ਡੇਰਾਬੱਸੀ, 18 ਜੁਲਾਈ (ਗੁਰਮੀਤ ਸਿੰਘ)-ਅੱਤ ਦੀ ਗਰਮੀ ਦੇ ਇਸ ਮੌਸਮ ‘ਚ ਡੇਰਾਬੱਸੀ ਦੇ ਕਈ ਇਲਾਕਿਆਂ ‘ਚ ਲੰਬੇ ਸਮੇਂ ਤੱਕ ਬਿਜਲੀ ਸਪਲਾਈ ਪ੍ਰਭਾਵਿਤ ਰਹਿਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਿਜਲੀ ਨਾ ਹੋਣ ਕਾਰਨ ਪਾਣੀ ਦੀ ਸਪਲਾਈ ਵੀ ਠੱਪ ਹੋ ਗਈ ਹੈ, ਜਿਸ ਨਾਲ ਬੱਚਿਆਂ, ਬਜ਼ੁਰਗਾਂ ਅਤੇ ਮਰੀਜ਼ਾਂ ਨੂੰ ਸਭ ਤੋਂ ਵੱਧ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਬਿਜਲੀ ਵਿਭਾਗ ਨਾ ਤਾਂ ਲਗਾਤਾਰ ਸਪਲਾਈ ਯਕੀਨੀ ਬਣਾ ਸਕਿਆ ਹੈ ਅਤੇ ਨਾ ਹੀ ਲੋਕਾਂ ਦੀਆਂ ਸ਼ਿਕਾਇਤਾਂ ਦਾ ਸਮੇਂ ਸਿਰ ਨਿਪਟਾਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਫ਼ੋਨ ਕਰਨ ਦੇ ਬਾਵਜੂਦ ਵੀ ਬਿਜਲੀ ਵਿਭਾਗ ਦੇ ਅਧਿਕਾਰੀ ਫ਼ੋਨ ਨਹੀਂ ਚੁੱਕਦੇ, ਜਿਸ ਕਾਰਨ ਉਨ੍ਹਾਂ ਨੂੰ ਬਿਜਲੀ ਸਪਲਾਈ ਸੰਬੰਧੀ ਕੋਈ ਜਾਣਕਾਰੀ ਨਹੀਂ ਮਿਲ ਰਹੀ। ਬਰਵਾਲਾ ਚੌਕ ਸਥਿਤ ਬਿਜਲੀ ਸ਼ਿਕਾਇਤ ਕੇਂਦਰ ‘ਤੇ ਵੀ ਅੱਧੀ ਰਾਤ ਨੂੰ ਕਈ ਲੋਕ ਸ਼ਿਕਾਇਤ ਦਰਜ ਕਰਵਾਉਣ ਲਈ ਪਹੁੰਚੇ ਸਨ, ਪਰ ਦਫ਼ਤਰ ਨੂੰ ਤਾਲਾ ਲੱਗਾ ਮਿਲਿਆ। ਲੋਕ ਕਈ ਘੰਟੇ ਬਾਹਰ ਖੜ੍ਹੇ ਰਹੇ, ਪਰ ਉਨ੍ਹਾਂ ਦੀ ਗੱਲ ਸੁਣਨ ਲਈ ਕੋਈ ਕਰਮਚਾਰੀ ਨਹੀਂ ਆਇਆ। ਇਸ ਕਾਰਨ ਲੋਕਾਂ ‘ਚ ਵਿਭਾਗ ਪ੍ਰਤੀ ਨਾਰਾਜ਼ਗੀ ਹੋਰ ਵਧ ਗਈ ਹੈ। ਸ਼ਿਕਾਇਤ ਕੇਂਦਰ ਬਾਹਰ ਲਿਖੇ ਨੰਬਰ ਸਮੇਤ ਐੱਸ. ਡੀ. ਓ. ਅਤੇ ਹੋਰਨਾਂ ਅਧਿਕਾਰੀਆਂ ਦੇ ਫ਼ੋਨ ਨੰਬਰਾਂ ‘ਤੇ ਸੰਪਰਕ ਕਰਨ ਦੇ ਬਾਵਜੂਦ ਵੀ ਕਿਸੇ ਨੇ ਫ਼ੋਨ ਨਹੀਂ ਚੁੱਕਿਆ। ਉਧਰ ਦੂਜੇ ਪਾਸੇ ਇਸ ਮਾਮਲੇ ਸੰਬੰਧੀ ਸੰਪਰਕ ਕਰਨ ‘ਤੇ ਬਿਜਲੀ ਵਿਭਾਗ ਦੇ ਐਸ. ਡੀ. ਓ. ਗੁਰਜਿੰਦਰ ਸਿੰਘ ਨੇ ਕਿਹਾ ਕਿ ਪਿਛੋਂ ਲੱਗਦੇ ਬਿਜਲੀ ਦੇ ਕੱਟਾਂ ਦੇ ਪ੍ਰਭਾਵ ਕਾਰਨ ਅੱਗੇ ਵੀ ਲੋਡ ਪ੍ਰਬੰਧਨ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਘੱਟ ਬਾਰਿਸ਼ ਹੋਣ ਕਾਰਨ ਬਿਜਲੀ ਉਤਪਾਦਨ ਵੀ ਪ੍ਰਭਾਵਿਤ ਹੋਇਆ ਹੈ, ਜਿਸ ਦਾ ਅਸਰ ਸਪਲਾਈ ‘ਤੇ ਪੈ ਰਿਹਾ ਹੈ। ਕਰਮਚਾਰੀਆਂ ਦੀ ਘਾਟ ਬਾਰੇ ਪੁੱਛੇ ਜਾਣ ‘ਤੇ ਐੱਸ. ਡੀ. ਓ. ਨੇ ਦੱਸਿਆ ਕਿ ਇਕ ਸਮੇਂ ਵੱਖ-ਵੱਖ ਖੇਤਰਾਂ ‘ਚ ਸਿਰਫ਼ ਤਿੰਨ ਜਾਂ ਚਾਰ ਮੁਲਾਜ਼ਮ ਹੀ ਡਿਊਟੀ ‘ਤੇ ਹੁੰਦੇ ਹਨ, ਜੋ ਕਿ ਰਾਤ ਭਰ ਫਾਲਟ ਠੀਕ ਕਰਨ ‘ਚ ਲੱਗੇ ਰਹਿੰਦੇ ਹਨ। ਉਨ੍ਹਾਂ ਮੰਨਿਆ ਕਿ ਕਰਮਚਾਰੀਆਂ ਦੀ ਕਮੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਹੈ, ਪਰ ਇਸ ਦੇ ਬਾਵਜੂਦ ਵਿਭਾਗ 24 ਘੰਟੇ ਲੋਕਾਂ ਦੀ ਸੇਵਾ ਲਈ ਯਤਨਸ਼ੀਲ ਹੈ। ਲਗਾਤਾਰ ਬਿਜਲੀ ਅਤੇ ਪਾਣੀ ਦੀ ਸਮੱਸਿਆ ਕਾਰਨ ਲੋਕਾਂ ਨੇ ਵਿਭਾਗ ਤੋਂ ਤੁਰੰਤ ਪ੍ਰਬੰਧ ਸੁਧਾਰਨ, ਸ਼ਿਕਾਇਤ ਕੇਂਦਰਾਂ ਨੂੰ ਹਰ ਸਮੇਂ ਕਾਰਗਰ ਰੱਖਣ ਅਤੇ ਲੋੜੀਂਦੇ ਸਟਾਫ਼ ਦੀ ਨਿਯੁਕਤੀ ਕਰਨ ਦੀ ਮੰਗ ਕੀਤੀ ਹੈ।