11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਜ਼ੀਰਕਪੁਰ ਨਗਰ ਕੌਂਸਲ ਤੋਂ ਬਾਅਦ ਲਾਲੜੂ ਕੌਂਸਲ ‘ਤੇ ਵੀ ਆਮ ਆਦਮੀ ਪਾਰਟੀ ਦਾ ਕਬਜ਼ਾ

ਅਜੀਤ ਡੈਸਕ 27-06-2026
ਲਾਲੜੂ, 26 ਜੂਨ (ਰਾਜਬੀਰ ਸਿੰਘ)-ਨਗਰ ਕੌਂਸਲ ਲਾਲੜੂ ‘ਚ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੀ ਹਾਜ਼ਰੀ ‘ਚ ਸਰਬਸੰਮਤੀ ਨਾਲ ਹੋਈ। ਇਸ ਤਰ੍ਹਾਂ ਜ਼ੀਰਕਪੁਰ ਨਗਰ ਕੌਂਸਲ ਤੋਂ ਬਾਅਦ ਹੁਣ ਲਾਲੜੂ ਨਗਰ ਕੌਂਸਲ ‘ਚ ਵੀ ਤਿੰਨੋਂ ਅਹਿਮ ਅਹੁਦਿਆਂ ‘ਤੇ ਆਮ ਆਦਮੀ ਪਾਰਟੀ ਦਾ ਕਬਜ਼ਾ ਹੋ ਗਿਆ ਹੈ। ਅਨੁਸੂਚਿਤ ਜਾਤੀ ਲਈ ਰਾਖਵੀਂ ਪ੍ਰਧਾਨ ਦੀ ਸੀਟ ‘ਤੇ ਵਾ. ਨੰ. 6 ਦੇ ਕੌਸ਼ਲਰ ਜੋਰਾਵਰ ਸਿੰਘ ਜੋਰਾ ਨੂੰ ਪ੍ਰਧਾਨ ਚੁਣਿਆ ਗਿਆ, ਜਦਕਿ ਵਾ. ਨੰ. 8 ਤੋਂ ਕੌਂਸਲਰ ਹਰੀਸ਼ ਮਦਾਨ ਨੂੰ ਸੀਨੀਅਰ ਮੀਤ ਪ੍ਰਧਾਨ ਤੇ ਵਾ. ਨੰ. 4 ਤੋਂ ਕੌਂਸਲਰ ਅਮਨ ਰਾਣਾ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਵਾ. ਨੰ. 1 ਤੋਂ ਕੌਂਸਲਰ ਮਹਿਮਾ ਸ਼ਰਮਾ ਨੇ ਤਿੰਨਾਂ ਅਹੁਦਿਆਂ ਲਈ ਨਾਵਾਂ ਦੀ ਤਜਵੀਜ਼ ਪੇਸ਼ ਕੀਤੀ, ਜਿਸ ਨੂੰ ਸਾਰੇ ਕੌਂਸਲਰਾਂ ਨੇ ਸਰਬਸੰਮਤੀ ਨਾਲ ਮਨਜੂਰੀ ਦੇ ਦਿੱਤੀ। ਵਿਧਾਇਕ ਰੰਧਾਵਾ ਨੇ ਸਰਬਸੰਮਤੀ ਨਾਲ ਹੋਈ ਚੋਣ ਨੂੰ ਇਤਿਹਾਸਕ ਕਰਾਰ ਦਿੰਦਿਆਂ ਸਾਰੇ ਕੌਂਸਲਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਭਰੋਸਾ ਦਿਵਾਇਆ ਕਿ ਨਵੇਂ ਪ੍ਰਧਾਨ ਦੀ ਅਗਵਾਈ ਹੇਠ ਲਾਲੜੂ ਦਾ ਸਰਵਪੱਖੀ ਵਿਕਾਸ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਲਾਲੜੂ ਦੀ ਸਭ ਤੋਂ ਵੱਡੀ ਸਮੱਸਿਆ ਗੰਦੇ ਪਾਣੀ ਦੀ ਨਿਕਾਸੀ ਅਤੇ ਸੀਵਰੇਜ ਦਾ ਪ੍ਰਬੰਧ ਹੈ। ਉਨ੍ਹਾਂ ਕਿਹਾ ਕਿ ਨਵੀਂ ਚੁਣੀ ਗਈ ਟੀਮ ਕੌਂਸਲ ਦੀ ਪਹਿਲੀ ਮੀਟਿੰਗ ‘ਚ ਹੀ ਇਸ ਮੁੱਦੇ ਨੂੰ ਪਹਿਲ ਦੇ ਆਧਾਰ ‘ਤੇ ਚੁੱਕੇਗੀ ਅਤੇ ਇਸ ਦੇ ਸਥਾਈ ਹੱਲ ਲਈ ਸੈਟੇਲਾਈਟ ਮੈਪਿੰਗ ਦੀ ਮਦਦ ਲਈ ਜਾਵੇਗੀ। ਚੋਣ ਦੀ ਪ੍ਰਕਿਰਿਆ ਕਨਵੀਨਰ-ਕਮ-ਐੱਸ. ਡੀ. ਐੱਮ. ਅਮਿਤ ਗੁਪਤਾ ਦੀ ਦੇਖ-ਰੇਖ ਹੇਠ ਸੰਪੰਨ ਹੋਈ, ਜਦਕਿ ਨਗਰ ਕੌਂਸਲ ਲਾਲੜੂ ਦੇ ਕਾਰਜਕਾਰੀ ਅਫ਼ਸਰ ਅਸ਼ੋਕ ਪਥਰੀਆ ਨੇ ਚੋਣ ਸਕੱਤਰ ਵਜੋਂ ਜ਼ਿੰਮੇਵਾਰੀ ਨਿਭਾਈ। ਇਸ ਤੋਂ ਇਲਾਵਾ ਪ੍ਰਧਾਨਗੀ ਲਈ ਨਾਮਜ਼ਦਗੀ ਪੱਤਰ ਆਮ ਆਦਮੀ ਪਾਰਟੀ ਵਲੋਂ ਪਰਮਿੰਦਰ ਸਿੰਘ ਗੋਲਡੀ ਲੈ ਕੇ ਪਹੁੰਚੇ। ਚੋਣ ਤੋਂ ਪਹਿਲਾਂ ਨਗਰ ਕੌਂਸਲ ਦੇ ਸਾਰੇ 17 ਕੌਂਸਲਰਾਂ ਨੂੰ ਅਹੁਦੇ ਦਾ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ ਗਈ। ਚੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਸਮੁੱਚੇ ਕੌਂਸਲਰ ਅਤੇ ਵਿਧਾਇਕ ਰੰਧਾਵਾ ਇਕ ਨਿੱਜੀ ਮਿੰਨੀ ਬੱਸ ‘ਚ ਇਕੱਠੇ ਪਹੁੰਚੇ, ਜੋ ਕਿ ਲੋਕਾਂ ‘ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਬਾਰੇ ਵਿਧਾਇਕ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਵੀ. ਆਈ. ਪੀ. ਸੱਭਿਆਚਾਰ ਨੂੰ ਛੱਡ ਕੇ ਸਾਦਗੀ ਨਾਲ ਚੋਣ ਪ੍ਰਕਿਰਿਆ ‘ਚ ਹਿੱਸਾ ਲਿਆ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਡੇਰਾਬੱਸੀ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਵੀ ਅਗਲੇ ਹਫ਼ਤੇ ਹਰ ਹਾਲਤ ‘ਚ ਕਰਵਾ ਦਿੱਤੀ ਜਾਵੇਗੀ।
ਪਿਛਲੀ ਖ਼ਬਰ ਸੀ. ਜੀ. ਸੀ. ਯੂਨੀਵਰਸਿਟੀ ਮੁਹਾਲੀ ਨੇ ‘ਉਡਾਣ ਸਕਿੱਲ ਐਂਡ ਇਨੋਵੇਸ਼ਨ ਕੈਂਪ’ ਰਾਹੀਂ ਪੇਂਡੂ ਨੌਜਵਾਨਾਂ ਨੂੰ ਬਣਾਇਆ ਹੁਨਰਮੰ... ਅਗਲੀ ਖ਼ਬਰ ਬਿਜਲੀ ਬੋਰਡ ਅਧਿਕਾਰੀਆਂ ਨੇ ਕਿਸਾਨ ਅਜੈਬ ਸਿੰਘ ਨੂੰ 47 ਦਿਨ ਕੀਤਾ ਖੱਜਲ ਖੁਆਰ-ਭਾਕਿਯੂ ਬਹਿਰਾਮ ਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।