07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਕੁੰਭੜਾ ਲਾਈਟ ਪੁਆਇੰਟ ਨੇੜੇ ਥਾਰ ਤੇ ਮੋਟਰਸਾਈਕਲ ਵਿਚਕਾਰ ਵਾਪਰੇ ਹਾਦਸੇ ਦੌਰਾਨ ਦੋ ਨੌਜਵਾਨ ਜ਼ਖ਼ਮੀ

ਅਜੀਤ ਡੈਸਕ 19-07-2026
ਐੱਸ. ਏ. ਐੱਸ. ਨਗਰ, 18 ਜੁਲਾਈ (ਕਪਿਲ ਵਧਵਾ)-ਕੁੰਭੜਾ ਲਾਈਟ ਪੁਆਇੰਟ ਨੇੜੇ ਸ਼ੁੱਕਰਵਾਰ ਦੇਰ ਰਾਤ ਇਕ ਤੇਜ਼ ਰਫ਼ਤਾਰ ਥਾਰ ਅਤੇ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਵਿਚਕਾਰ ਭਿਆਨਕ ਟੱਕਰ ਹੋ ਗਈ। ਹਾਦਸੇ ਤੋਂ ਬਾਅਦ ਥਾਰ ਚਾਲਕ ਵਾਹਨ ਤੋਂ ਕੰਟਰੋਲ ਖੋ ਬੈਠਾ, ਜਿਸ ਕਾਰਨ ਥਾਰ ਡਿਵਾਈਡਰ ‘ਤੇ ਚੜ੍ਹ ਕੇ ਸੜਕ ਕਿਨਾਰੇ ਲੱਗੇ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ। ਹਾਦਸੇ ਵਿਚ ਮੋਟਰਸਾਈਕਲ ਸਵਾਰ ਦੋਵੇਂ ਨੌਜਵਾਨ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਦੀ ਪਛਾਣ ਪਿੰਡ ਸੋਹਾਣਾ ਦੇ ਰਹਿਣ ਵਾਲੇ ਰਣਜੀਤ ਸਿੰਘ (25) ਅਤੇ ਫ਼ਰੀਦਕੋਟ ਦੇ ਵਸਨੀਕ ਤਰਨਵੀਰ ਸਿੰਘ (26), ਜੋ ਕਿ ਇਸ ਸਮੇਂ ਮੁਹਾਲੀ ਵਿਚ ਇਕ ਪੀ. ਜੀ. ‘ਚ ਰਹਿ ਰਿਹਾ ਹੈ, ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਣਜੀਤ ਸਿੰਘ ਨੂੰ ਫੇਜ਼-9 ਦੇ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ, ਜਦਕਿ ਤਰਨਵੀਰ ਸਿੰਘ ਨੂੰ 1.45 ਵਜੇ ਫੇਜ਼-6 ਦੇ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਜਿਥੇ ਕਿ ਉਸ ਦ ਇਲਾਜ ਚੱਲ ਰਿਹਾ ਹੈ। ਹਾਦਸੇ ਵਿਚ ਥਾਰ ਅਤੇ ਮੋਟਰਸਾਈਕਲ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ। ਜ਼ਿਕਰਯੋਗ ਹੈ ਕਿ ਥਾਰ ਕੁੰਭੜਾ ਵਲੋਂ ਚੰਡੀਗੜ੍ਹ ਦੀ ਦਿਸ਼ਾ ਵੱਲ ਜਾ ਰਹੀ ਸੀ ਅਤੇ ਇਸੇ ਦੌਰਾਨ ਜਦੋਂ ਥਾਰ ਕੁੰਭੜਾ ਲਾਈਟ ਪੁਆਇੰਟ ਨੇੜੇ ਪੁੱਜੀ ਤਾਂ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਨਾਲ ਉਸ ਦੀ ਜ਼ੋਰਦਾਰ ਟੱਕਰ ਹੋ ਗਈ। ਟੱਕਰ ਤੋਂ ਬਾਅਦ ਥਾਰ ਬੇਕਾਬੂ ਹੋ ਕੇ ਡਿਵਾਈਡਰ ‘ਤੇ ਚੜ੍ਹ ਗਈ ਅਤੇ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਦੋਵੇਂ ਹਾਦਸਾਗ੍ਰਸਤ ਵਾਹਨਾਂ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਦੱਸਿਆ ਕਿ ਹਾਦਸੇ ਵਾਲੀ ਥਾਰ ‘ਚ ਹਰਪ੍ਰੀਤ ਸਿੰਘ ਅਤੇ ਮਨਵੀਰ ਸਿੰਘ ਸਵਾਰ ਸਨ। ਪੁਲਿਸ ਵਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਪਿੰਡ ਮੋਰ ਠੀਕਰੀ ਵਿਖੇ ਢਾਬੇ ‘ਤੇ ਹਮਲਾ ਕਰਕੇ ਭੰਨ-ਤੋੜ ਕਰਦਿਆਂ ਪਿਓ, ਦੋ ਧੀਆਂ ਅਤੇ ਨਾਬਾਲਿਗ ਪੁੱਤਰ ਨੂੰ ਕੀਤਾ ਜ਼ਖ਼ਮੀ ਅਗਲੀ ਖ਼ਬਰ ਦਲਿਤ ਨੌਜਵਾਨ ਭੀਮ ਟੋਂਕ ਨੂੰ ਇਨਸਾਫ਼ ਦਿਵਾਉਣ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਅੱਜ ਦੋਸ਼ੀਆਂ ਦੇ ਪਰਿਵਾਰ ਨਾਲ ਖੜ੍ਹੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।