07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਆਮ ਆਦਮੀ ਪਾਰਟੀ ਦਾ ‘ਬਦਲਾਅ’ ਅਸਲ ’ਚ ਪੰਜਾਬ ਦੇ ਲੋਕਾਂ ਨਾਲ ‘ਬਦਲਾ’ ਸਾਬਿਤ ਹੋਇਆ : ਝਿੰਜਰ

ਅਜੀਤ ਡੈਸਕ 19-07-2026
ਖਰੜ, 18 ਜੁਲਾਈ (ਜੰਡਪੁਰੀ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਖਰੜ ਤੋਂ ਇੰਚਾਰਜ ਰਵਿੰਦਰ ਸਿੰਘ ਖੇੜਾ ਵਲੋਂ ਸ਼ੁਰੂ ਕੀਤੇ ਗਏ ‘ਬੋਲੇਗਾ ਖਰੜ, ਬਦਲੇਗਾ ਖਰੜ’ ਪੈਦਲ ਮਾਰਚ ਦੇ ਛੇਵੇਂ ਦਿਨ ਸ਼੍ਰੋਮਣੀ ਅਕਾਲੀ ਦਲ (ਬ) ਦੇ ਯੂਥ ਵਿੰਗ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਵਲੋਂ ਮਾਰਚ ‘ਚ ਉਚੇਚੇ ਤੌਰ ‘ਤੇ ਸ਼ਮੂਲੀਅਤ ਕੀਤੀ ਗਈ ਹੈ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਝਿੰਜਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਵਾਅਦਾ ਕੀਤਾ ਗਿਆ ਸੀ ਕਿ ਵੱਧ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ, ਪਰ 15 ਸਾਲਾਂ ਦੀ ਸੇਵਾ ਦੇ ਬਾਵਜੂਦ 2,100 ਮਗਨਰੇਗਾ ਕਰਮਚਾਰੀਆਂ ਨੂੰ 10 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ, ਜਿਨ੍ਹਾਂ ਨੂੰ ਖੰਨਾ ਵਿਖੇ ਆਪਣੇ ਬਕਾਏ ਮੰਗਣ ਦੌਰਾਨ ਲਾਠੀਚਾਰਜ ਅਤੇ ਹੰਝੂ ਗੈਸ ਦਾ ਸਾਹਮਣਾ ਕਰਨਾ ਪਿਆ। ਇਥੇ ਹੀ ਬਸ ਨਹੀਂ ਜੇਕਰ ਉਹ ਸੋਮਵਾਰ ਤੱਕ ਕੰਮ ‘ਤੇ ਵਾਪਸ ਨਹੀਂ ਪਰਤਦੇ ਤਾਂ ਉਨ੍ਹਾਂ ਦੀ ਨੌਕਰੀ ਨੂੰ ਵੀ ਖ਼ਤਰਾ ਪੈਦਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤਾਂ ‘ਚ ਆਮ ਆਦਮੀ ਪਾਰਟੀ ਦਾ ‘ਬਦਲਾਅ’ ਅਸਲ ‘ਚ ਪੰਜਾਬ ਦੇ ਲੋਕਾਂ ਨਾਲ ‘ਬਦਲਾ’ ਸਾਬਿਤ ਹੋ ਰਿਹਾ ਹੈ। ਇਸੇ ਝਿੰਜਰ ਨੇ ਰਵਿੰਦਰ ਸਿੰਘ ਖੇੜਾ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਮਾਰਚ ਖਰੜ ਦੇ ਲੋਕਾਂ ਦੀ ਸਾਂਝੀ ਲੜਾਈ ਨੂੰ ਦਰਸਾਉਂਦਾ ਹੈ, ਅਤੇ ਸ਼੍ਰੋਮਣੀ ਅਕਾਲੀ ਦਲ (ਬ) ਉਨ੍ਹਾਂ ਦੀਆਂ ਮੰਗਾਂ ਪੂਰੀਆਂ ਹੋਣ ਤੱਕ ਲੋਕਾਂ ਦੇ ਨਾਲ ਖੜ੍ਹਾ ਰਹੇਗਾ। ਇਸ ਮੌਕੇ ਰਵਿੰਦਰ ਸਿੰਘ ਖੇੜਾ ਨੇ ਕਿਹਾ ਕਿ ਸ਼ਹਿਰ ਦੇ ਵਸਨੀਕਾਂ ਨੇ ਉਨ੍ਹਾਂ ਨੂੰ ਜਾਣੂ ਕਰਵਾਇਆ ਹੈ ਕਿ ਪੀਣ ਵਾਲੇ ਪਾਣੀ ਦੀ ਪਾਈਪ ਲਾਈਨ ‘ਚ ਲੀਕੇਜ਼ ਹੋਣ ਕਾਰਨ ਸੀਵਰੇਜ ਦਾ ਗੰਦਾ ਪਾਣੀ ਉਨ੍ਹਾਂ ਦੇ ਘਰਾਂ ਤੱਕ ਪਹੁੰਚ ਰਿਹਾ ਹੈ, ਜਿਸ ਨਾਲ ਪੂਰੀ ਗਲੀ ਲੋਕਾਂ ਲਈ ਨਰਕ ਬਣ ਚੁੱਕੀ ਸੀ, ਪਰ ਸਰਕਾਰ ਤੇ ਸਥਾਨਕ ਪ੍ਰਸ਼ਾਸਨ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਖੇੜਾ ਨੇ ਕਿਹਾ ਕਿ ਪਿੰਡ ਝੁੱਗੀਆਂ ‘ਚ 12 ਏਕੜ ਰਕਬੇ ‘ਤੇ ਬਣਨ ਵਾਲਾ ਕਮਿਊਨਿਟੀ ਸੈਂਟਰ ਹੁਣ ਪ੍ਰਸ਼ਾਸਨਿਕ ਲਾਪ੍ਰਵਾਹੀ ਕਾਰਨ ਖੰਡਰ ਬਣ ਚੁੱਕਾ ਹੈ। ਇਸ ਸੰਬੰਧੀ ਭਾਵੇਂ ਸਮੇਂ-ਸਮੇਂ ਤੇ ਲੋਕਾਂ ਨੇ ਆਵਾਜ਼ ਉਠਾਈ ਸੀ, ਪਰ ਪਰਨਾਲਾ ਉਥੇ ਦਾ ਉਥੇ ਹੈ। ਉਨ੍ਹਾਂ ਕਿਹਾ ਕਿ ਜਿਥੇ ਪਿੰਡ ਝੂੰਗੀਆਂ-ਜੰਡਪੁਰ ਅਤੇ ਦੇਸੂਮਾਜਰਾ-ਜੰਡਪੁਰ ਸੜਕਾਂ ਦਾ ਮਾੜਾ ਹਾਲ ਹੈ, ਉਥੇ ਹੀ ਖੇਤਰ ਦੀਆਂ ਬਾਕੀ ਸੜਕਾਂ ਦੀ ਹਾਲਤ ਵੀ ਕਾਫ਼ੀ ਖ਼ਸਤਾ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਮਾਨ ਸਰਕਾਰ ਵਲੋਂ ਖਰੜ ‘ਚ ਕਰੋੜਾਂ ਰੁ. ਖ਼ਰਚਣ ਦੇ ਦਾਅਵੇ ਕਰਨ ਦੇ ਬਾਵਜੂਦ ਵੀ ਸ਼ਹਿਰ ‘ਚ ਕਿਧਰੇ ਵੀ ਵਿਕਾਸ ਹੋਇਆ ਨਜ਼ਰ ਨਹੀਂ ਆ ਰਿਹਾ ਹੈ, ਜਿਸ ਕਰਕੇ ਲੋਕ ਅੱਜ ਵਿਕਾਸ ਨੂੰ ਤਰਸ ਰਹੇ ਹਨ। ਇਸ ਮੌਕੇ ਬਲਵਿੰਦਰ ਸਿੰਘ ਪਟਵਾਰੀ ਬਲਾਕ ਪ੍ਰਧਾਨ ਖਰੜ, ਅਮਰਜੀਤ ਸਿੰਘ ਮਿੰਟਾ ਖਾਨਪੁਰ, ਬਲਕਾਰ ਸਿੰਘ ਬੱਬੂ ਤੇ ਜੱਸਾ ਮੁੰਡੀ ਖਰੜ ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਹੋਰ ਆਗੂ ਤੇ ਵਰਕਰ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਅੰਬਾਲਾ ਕੈਂਟ ’ਚ ਫਲੈਟ, ਪਲਾਟ, ਜਾਂ ਸੁਤੰਤਰ ਘਰ ਖਰੀਦਣ ਦਾ ਸਹੀ ਸਮਾਂ ਅਗਲੀ ਖ਼ਬਰ ‘ਚੰਡੀਗੜ੍ਹ ਪ੍ਰੈੱਸ ਕਲੱਬ ’ਚ ਹਰਬੰਸ ਸੋਢੀ ਦੀ ਵਾਰਤਕ ਪੁਸਤਕ “ਉਫ਼ ਇਹ ਜ਼ਿੰਦਗੀ’’ ਦਾ ਹੋਇਆ ਲੋਕ ਅਰਪਣ ਸਮਾਰੋਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।