ਮੁੱਲਾਂਪੁਰ ਗਰੀਬਦਾਸ, 18 ਜੁਲਾਈ (ਦਿਲਬਰ ਸਿੰਘ ਖੈਰਪੁਰ)-ਪਿੰਡ ਸੈਣੀਮਾਜਰਾ ਦੇ ਇਕ ਨੌਜਵਾਨ ਨੂੰ ਅਵਾਰਾ ਸਾਨ੍ਹ ਵਲੋਂ ਹਮਲਾ ਕਰਕੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਗਿਆ ਸੀ। ਹਾਦਸੇ ਮੌਕੇ ਹਾਜ਼ਰ ਲੋਕਾਂ ਵਲੋਂ ਨੌਜਵਾਨ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਸੀ, ਪਰ ਉਥੇ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਮੌਤ ਦੇ ਮੂੰਹ ਜਾ ਪਿਆ। ਹਾਸਿਲ ਜਾਣਕਾਰੀ ਅਨੁਸਾਰ ਇਹ ਹਾਦਸਾ ਰਾਣੀਮਾਜਰਾ ਵਿਖੇ ਉਮੈਕਸ ਚੌਕ ਵਿਖੇ ਵਾਪਰਿਆ ਸੀ, ਜਿਥੇ ਕਿ ਦੋ ਅਵਾਰਾ ਸਾਨ੍ਹ ਆਪਸ ਵਿਚ ਲੜ ਰਹੇ ਸਨ। ਇਸੇ ਦੌਰਾਨ ਨਰਿੰਦਰ ਸਿੰਘ (42) ਜਿਵੇਂ ਹੀ ਉਨ੍ਹਾਂ ਦੇ ਕੋਲੋਂ ਲੰਘਿਆ ਤਾਂ ਇਕ ਅਵਾਰਾ ਸਾਨ੍ਹ ਵਲੋਂ ਉਸ ‘ਤੇ ਹਮਲਾ ਕਰ ਦਿੱਤਾ ਗਿਆ। ਗੰਭੀਰ ਰੂਪ ਵਿਚ ਜਖ਼ਮੀ ਹੋਏ ਨੌਜਵਾਨ ਨੇ ਹਸਪਤਾਲ ਵਿਖੇ ਜ਼ੇਰੇ ਇਲਾਜ਼ ਆਖ਼ਰੀ ਸਾਹ ਲਏ। ਮ੍ਰਿਤਕ ਦੇ ਪਰਿਵਾਰ ਦਾ ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। ਨੌਜਵਾਨ ਕਿੱਤੇ ਵਜੋਂ ਕਾਰ ਮਕੈਨਿਕ ਸੀ, ਜੋ ਕਿ ਕਿਸੇ ਦੀ ਗੱਡੀ ਦੀ ਮੁਰੰਮਤ ਕਰਨ ਲਈ ਆਪਣੀ ਦੁਕਾਨ ਤੋਂ ਇਸ ਪਾਸੇ ਆਇਆ ਸੀ ਕਿ ਅਚਾਨਕ ਸਾਨ੍ਹ ਦੇ ਹਮਲੇ ਦਾ ਸ਼ਿਕਾਰ ਹੋ ਗਿਆ। ਮੌਕੇ ‘ਤੇ ਹਾਜ਼ਰ ਸਰਪੰਚ ਜੁਝਾਰ ਸਿੰਘ ਸਮੇਤ ਹੋਰਨਾਂ ਪਿੰਡ ਵਾਸੀਆਂ ਨੇ ਇਸ ਹਾਦਸੇ ‘ਤੇ ਡੂੰਘਾ ਦੁੱਖ ਜ਼ਾਹਿਰ ਕਰਦਿਆਂ ਦੱਸਿਆ ਕਿ ਮ੍ਰਿਤਕ ਨਰਿੰਦਰ ਸਿੰਘ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਤੇ ਉਸ ਦਾ ਪਰਿਵਾਰ ਬਹੁਤ ਹੀ ਗ਼ਰੀਬ ਹੈ। ਉਹ ਆਪਣੇ ਪਿੱਛੇ ਪਤਨੀ ਤੇ ਇਕ ਬੱਚਾ ਛੱਡ ਗਿਆ ਹੈ, ਜਦਕਿ ਉਸ ਦੇ ਮਾਪੇ ਕੁਝ ਕੁ ਸਾਲ ਪਹਿਲਾਂ ਇਸ ਦੁਨੀਆਂ ਤੋਂ ਤੁਰ ਗਏ ਸਨ। ਇਸ ਸਾਲ ਪਰਿਵਾਰ ‘ਚ ਇਹ ਦਰਦਨਾਕ ਭਰੀ ਤੀਜੀ ਮੌਤ ਹੈ। ਇਸ ਘਟਨਾ ਕਾਰਨ ਪਿੰਡ ਤੇ ਇਲਾਕੇ ‘ਚ ਸੋਗ ਦਾ ਮਾਹੌਲ ਹੈ। ਪਿੰਡ ਵਾਸੀਆਂ ਨੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮ੍ਰਿਤਕ ਦੀ ਪਤਨੀ ਨੂੰ ਨੌਕਰੀ ਦਿੱਤੀ ਜਾਵੇ ਤਾਂ ਜੋ ਪਰਿਵਾਰ ਦਾ ਗੁਜਾਰਾ ਚੱਲ ਸਕੇ। ਉਨ੍ਹਾਂ ਦੱਸਿਆ ਕਿ ਪਿੰਡ ਸੈਣੀਮਾਜਰਾ ਵਿਖੇ ਪਹਿਲਾਂ ਵੀ ਇਕ ਵਿਅਕਤੀ ਦੀ ਅਵਾਰਾ ਪਸ਼ੂਆਂ ਕਾਰਨ ਮੌਤ ਹੋ ਚੁੱਕੀ ਹੈ। ਇਸੇ ਦੌਰਾਨ ਲੋਕਾਂ ਨੇ ਸਥਾਨਕ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸੜਕਾਂ ‘ਤੇ ਘੁੰਮ ਰਹੇ ਅਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਸਖ਼ਤ ਕਦਮ ਚੁੱਕੇ ਜਾਣ ਤਾਂ ਜੋ ਕੋਈ ਹੋਰ ਕੀਮਤੀ ਜਾਨ ਅਜਾਈ ਨਾ ਜਾ ਸਕੇ।