07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

‘ਚੰਡੀਗੜ੍ਹ ਪ੍ਰੈੱਸ ਕਲੱਬ ’ਚ ਹਰਬੰਸ ਸੋਢੀ ਦੀ ਵਾਰਤਕ ਪੁਸਤਕ “ਉਫ਼ ਇਹ ਜ਼ਿੰਦਗੀ’’ ਦਾ ਹੋਇਆ ਲੋਕ ਅਰਪਣ ਸਮਾਰੋਹ

ਅਜੀਤ ਡੈਸਕ 19-07-2026
ਚੰਡੀਗੜ੍ਹ, 18 ਜੁਲਾਈ (ਅਜਾਇਬ ਸਿੰਘ ਔਜਲਾ) - ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵਲੋਂ ਕਰਵਾਏ ਇਕ ਭਰਵੇਂ ਸਮਾਗਮ ਦੌਰਾਨ ਅੱਜ ਚੰਡੀਗੜ੍ਹ ਪੈੱ੍ਰਸ ਕਲੱਬ ਵਿਖੇ ਉੱਘੇ ਲੇਖਕ ਹਰਬੰਸ ਸਿੰਘ ਸੋਢੀ ਦੀ ਵਾਰਤਕ ਪੁਸਤਕ “ਉਫ਼ ਇਹ ਜ਼ਿੰਦਗੀ’’ ( ਪੰਜਾਬੀ ਅਤੇ ਹਿੰਦੀ ) ਦਾ ਲੋਕ ਅਰਪਣ ਸਮਾਰੋਹ ਕਰਵਾਇਆ। ਸਮਾਰੋਹ ਦੀ ਪ੍ਰਧਾਨਗੀ ਪੰਜਾਬੀ ਦੇ ਪ੍ਰਸਿੱਧ ਸ਼੍ਰੋਮਣੀ ਬਾਲ ਸਾਹਿਤਕਾਰ ਮਨਮੋਹਨ ਸਿੰਘ ਦਾਊਂ ਨੇ ਕੀਤੀ ਅਤੇ ਸੁਭਾਸ਼ ਭਾਸਕਰ ( ਜਨਰਲ ਸਕੱਤਰ ਸਾਹਿਤ ਅਕਾਦਮੀ ਚੰਡੀਗੜ੍ਹ ) ਇਸ ਮੌਕੇ ’ਤੇ ਮੁੱਖ ਮਹਿਮਾਨ ਵਜੋਂ ਪੁੱਜੇ । ਸਭਾ ਦੇ ਪ੍ਰਧਾਨ ਦੀਪਕ ਸ਼ਰਮਾਂ ਚਨਾਰਥਲ ਨੇ ਸਵਾਗਤੀ ਸ਼ਬਦ ਬੋਲਦਿਆਂ ਕਿਹਾ ਕਿ ਹਰਬੰਸ ਸੋਢੀ ਕਮਾਲ ਦਾ ਲੇਖਕ ਹੈ ਜੋ ਵੱਡੇ ਤੋਂ ਵੱਡਾ ਕਟਾਕਸ਼ ਵੀ ਸਹਿਜ ਰੂਪ ਵਿਚ ਕਰ ਜਾਂਦਾ ਹੈ । ਉਨ੍ਹਾਂ ਲੇਖਕ ਨੂੰ ਪੁਸਤਕ ਦੀ ਵਧਾਈ ਦਿੱਤੀ ਤੇ ਮਹਿਮਾਨਾਂ ਲਈ ਸੁਆਗਤੀ ਸ਼ਬਦ ਕਹੇ। ਸਕੱਤਰ ਸੁਖਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਇਹ ਪੁਸਤਕ ਪਾਠਕਾਂ ਨੂੰ ਜ਼ਿੰਦਗੀ ਦੀਆਂ ਉਨ੍ਹਾਂ ਤਲਖ਼ ਹਕੀਕਤਾਂ ਤੋਂ ਜਾਣੂੰ ਕਰਵਾਉਂਦੀ ਹੈ ਜੋ ਅਕਸਰ ਸਾਡੀ ਨਜ਼ਰ ਤੋਂ ਓਹਲੇ ਰਹਿ ਜਾਂਦੀਆਂ ਨੇ । ਡਾ. ਅਵਤਾਰ ਸਿੰਘ ਪਤੰਗ ਨੇ ਪਰਚਾ ਪੜ੍ਹਦਿਆਂ ਕਿਹਾ ਕਿ ਕਿਤਾਬ ਦਾ ਥੀਮ ਬਾ ਕਮਾਲ ਹੈ ਤੇ ਇਸ ਦੀ ਤਰਤੀਬ ਵਾਰ ਸਿਰਜਣਾ ਲਈ ਲੇਖਕ ਵਧਾਈ ਦਾ ਪਾਤਰ ਹੈ । ਇਹ ਕਿਤਾਬ ਪਾਠਕ ਨੂੰ ਜ਼ਿੰਦਗੀ ਦੇ ਕੌੜੇ ਅਤੇ ਮਿੱਠੇ ਅਨੁਭਵਾਂ ਦੇ ਰੂਬਰੂ ਕਰਾਉਂਦੀ ਹੈ। ਹਰਬੰਸ ਸੋਢੀ ਦੀ ਹਿੰਦੀ ਵਾਲੀ ਪੁਸਤਕ ਦਾ ਪਰਚਾ ਪੜ੍ਹਦਿਆਂ ਡਾ. ਸੱਤਿਆਪਾਲ ਸਹਿਗਲ ਨੇ ਕਿਹਾ ਇਹ ਕਿਤਾਬ ਸਮਾਜਿਕ ਜੀਵਨ ਦੀਆਂ ਵੱਖ-ਵੱਖ ਪਰਤਾਂ ਨੂੰ ਫਰੋਲਦੀ ਹੋਈ ਸਚਾਈ ਪਾਠਕਾਂ ਦੇ ਸਨਮੁੱਖ ਰੱਖਦੀ ਹੈ । ਮੁੱਖ ਮਹਿਮਾਨ ਵੱਜੋਂ ਬੋਲਦਿਆਂ ਸੁਭਾਸ਼ ਭਾਸਕਰ ਨੇ ਕਿਹਾ ਕਿ ਇਹ ਕਿਤਾਬ ਜ਼ਿੰਦਗੀ ਦੇ ਯਥਾਰਥ ਨੂੰ ਪੇਸ਼ ਕਰਦੀ ਹੈ ਅਤੇ ਇਸ ਦੀ ਵਿਸ਼ੇਸ਼ਤਾ ਇਹ ਹੈ ਕਿ ਤੁਸੀਂ ਇਸ ਨੂੰ ਕਿਤੋਂ ਖੋਲ੍ਹ ਕੇ ਪੜ੍ਹ ਸਕਦੇ ਹੋ ਇਸਦੀ ਰੌਚਿਕਤਾ ਪਾਠਕ ਨੂੰ ਆਪਣੇ ਨਾਲ ਜੋੜੀਂ ਰੱਖਦੀ ਹੈ । ਪ੍ਰਧਾਨਗੀ ਭਾਸ਼ਨ ਰਾਹੀਂ ਬੋਲਦਿਆਂ ਮਨਮੋਹਨ ਸਿੰਘ ਦਾਊਂ ਨੇ ਕਿਹਾ ਕਿ ਕਿਸੇ ਵੀ ਲਿਖਤ ਵਿਚ ਲੇਖਕ ਦੀ ਵੇਦਨਾ ਅਤੇ ਸੰਵੇਦਨਾ ਦਾ ਹੋਣਾ ਜ਼ਰੂਰੀ ਹੈ । ਉਨ੍ਹਾਂ ਕਿਤਾਬ ਬਾਰੇ ਬੋਲਦਿਆਂ ਕਿਹਾ ਕਿ ਅਜੋਕੇ ਸਮੇਂ ਤੇ ਤਬਸਰਾ ਕਰਦੀ ਹੈ ਇਹ ਕਿਤਾਬ । ਇਹ ਕਿਤਾਬ ਪਾਠਕ ਨੂੰ ਬੀਤੇ ਸਮੇਂ ਨਾਲ ਜੋੜਦੀ ਹੋਈ ਵਰਤਮਾਨ ਦੀ ਗੱਲ ਕਰਦਿਆਂ ਭਵਿੱਖ ਬਾਰੇ ਵੀ ਸੁਚੇਤ ਕਰਦੀ ਹੈ । ਉਨ੍ਹਾਂ ਕਿਹਾ ਕਿ ਇਸ ਵਿਚੋਂ ਦਾਰਸ਼ਨਿਕਤਾ ਦੇ ਦਰਸ਼ਨ ਹੁੰਦੇ ਹਨ । ਇਸ ਮੌਕੇ ’ਤੇ ਉੱਘੇ ਲੇਖਕ ਤੇ ਆਲੋਚਕ ਸ਼ੁਭਾਸ ਸ਼ਰਮਾ ਨੇ ਕਿਹਾ ਪੁਸਤਕ ਦੇ ਲੇਖਕ ਹਰਬੰਸ ਸਿੰਘ ਸੋਢੀ ਵਲੋਂ ਕਿਤਾਬ ਦੇ ਜ਼ਰੀਏ ਜ਼ਿੰਦਗੀ ਦੇ ਫ਼ਲਸਫ਼ੇ ਨੂੰ ਵਧੀਆ ਢੰਗ ਨਾਲ ਸਿਰਜਾਂ ਹੈ, ਉੱਥੇ ਉਨ੍ਹਾਂ ਬਲਦੇਵ ਸਿੰਘ ਸਪਤਰਿਸ਼ੀ ਦੀ ਭੂਮਿਕਾ ਦੀ ਚੰਗੀ ਸਰਾਹਨਾ ਕੀਤੀ। ਸਮਾਰੋਹ ਵਿਚ ਸੰਗੀਤਕ ਸੁਰਾਂ ਦੇ ਸੁਮੇਲ ’ਚ ਗਾਇਕ ਨੇਗੀ, ਸਪਨਾ, ਜਸਰੀਤ ਕੌਰ ਆਦਿ ਨੇ ਆਪਣੀਆਂ ਸੁਰੀਲੀਆਂ ਆਵਾਜਾਂ ਰਾਹੀ ਜ਼ਿੰਦਗੀ ਦੀ ਤਰਜਮਾਨੀ ਕਰਦਾ ਗੀਤ ਗਾ ਕੇ ਸੋਹਣਾ ਰੰਗ ਬੰਨਿ੍ਹਆ।
ਇਸ ਸਮਾਰੋਹ ਵਿਚ ਮਨਜੀਤ ਕੌਰ ਮੀਤ, ਸ਼ਾਇਰ ਵਿੰਦਰ ਮਾਝੀ, ਦਲਜੀਤ ਸਿੰਘ ਪਲਸੌਰਾ , ਦਲਜੀਤ ਕੌਰ ਦਾਊਂ , ਡਾ. ਗੁਰਦੇਵ ਸਿੰਘ ਗਿੱਲ , ਹਰਭਜਨ ਕੌਰ ਢਿੱਲੋਂ, ਸ਼ਾਮ ਸਿੰਘ (ਅੰਗ ਸੰਗ), ਕੁਲਦੀਪ ਸਿੰਘ ਗੌਂਸਲ, ਗੁਰਦਰਸ਼ਨ ਸਿੰਘ ਮਾਵੀ , ਜਗਦੀਪ ਕੌਰ ਨੁਰਾਨੀ, ਰਜਿੰਦਰ ਰੇਣੂ, ਨਾਟਕਕਾਰ ਦਵਿੰਦਰ ਦਮਨ,ਜਸਵੰਤ ਦਮਨ ਤੋਂ ਇਲਾਵਾ ਏਜਲ ਕੌਰ, ਆਰ.ਐਸ ਲਬਰੇਟ, ਹਰਜੀਤ ਸਿੰਘ, ਡਾ. ਪੰਨਾ ਲਾਲ ਮੁਸਤਫਾਬਾਦੀ , ਧਿਆਨ ਸਿੰਘ ਕਾਹਲੋਂ, ਅਵਤਾਰ ਸਿੰਘ ਕੰਗ, ਜਸਰੀਤ ਕੌਰ, ਰਮਨਦੀਪ ਕੌਰ ਰਮਣੀਕ, ਚਰਨਜੀਤ ਕੌਰ ਬਾਂਠ, ਸਤਵੀਰ ਕੌਰ ਆਦਿ ਨੇ ਸ਼ਮੂਲੀਅਤ ਕੀਤੀ। ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਸਾਬਕਾ ਪ੍ਰਧਾਨ ਬਲਕਾਰ ਸਿੱਧੂ ਨੇ ਆਏ ਲੇਖਕਾਂ,ਕਵੀਆਂ, ਫ਼ਨਕਾਰਾਂ ਤੇ ਸਰੋਤਿਆਂ ਦਾ ਰਸਮੀ ਧੰਨਵਾਦ ਕੀਤਾ ।
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਦਾ ‘ਬਦਲਾਅ’ ਅਸਲ ’ਚ ਪੰਜਾਬ ਦੇ ਲੋਕਾਂ ਨਾਲ ‘ਬਦਲਾ’ ਸਾਬਿਤ ਹੋਇਆ : ਝਿੰਜਰ ਅਗਲੀ ਖ਼ਬਰ ਧਾਰਾ 138 ਐਨ.ਆਈ. ਐਕਟ ਨਾਲ ਸਬੰਧਿਤ ਕੇਸਾਂ ਲਈ ਵਿਸ਼ੇਸ਼ ਲੋਕ ਅਦਾਲਤ ਲਗਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।