰੀ ਅਤੇ ਯੋਗੇਸ਼ ਵਾਸੀ ਭਿਵਾਨੀ ਵਜੋਂ ਹੋਈ ਹੈ। ਜ਼ਖ਼ਮੀਆਂ ‘ਚੋਂ ਇਕ ਮੁਲਜ਼ਮ ਦੇ ਰੋਹਿਤ ਗੋਧਾਰਾ ਗੈਂਗ ਨਾਲ ਸੰਬੰਧਿਤ ਹੋਣ ਦੀ ਵੀ ਚਰਚਾ ਹੈ, ਹਾਲਾਂਕਿ ਇਸ ਦੀ ਅਧਿਕਾਰਕ ਤੌਰ ‘ਤੇ ਪੁਸ਼ਟੀ ਨਹੀਂ ਹੋਈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ‘ਚੋਂ ਇਕ ਪਿਸਤੌਲ ਵੀ ਬਰਾਮਦ ਕੀਤੀ ਹੈ। ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 15 ਜੂਨ ਦੀ ਸ਼ਾਮ ਪਿੰਜੌਰ ਵਾਸੀ ਮਨਜਿੰਦਰ ਸਿੰਘ ਨੂੰ ਚਾਰ ਨੌਜਵਾਨਾਂ ਨੇ ਐਚ. ਐਮ. ਟੀ. ਖੇਤਰ ਤੋਂ ਕਥਿਤ ਤੌਰ ‘ਤੇ ਅਗਵਾ ਕਰ ਲਿਆ ਸੀ। ਮੁਲਜ਼ਮਾਂ ਨੇ ਚਾਕੂ ਦੀ ਨੋਕ ‘ਤੇ ਉਸ ਨੂੰ ਸਕਾਰਪੀਓ ਗੱਡੀ ‘ਚ ਬਿਠਾਇਆ ਅਤੇ ਹਾਈਵੇਅ ‘ਤੇ ਗੱਡੀ ਘੁੰਮਾਉਂਦੇ ਰਹੇ। ਇਸ ਦੌਰਾਨ ਨੌਜਵਾਨ ਤੋਂ 12 ਹਜ਼ਾਰ ਰੁ. ਦੀ ਨਕਦੀ ਤੇ ਮੋਬਾਈਲ ਫ਼ੋਨ ਖੋਹਣ ਤੋਂ ਇਲਾਵਾ ਆਨਲਾਈਨ ਵੀ ਪੈਸੇ ਪੁਆਏ ਗਏ। ਮੁਲਜ਼ਮਾਂ ਨੇ ਪੀੜਤ ਤੋਂ ਹੀ ਗੱਡੀ ‘ਚ ਪੈਟਰੋਲ ਪੁਆਇਆ ਅਤੇ ਬਾਅਦ ‘ਚ ਉਸ ਨੂੰ ਬਰਵਾਲਾ ਅਨਾਜ ਮੰਡੀ ਨੇੜੇ ਛੱਡ ਕੇ ਫ਼ਰਾਰ ਹੋ ਗਏ। ਮਾਮਲੇ ਦੀ ਜਾਂਚ ਕਰ ਰਹੀ ਕ੍ਰਾਈਮ ਬ੍ਰਾਂਚ ਸੈਕਟਰ-19 ਦੀ ਟੀਮ ਨੇ ਮੰਗਲਵਾਰ ਦੇਰ ਰਾਤ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਜਦਕਿ ਹੋਰਨਾਂ ਮੁਲਜ਼ਮਾਂ ਦੀ ਭਾਲ ਦੌਰਾਨ ਬੁੱਧਵਾਰ ਸਵੇਰੇ ਪੁਲਿਸ ਟੀਮ ਜਿਵੇਂ ਹੀ ਗੁਪਤ ਸੂਚਨਾ ਦੇ ਆਧਾਰ ‘ਤੇ ਬਰਵਾਲਾ ਪਹੁੰਚੀ ਤਾਂ ਮੁਲਜ਼ਮਾਂ ਨੇ ਪੁਲਿਸ ‘ਤੇ ਫਾਈਰਿੰਗ ਕਰ ਦਿੱਤੀ ਅਤੇ ਪੁਲਿਸ ਵਲੋਂ ਕੀਤੀ ਜਵਾਬੀ ਕਾਰਵਾਈ ਦੌਰਾਨ ਦੋਵੇਂ ਮੁਲਜ਼ਮ ਜ਼ਖ਼ਮੀ ਹੋ ਗਏ। ਪੁਲਿਸ ਮਾਮਲੇ ਦੀ ਅਗਲੇ ਪੜਾਅ ਦੀ ਜਾਂਚ ਕਰ ਰਹੀ ਹੈ।