ਐੱਸ. ਏ. ਐੱਸ. ਨਗਰ, 19 ਅਗਸਤ (ਤਰਵਿੰਦਰ ਸਿੰਘ ਬੈਨੀਪਾਲ)-ਟੈਕਨੀਕਲ ਸਰਵਿਸਿਜ਼ ਯੂਨੀਅਨ, ਪੈਨਸ਼ਨ ਐਸੋਸੀਏਸ਼ਨ, ਕੋਆਰਡੀਨੇਸ਼ਨ ਕਮੇਟੀ ਆਫ਼ ਪਾਵਰ ਕਾਮ ਐਂਡ ਟਰਾਂਸਕੋ ਆਊਟਸੋਰਸਿਡ ਮੁਲਾਜ਼ਮ ਪੰਜਾਬ ਵਲੋਂ ਟੀ. ਐਸ. ਯੂ. ਸੂਬਾ ਕਮੇਟੀ ਦੇ ਸੱਦੇ ਤਹਿਤ ਡਵੀਜ਼ਨ ਪੱਧਰੀ ਰੋਸ ਧਰਨਾ ਸਥਾਨਕ ਸਪੈਸ਼ਲ ਡਵੀਜ਼ਨ ਵਿਖੇ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਸਰਕਲ ਪ੍ਰਧਾਨ ਗੁਰਬਖਸ਼ ਸਿੰਘ, ਲੱਖਾ ਸਿੰਘ ਮੁੱਖ ਸਲਾਹਕਾਰ, ਜਤਿੰਦਰ ਸਿੰਘ ਐਸ. ਡੀ. ਓ., ਐਸੋਸੀਏਸ਼ਨ ਆਫ਼ ਜੂਨੀਅਰ ਇੰਜ. ਦੇ ਸੂਬਾਈ ਆਗੂ ਰਣਜੀਤ ਸਿੰਘ ਢਿੱਲੋਂ ਆਦਿ ਨੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਧਰਨਾ ਪੰਜਾਬ ਸਰਕਾਰ ਵਲੋਂ ਨਿੱਜੀਕਰਨ ਦੀ ਨੀਤੀ ਲਾਗੂ ਕਰਨ, ਕੱਚੇ ਕਾਮਿਆਂ ਨੂੰ ਪੱਕੇ ਨਾ ਕਰਨ, ਪੁਰਾਣੀ ਪੈਨਸ਼ਨ ਸਕੀਮ ਲਾਗੂ ਨਾ ਕਰਨ, ਡੀ. ਏ. ਮਹਿੰਗਾਈ ਭੱਤਾ ਜਾਰੀ ਨਾ ਕਰਨ ਅਤੇ 20 ਜੁਲਾਈ 2020 ਤੋਂ ਬਾਅਦ ਵਿਭਾਗ ਵਿਚ ਭਰਤੀ ਹੋਏ ਕਰਮਚਾਰੀਆਂ ‘ਤੇ 6ਵੇਂ ਪੇ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਨਾ ਕਰਨ , 35,400 ਸਕੇਲ ਨਾ ਦੇਣ, ਪੱਕੀ ਭਰਤੀ ਨਾ ਕਰਨ, ਪ੍ਰੋਬੇਸ਼ਨ ਪੀਰੀਅਡ ਖ਼ਤਮ ਨਾ ਕਰਨ, ਆਰ. ਟੀ. ਐਮ. ਤੋਂ ਐਸ. ਐਸ. ਏ. ਦੀ ਤਰੱਕੀ ਨਾ ਕਰਨ, ਪੈਨਸ਼ਨਰਾਂ ਨੂੰ 2.59 ਗੁਣਾਂਕ ਨਾਲ ਪੈਨਸ਼ਨਾਂ ਸਧ ਕੇ ਨਾ ਦੇਣ, ਮੈਡੀਕਲ ਕੈਸ਼ ਲੈਸ ਸਕੀਮ ਲਾਗੂ ਨਾ ਕਰਨ ਦੇ ਰੋਸ ਵਜੋਂ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਖ਼ਿਲਾਫ਼ ਦਿੱਤਾ ਜਾ ਰਿਹਾ ਹੈ। ਇਸੇ ਦੌਰਾਨ ਬਲਵੀਰ ਸਿੰਘ, ਗੁਰਮੀਤ ਸਿੰਘ, ਹਰਜੀਤ ਸਿੰਘ, ਸੌਦਾਗਰ ਸਿੰਘ, ਜਸਪਾਲ ਸਿੰਘ, ਪਰਮਜੀਤ ਸਿੰਘ, ਰਜਿੰਦਰ ਸਿੰਘ, ਜ਼ੋਰਾਵਰ ਸਿੰਘ, ਰਵਿੰਦਰ ਸਿੰਘ, ਗਿੱਲ, ਅੰਮ੍ਰਿਤਪਾਲ ਸਿੰਘ ਆਦਿ ਆਗੂਆਂ ਨੇ ਕਿਹਾ ਕਿ ਟੀ. ਐਸ. ਯੂ. ਦੀ ਸੂਬਾਈ ਕਮੇਟੀ ਵਲੋਂ ਆਉਣ ਵਾਲੇ ਸਮੇਂ ਵਿਚ 27 ਅਗਸਤ ਪੰਜਾਬ ਸਰਕਾਰ ਦੇ ਸਮੂਹ ਮੁਲਾਜ਼ਮਾਂ ਵਲੋਂ ਸਮੂਹਿਕ ਛੁੱਟੀ ਲੈ ਕੇ ਸੰਘਰਸ਼ ਦੀ ਕਾਲ ਨੂੰ ਦੇਖਦੇ ਹੋਏ ਭਰਾਤਰੀ ਜਥੇਬੰਦੀਆਂ ਨੂੰ ਪੱਤਰ ਲਿਖ ਕੇ ਮੰਗ ਕੀਤੀ ਜਾਵੇਗੀ ਕਿ ਪਾਵਰਕਾਮ ਅੰਦਰ ਵੀ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀ ਹਮਾਇਤ ਵਿਚ ਸਮੂਹਿਕ ਛੁੱਟੀ ਲੈ ਕੇ ਇਕਜੁੱਟਤਾ ਪ੍ਰਗਟਾਈ ਜਾਵੇ ਤੇ ਟੀ. ਐਸ. ਯੂ. ਵਲੋਂ 27 ਅਗਸਤ ਨੂੰ ਪੰਜਾਬ ਸਰਕਾਰ ਖ਼ਿਲਾਫ਼ ਮੁਹਾਲੀ ਵਿਖੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ।