ਐੱਸ. ਏ. ਐੱਸ. ਨਗਰ, 6 ਅਗਸਤ (ਕਪਿਲ ਵਧਵਾ)-ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਰਫ਼ਤਾਰ ਟੂਲਸ ਐਂਡ ਟਰੈਵਲ ਕੰਪਨੀ ਮੁਹਾਲੀ ‘ਚ ਕੰਮ ਕਰਦੇ ਪ੍ਰਾਈਵੇਟ ਡਰਾਈਵਰ ਅਮਨਦੀਪ ਨੂੰ 5 ਹਜ਼ਾਰ ਰੁ. ਦੀ ਰਿਸ਼ਵਤ ਲੈਂਦਿਆਂ ਰੰਗੇ-ਹੱਥੀਂ ਕਾਬੂ ਕੀਤਾ ਹੈ। ਮੁਲਜ਼ਮ ਨੂੰ ਵਿਜੀਲੈਂਸ ਬਿਊਰੋ ਦੇ ਫਲਾਇੰਗ ਸਕੁਐਡ-1 ਮੁਹਾਲੀ ਦੀ ਟੀਮ ਨੇ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ‘ਚ ਟਰੈਪ ਦੌਰਾਨ ਗ੍ਰਿਫ਼ਤਾਰ ਕੀਤਾ। ਵਿਜੀਲੈਂਸ ਬਿਊਰੋ ਦੇ ਬੁਲਾਰੇ ਅਨੁਸਾਰ ਇਹ ਕਾਰਵਾਈ ਕੁਰੂਕਸ਼ੇਤਰ (ਹਰਿਆਣਾ) ਦੇ ਇਕ ਵਸਨੀਕ ਵਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ ‘ਤੇ ਕੀਤੀ ਗਈ। ਸ਼ਿਕਾਇਤ ‘ਚ ਦੋਸ਼ ਲਗਾਇਆ ਗਿਆ ਸੀ ਕਿ ਮੁਲਜ਼ਮ ਡਰਾਈਵਰ, ਜਿਸ ਨੇ ਪਹਿਲਾਂ ਸ਼ਿਕਾਇਤਕਰਤਾ ਖ਼ਿਲਾਫ਼ ਪੁਲਿਸ ਚੌਕੀ ‘ਚ ਸ਼ਿਕਾਇਤ ਦਰਜ ਕਰਵਾਈ ਸੀ, ਨੇ ਰਫ਼ਤਾਰ ਟੂਲਸ ਕੰਪਨੀ ਦੇ ਮਾਲਕ ਨਾਲ ਸਮਝੌਤਾ ਕਰਵਾਉਣ ਦੇ ਬਦਲੇ 60 ਹਜ਼ਾਰ ਰੁ. ਰਿਸ਼ਵਤ ਦੀ ਮੰਗ ਕੀਤੀ ਸੀ ਅਤੇ ਇਸੇ ਦੌਰਾਨ ਸੌਦਾ 40 ਹਜ਼ਾਰ ਰੁ. ‘ਚ ਤੈਅ ਹੋਇਆ। ਸ਼ਿਕਾਇਤਕਰਤਾ ਨੇ ਰਿਸ਼ਵਤ ਨਾ ਦੇਣ ਦਾ ਫ਼ੈਸਲਾ ਕਰਦਿਆਂ ਇਸ ਸੰਬੰਧੀ ਵਿਜੀਲੈਂਸ ਬਿਊਰੋ ਨਾਲ ਸੰਪਰਕ ਕੀਤਾ। ਇਸ ਤੋਂ ਬਾਅਦ ਵਿਜੀਲੈਂਸ ਟੀਮ ਨੇ ਯੋਜਨਾਬੱਧ ਢੰਗ ਨਾਲ ਜਾਲ ਵਿਛਾਇਆ ਅਤੇ ਮੁਲਜ਼ਮ ਨੂੰ ਸ਼ਿਕਾਇਤਕਰਤਾ ਤੋਂ 5 ਹਜ਼ਾਰ ਰੁ. ਦੀ ਪਹਿਲੀ ਕਿਸ਼ਤ ਰਿਸ਼ਵਤ ਵਜੋਂ ਲੈਂਦੇ ਸਮੇਂ ਰੰਗੇ-ਹੱਥੀਂ ਕਾਬੂ ਕਰ ਲਿਆ। ਵਿਜੀਲੈਂਸ ਬਿਊਰੋ ਨੇ ਮੁਲਜ਼ਮ ਖ਼ਿਲਾਫ਼ ਥਾਣਾ ਵਿਜੀਲੈਂਸ ਬਿਊਰੋ ਮੁਹਾਲੀ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰ ਲਿਆ ਹੈ। ਬਿਊਰੋ ਵਲੋਂ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।