ਡੇਰਾਬੱਸੀ, 18 ਜੁਲਾਈ (ਗੁਰਮੀਤ ਸਿੰਘ/ ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਦੀ ਕਾਲਜ ਕਾਲੋਨੀ ‘ਚ ਪਿਛਲੇ 4 ਦਿਨਾਂ ਤੋਂ ਬਿਜਲੀ ਅਤੇ ਪਾਣੀ ਦੀ ਸਪਲਾਈ ਠੱਪ ਹੋਣ ਕਾਰਨ ਸੈਂਕੜੇ ਪਰਿਵਾਰ ਸੜਕਾਂ ‘ਤੇ ਉਤਰ ਆਏ। ਇਸ ਮਸਲੇ ਬਾਬਤ ਲਗਾਤਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਕੋਈ ਹੱਲ ਨਾ ਨਿਕਲਣ ‘ਤੇ ਰੋਸ ਵਜੋਂ ਲੋਕਾਂ ਨੇ ਸੜਕ ਜਾਮ ਕਰਕੇ ਧਰਨਾ ਲਗਾ ਦਿੱਤਾ। ਇਸ ਮੌਕੇ ਧਰਨਾਕਾਰੀਆਂ ਨੇ ਬਿਜਲੀ ਵਿਭਾਗ, ਪੰਜਾਬ ਸਰਕਾਰ, ਵਾਰਡ ਕੌਂਸਲਰ ਅਤੇ ਸਥਾਨਕ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਹਾਲਾਤ ਤਣਾਅਪੂਰਨ ਹੁੰਦੇ ਦੇਖ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ। ਧਰਨੇ ‘ਤੇ ਬੈਠੀਆਂ ਔਰਤਾਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਇਲਾਕੇ ‘ਚ ਸਮਰੱਥਾ ਅਨੁਸਾਰ ਵੱਡਾ ਟਰਾਂਸਫਾਰਮਰ ਨਹੀਂ ਲਗਾਇਆ ਜਾਂਦਾ, ਉਹ ਆਪਣਾ ਧਰਨਾ ਜਾਰੀ ਰੱਖਣਗੀਆਂ। ਕੜਕਦੀ ਧੁੱਪ ‘ਚ ਬੈਠੀਆਂ ਔਰਤਾਂ ਨੇ ਕਿਹਾ ਕਿ ਜਦੋਂ ਘਰਾਂ ‘ਚ ਬਿਜਲੀ ਨਾ ਹੋਣ ਕਾਰਨ ਗਰਮੀ ‘ਚ ਹੀ ਬੈਠਣਾ ਪੈ ਰਿਹਾ ਹੈ ਤਾਂ ਉਹ ਆਪਣੀ ਆਵਾਜ਼ ਸਰਕਾਰ ਅਤੇ ਪ੍ਰਸ਼ਾਸਨ ਤੱਕ ਪਹੁੰਚਾਉਣ ਲਈ ਸੜਕ ‘ਤੇ ਹੀ ਬੈਠਣਗੀਆਂ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਗਾਇਆ ਕਿ ਬਿਜਲੀ ਵਿਭਾਗ ਦੇ ਕਰਮਚਾਰੀ ਅਕਸਰ ਖ਼ਰਾਬ ਰਹਿਣ ਵਾਲੇ ਟਰਾਂਸਫਾਰਮਰ ਦੀ ਮੁਰੰਮਤ ਕਰਕੇ ਚਲੇ ਜਾਂਦੇ ਹਨ, ਜੋ ਕਿ ਕੁਝ ਸਮੇਂ ਬਾਅਦ ਮੁੜ ਸੜ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੇ ਵਧ ਰਹੇ ਬਿਜਲੀ ਲੋਡ ਦੇ ਮੁਤਾਬਿਕ ਵੱਡਾ ਟਰਾਂਸਫਾਰਮਰ ਨਹੀਂ ਲਗਾਇਆ ਜਾ ਰਿਹਾ, ਜਿਸ ਕਾਰਨ ਇਹ ਸਮੱਸਿਆ ਪੈਦਾ ਹੋਈ ਹੈ। ਧਰਨਾਕਾਰੀਆਂ ਨੇ ਕਿਹਾ ਕਿ ਬਿਜਲੀ ਠੱਪ ਹੋਣ ਕਾਰਨ ਪਾਣੀ ਦੀ ਸਪਲਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ ਅਤੇ ਅੱਤ ਦੀ ਗਰਮੀ ‘ਚ ਬਿਨਾਂ ਪਾਣੀ ਤੋਂ ਗੁਜਾਰਾ ਕਰਨਾ ਔਖਾ ਹੋਇਆ ਪਿਆ ਹੈ, ਜਦਕਿ ਲੋਕਾਂ ਦੀ ਸੁਣਵਾਈ ਕਰਨ ਵਾਲੇ ਖ਼ੁਦ ਏ. ਸੀ. ਲਗਾ ਕੇ ਦਫ਼ਤਰਾਂ ਵਿਚ ਆਰਾਮ ਨਾਲ ਬੈਠੇ ਹੈ। ਉਨ੍ਹਾਂ ਕਿਹਾ ਕਿ ਘਰਾਂ ‘ਚ ਨਾ ਤਾਂ ਪੀਣ ਲਈ ਪਾਣੀ ਹੈ ਅਤੇ ਨਾ ਹੀ ਬਿਜਲੀ ਹੈ, ਜਿਸ ਕਾਰਨ ਲੋਕ ਛੋਟੇ-ਛੋਟੇ ਬੱਚਿਆਂ ਨਾਲ ਕਾਰਾਂ ‘ਚ ਰਾਤਾ ਗੁਜ਼ਾਰਨ ਲਈ ਮਜ਼ਬੂਰ ਹਨ। ਉਨ੍ਹਾਂ ਦੱਸਿਆ ਕਿ ਉਹ ਬਿਜਲੀ ਵਿਭਾਗ, ਨਗਰ ਕੌਂਸਲ ਅਤੇ ਹੋਰ ਸੰਬੰਧਿਤ ਅਧਿਕਾਰੀਆਂ ਨੂੰ ਕਈ ਵਾਰ ਲਿਖਤੀ ਸ਼ਿਕਾਇਤਾਂ ਦੇ ਚੁੱਕੇ ਹਨ, ਪਰ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਹੋਈ। ਉਨ੍ਹਾਂ ਵਾਰਡ ਦੇ ਕੌਂਸਲਰ ਭੁਪਿੰਦਰ ਸ਼ਰਮਾ ‘ਤੇ ਵੀ ਸੁਣਵਾਈ ਨਾ ਕਰਨ ਦਾ ਦੋਸ਼ ਲਗਾਇਆ। ਇਸੇ ਦੌਰਾਨ ਭਾਜਪਾ ਆਗੂ ਗੁਰਦਰਸ਼ਨ ਸਿੰਘ ਸੈਣੀ ਵੀ ਧਰਨੇ ਵਾਲੀ ਥਾਂ ‘ਤੇ ਪਹੁੰਚ ਗਏ, ਜਿਨ੍ਹਾਂ ਧਰਨਾਕਾਰੀਆਂ ਨੂੰ ਆਪਣਾ ਸਮਰਥਨ ਦਿੰਦਿਆਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਲੋਕਾਂ ਦੀ ਸਮੱਸਿਆ ਨੂੰ ਤੁਰੰਤ ਹੱਲ ਕਰਨ ਦੀ ਮੰਗ ਕੀਤੀ।