ਪਿੰਡ ਮੋਰ ਠੀਕਰੀ ਵਿਖੇ ਢਾਬੇ ‘ਤੇ ਹਮਲਾ ਕਰਕੇ ਭੰਨ-ਤੋੜ ਕਰਦਿਆਂ ਪਿਓ, ਦੋ ਧੀਆਂ ਅਤੇ ਨਾਬਾਲਿਗ ਪੁੱਤਰ ਨੂੰ ਕੀਤਾ ਜ਼ਖ਼ਮੀ
ਅਜੀਤ ਡੈਸਕ
19-07-2026
ਡੇਰਾਬੱਸੀ, 18 ਜੁਲਾਈ (ਗੁਰਮੀਤ ਸਿੰਘ)-ਰਾਮਗੜ੍ਹ ਸੜਕ ‘ਤੇ ਸਥਿਤ ਪਿੰਡ ਮੋਰ ਠੀਕਰੀ ਵਿਖੇ ਕੁਝ ਨੌਜਵਾਨਾਂ ਵਲੋਂ ਇਕ ਢਾਬੇ ‘ਤੇ ਹਮਲਾ ਕਰਕੇ ਭੰਨ-ਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ ‘ਚ ਢਾਬਾ ਮਾਲਕ, ਉਸ ਦੀਆਂ ਦੋ ਧੀਆਂ ਅਤੇ ਨਾਬਾਲਿਗ ਪੁੱਤਰ ਜ਼ਖ਼ਮੀ ਹੋ ਗਿਆ। ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਰਾਜੂ ਪੰਜਾਬੀ ਢਾਬੇ ਦੇ ਮਾਲਕ ਰਾਕੇਸ਼ ਕੁਮਾਰ (42) ਨੇ ਦੱਸਿਆ ਕਿ ਸ਼ਨੀਵਾਰ ਸ਼ਾਮ ਕਰੀਬ 5.30 ਵਜੇ ਉਸ ਦੇ ਗੁਆਂਢ ‘ਚ ਰਹਿਣ ਵਾਲੇ ਇਕ ਨੌਜਵਾਨ ਨੇ ਢਾਬੇ ‘ਤੇ ਆ ਕੇ ਉਸ ਨਾਲ ਗਾਲੀ-ਗਲੋਚ ਕਰਨੀ ਸ਼ੁਰੂ ਕਰ ਦਿੱਤੀ। ਕੁਝ ਹੀ ਸਮੇਂ ਬਾਅਦ ਉਸ ਦੇ ਕਈ ਹੋਰ ਸਾਥੀ ਵੀ ਮੌਕੇ ‘ਤੇ ਪਹੁੰਚ ਗਏ, ਜਿਨ੍ਹਾਂ ਢਾਬੇ ‘ਚ ਪਿਆ ਸਾਮਾਨ ਖਿਲਾਰਨਾ ਸ਼ੁਰੂ ਕਰ ਦਿੱਤਾ। ਰਾਕੇਸ਼ ਕੁਮਾਰ ਦੇ ਅਨੁਸਾਰ ਹਮਲਾਵਰਾਂ ਨੇ ਅਚਾਨਕ ਢਾਬੇ ‘ਤੇ ਇੱਟਾਂ-ਰੋੜਿਆਂ ਨਾਲ ਹਮਲਾ ਕਰ ਦਿੱਤਾ ਅਤੇ ਜਦੋਂ ਉਸ ਨੂੰ ਬਚਾਉਣ ਲਈ ਉਸ ਦੀਆਂ ਧੀਆਂ 19 ਸਾਲਾ ਭਾਵਨਾ, 18 ਸਾਲਾ ਰਾਧਿਕਾ ਅਤੇ 14 ਸਾਲਾ ਪੁੱਤਰ ਸਚਿਨ ਅੱਗੇ ਆਏ ਤਾਂ ਹਮਲਾਵਰਾਂ ਨੇ ਉਨ੍ਹਾਂ ਨਾਲ ਵੀ ਕੁੱਟਮਾਰ ਕੀਤੀ, ਜਿਸ ਕਾਰਨ ਉਹ ਵੀ ਜ਼ਖ਼ਮੀ ਹੋ ਗਏ। ਪੀੜਤ ਨੇ ਦੱਸਿਆ ਕਿ ਰੌਲਾ ਪੈਣ ‘ਤੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ, ਜਿਸ ਤੋਂ ਬਾਅਦ ਸਾਰੇ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਹਮਲਾਵਰਾਂ ਨੇ ਢਾਬੇ ‘ਚ ਪਿਆ ਸਾਮਾਨ ਵੀ ਤੋੜ-ਫੋੜ ਕੇ ਖਿਲਾਰ ਦਿੱਤਾ, ਜਿਸ ਨਾਲ ਉਨ੍ਹਾਂ ਦਾ ਕਾਫ਼ੀ ਮਾਲੀ ਨੁਕਸਾਨ ਹੋਇਆ ਹੈ। ਇਸ ਘਟਨਾ ਸੰਬੰਧੀ ਗੱਲਬਾਤ ਕਰਦਿਆਂ ਮੁਬਾਰਕਪੁਰ ਪੁਲਿਸ ਚੌਕੀ ਦੇ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਖ਼ਮੀਆਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।