ਚੰਡੀਗੜ੍ਹ, 18 ਜੁਲਾਈ (ਵਿਕਰਮਜੀਤ ਸਿੰਘ ਮਾਨ)- ਕਾਂਗਰਸ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਸ਼ਰਾਬ ਕਾਰੋਬਾਰੀ ਸ਼ਿਵ ਲਾਲ ਡੋਡਾ ਦੇ ਪਰਿਵਾਰ ਦੀ ਮੈਂਬਰ ਡਾ. ਸੁਹਾਨੀ ਡੋਡਾ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਆਮ ਆਦਮੀ ਪਾਰਟੀ ਵਿਚ ਸ਼ਾਮਲ ਕਰਵਾਉਣ ’ਤੇ ਆਮ ਆਦਮੀ ਪਾਰਟੀ ਨੂੰ ਘੇਰਿਆ ਹੈ। ਉਨ੍ਹਾਂ ਆਮ ਆਦਮੀ ਪਾਰਟੀ ’ਤੇ ਆਪਣੇ ਹੀ ਸਿਧਾਂਤਾਂ ਨਾਲ ਸਮਝੌਤਾ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਸੱਤਾ ਦੀ ਰਾਜਨੀਤੀ ਨੇ ਪਾਰਟੀ ਦੀ ਕਥਨੀ ਅਤੇ ਕਰਨੀ ਵਿਚਲਾ ਫ਼ਰਕ ਪੂਰੀ ਤਰ੍ਹਾਂ ਬੇਨਕਾਬ ਕਰ ਦਿੱਤਾ ਹੈ। ਧਾਲੀਵਾਲ ਨੇ ਕਿਹਾ ਕਿ 18 ਦਸੰਬਰ 2018 ਨੂੰ ਆਮ ਆਦਮੀ ਪਾਰਟੀ ਨੇ ਦਲਿਤ ਨੌਜਵਾਨ ਭੀਮ ਟੋਂਕ ਕਤਲ ਕਾਂਡ ਨੂੰ ਲੈ ਕੇ ਵੱਡੇ ਪੱਧਰ ’ਤੇ ਅੰਦੋਲਨ ਕੀਤੇ ਸਨ। ਪਾਰਟੀ ਆਗੂਆਂ ਨੇ ਕੈਂਡਲ ਮਾਰਚ ਕੱਢੇ, ਰੋਸ ਪ੍ਰਦਰਸ਼ਨ ਕੀਤੇ ਅਤੇ ਉਸ ਸਮੇਂ ਦੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖ਼ੁਦ ਅਬੋਹਰ ਪਹੁੰਚ ਕੇ ਪੀੜਤ ਪਰਿਵਾਰ ਦੇ ਨਾਲ ਖੜ੍ਹਨ ਦਾ ਦਾਅਵਾ ਕੀਤਾ ਸੀ। ਉਸ ਵੇਲੇ ਪਾਰਟੀ ਦੇ ਸੀਨੀਅਰ ਆਗੂ ਹਰਜੋਤ ਸਿੰਘ ਬੈਂਸ ਨੇ ਵੀ ਸਰਵਜਨਕ ਤੌਰ ’ਤੇ ਕਿਹਾ ਸੀ ਕਿ ਭੀਮ ਟੋਂਕ ਨੂੰ ਇਨਸਾਫ਼ ਨਹੀਂ ਮਿਲ ਰਿਹਾ ਅਤੇ ਅੱਜ ਉਹੀ ਆਮ ਆਦਮੀ ਪਾਰਟੀ ਆਪਣੇ ਪੁਰਾਣੇ ਸਟੈਂਡ ਤੋਂ ਪੂਰੀ ਤਰ੍ਹਾਂ ਪਿੱਛੇ ਹਟ ਚੁੱਕੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸ਼ਰਾਬ ਕਾਰੋਬਾਰੀ ਸ਼ਿਵ ਲਾਲ ਡੋਡਾ ਦੇ ਪਰਿਵਾਰ ਦੀ ਮੈਂਬਰ ਡਾ. ਸੁਹਾਨੀ ਡੋਡਾ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਆਮ ਆਦਮੀ ਪਾਰਟੀ ਵਿਚ ਸ਼ਾਮਲ ਕਰਵਾਇਆ ਗਿਆ ਹੈ। ਇਹ ਉਹੀ ਪਰਿਵਾਰ ਹੈ, ਜਿਸ ਦੇ ਰਾਮਸਰਾ ਸਥਿਤ ਫਾਰਮ ਹਾਊਸ ਵਿਚ ਭੀਮ ਟੋਂਕ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ।