ਚੰਡੀਗੜ੍ਹ, 18 ਜੁਲਾਈ (ਕਪਿਲ ਵਧਵਾ)-ਚੰਡੀਗੜ੍ਹ ਦੇ ਸੈਕਟਰ-10 ਸਥਿਤ ਇਕ ਕੋਠੀ ’ਚ ਘਰੇਲੂ ਕੰਮ ਕਰਦੀ 18 ਸਾਲਾ ਲੜਕੀ ਦੀ ਸ਼ਨੀਵਾਰ ਨੂੰ ਉਸ ਦੇ ਕਮਰੇ ਵਿਚ ਫਾਹੇ ਨਾਲ ਲਟਕਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਕੋਠੀ ਕਿਸੇ ਸੇਵਾ ਮੁਕਤ ਆਈ.ਪੀ.ਐਸ ਅਧਿਕਾਰੀ ਦੀ ਦੱਸੀ ਜਾ ਰਹੀ ਹੈ, ਹਾਲਾਂਕਿ ਉਕਤ ਕੋਠੀ ਬਾਰ ਕੋਈ ਨਾਮ ਵਾਲੀ ਪਲੇਟ ਨਹੀਂ ਲੱਗੀ ਹੋਈ। ਇਸ ਕੋਠੀ ਦੇ ਸਾਹਮਣੇ ਪੰਜਾਬ ਸਰਕਾਰ ਦੀ ਤਰਫ਼ੋਂ ਡੀ.ਏ ਕੇਸ ਲੜ ਰਹੇ ਸੀਨੀਅਰ ਵਕੀਲ ਡੀ.ਐਸ ਪਟਵਾਲੀਆ ਦੀ ਕੋਠੀ-ਕਮ-ਦਫਤਰ ਹੈ। ਮ੍ਰਿਤਕਾ ਦੀ ਪਛਾਣ ਤਾਪਤੀ ਵਜੋਂ ਹੋਈ ਹੈ, ਜੋ ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਦੀ ਰਹਿਣ ਵਾਲੀ ਸੀ ਅਤੇ ਕਰੀਬ ਇਕ ਹਫ਼ਤਾ ਪਹਿਲਾਂ ਹੀ ਕੋਠੀ ਵਿਚ ਕੇਅਰਟੇਕਰ ਵਜੋਂ ਕੰਮ ’ਤੇ ਲੱਗੀ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸੈਕਟਰ-16 ਦੇ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿਖੇ ਰਖਵਾ ਦਿੱਤਾ ਹੈ। ਮ੍ਰਿਤਕਾ ਦੇ ਪਰਿਵਾਰ ਨੇ ਕੋਠੀ ਮਾਲਕ ’ਤੇ ਹੱਤਿਆ ਦਾ ਦੋਸ਼ ਲਗਾਉਂਦਿਆਂ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਰਾਤ ਤਾਪਤੀ ਨੇ ਆਪਣੀ ਭੈਣ ਨੂੰ ਫ਼ੋਨ ਕਰਕੇ ਦੱਸਿਆ ਸੀ ਕਿ ਉਸ ਨੂੰ ਉੱਥੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਉਹ ਕੰਮ ਛੱਡਣਾ ਚਾਹੁੰਦੀ ਹੈ। ਸ਼ਨੀਵਾਰ ਸਵੇਰੇ ਕੋਠੀ ਦੇ ਡਰਾਈਵਰ ਨੇ ਫੋਨ ਕਰਕੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰਨ ਦੀ ਸੂਚਨਾ ਦਿੱਤੀ। ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਦੇ ਮੌਕੇ ’ਤੇ ਪਹੁੰਚਣ ਤੋਂ ਪਹਿਲਾਂ ਹੀ ਲਾਸ਼ ਨੂੰ ਹਸਪਤਾਲ ਭੇਜ ਦਿੱਤਾ ਗਿਆ, ਜਦਕਿ ਉਨ੍ਹਾਂ ਨੇ ਮੌਕੇ ਨੂੰ ਜਿਉਂ ਦਾ ਤਿਉਂ ਰੱਖਣ ਦੀ ਅਪੀਲ ਕੀਤੀ ਸੀ। ਉਨ੍ਹਾਂ ਨੇ ਕੋਠੀ ਮਾਲਕ ਦੇ ਬਿਆਨਾਂ ’ਤੇ ਵੀ ਸ਼ੱਕ ਜਤਾਇਆ ਹੈ। ਉਧਰ, ਕੋਠੀ ਦੀ ਮਾਲਕਣ ਅਮ੍ਰਿਤਾ ਨੇ ਪੁਲਿਸ ਨੂੰ ਦੱਸਿਆ ਕਿ ਤਾਪਤੀ ਉਨ੍ਹਾਂ ਦੀਆਂ ਤਿੰਨ ਸਾਲ ਦੀਆਂ ਜੋੜੀ ਬੱਚੀਆਂ ਦੀ ਦੇਖਭਾਲ ਲਈ ਰੱਖੀ ਗਈ ਸੀ। ਸ਼ਨੀਵਾਰ ਸਵੇਰੇ ਕਮਰੇ ਤੋਂ ਕੋਈ ਜਵਾਬ ਨਾ ਮਿਲਣ ’ਤੇ ਉੱਪਰ ਜਾ ਕੇ ਵੇਖਿਆ ਤਾਂ ਉਸ ਦਾ ਕਮਰਾ ਖੁੱਲਾ ਸੀ ਅਤੇ ਉਹ ਪੱਖੇ ਨਾਲ ਫਾਹੇ ’ਤੇ ਲਟਕ ਰਹੀ ਸੀ, ਜਿਸ ਤੋਂ ਬਾਅਦ ਤੁਰੰਤ 112 ’ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਜਦੋਂ ਇਸ ਮਾਮਲੇ ਸੰਬੰਧੀ ਐਸ.ਡੀ.ਪੀ.ਓ ਕੇਂਦਰੀ ਨਾਲ ਸੰਪਰਕ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਵੀ.ਆਈ.ਪੀ ਡਿਊਟੀ ਤੇ ਹੋਣ ਕਾਰਨ ਮਾਮਲੇ ਦੇ ਤੱਥਾਂ ਤੋਂ ਅਨਜਾਣ ਹੋਣ ਦਾ ਕਿਹਾ। ਥਾਣਾ ਸੈਕਟਰ-3 ਦੇ ਐਸ. ਐੱਚ. ਓ ਨੇ ਫ਼ੋਨ ਨਾ ਚੁੱਕਦਿਆਂ ਮਾਮਲੇ ਦੀ ਗੰਭੀਰਤਾ ਨੂੰ ਅਣਗੌਲਿਆ ਕਰ ਦਿੱਤਾ।