ਚੰਡੀਗੜ੍ਹ ’ਚ ਪੰਜਾਬ ਸਿਵਲ ਸਕੱਤਰੇਤ, ਮਿੰਨੀ ਸਕੱਤਰੇਤ ਤੇ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਨੇ ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ’ਤੇ ਕੀਤੀ ਮਹਾਂ-ਹੜਤਾਲ
ਚੰਡੀਗੜ੍ਹ, 27 ਅਗਸਤ (ਅਜਾਇਬ ਸਿੰਘ ਔਜਲਾ)- ਚੰਡੀਗੜ੍ਹ ਸਥਿਤ ਪੰਜਾਬ ਸਿਵਲ ਸਕੱਤਰੇਤ, ਮਿੰਨੀ ਸਕੱਤਰੇਤ ਤੇ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਨੇ ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ’ਤੇ ਮਹਾਂ-ਹੜਤਾਲ ਕੀਤੀ ਗਈ। ਇਸ ਦੇ ਮੱਦੇਨਜ਼ਰ ਪੰਜਾਬ ਦੇ ਦਫ਼ਤਰਾਂ ਵਿਚ ਕੰਮਕਾਜ ਠੱਪ ਰਿਹਾ ਤੇ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਦੇ ਹੱਕ ਵਿਚ ਨਾਅਰੇਬਾਜ਼ੀ ਵੀ ਕੀਤੀ।
ਚੰਡੀਗੜ੍ਹ, 27 ਅਗਸਤ (ਅਜਾਇਬ ਸਿੰਘ ਔਜਲਾ)- ਚੰਡੀਗੜ੍ਹ ਸਥਿਤ ਪੰਜਾਬ ਸਿਵਲ ਸਕੱਤਰੇਤ, ਮਿੰਨੀ ਸਕੱਤਰੇਤ ਤੇ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਨੇ ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ’ਤੇ ਮਹਾਂ-ਹੜਤਾਲ ਕੀਤੀ ਗਈ। ਇਸ ਦੇ ਮੱਦੇਨਜ਼ਰ ਪੰਜਾਬ ਦੇ ਦਫ਼ਤਰਾਂ ਵਿਚ ਕੰਮਕਾਜ ਠੱਪ ਰਿਹਾ ਤੇ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਦੇ ਹੱਕ ਵਿਚ ਨਾਅਰੇਬਾਜ਼ੀ ਵੀ ਕੀਤੀ। ਪੰਜਾਬ ਮੁੱਖ ਸਕੱਤਰੇਤ ਤੋਂ ਇਲਾਵਾ ਚੰਡੀਗੜ੍ਹ ਦੇ ਪ੍ਰਮੁੱਖ ਸੈਕਟਰ-17 ਵਿਖੇ ਵੀ ਹਜ਼ਾਰਾਂ ਦੀ ਗਿਣਤੀ ਵਿਚ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ। ਇਸੇ ਦੌਰਾਨ ਆਗੂਆਂ ਨੇ ਮੰਗ ਕੀਤੀ ਕਿ ਡੀ. ਏ. ਸਬੰਧੀ ਅਦਾਲਤ ਦੇ ਹੁਕਮ ਲਾਗੂ ਕੀਤਾ ਜਾਵੇ, 6 ਵੇਂ ਪੇਅ ਕਮਿਸ਼ਨ ਦੇ ਬਕਾਏ ਦਿਉ ਤੇ ਤਰੁੱਟੀਆਂ ਨੂੰ ਦੂਰ ਕੀਤਾ ਜਾਵੇ, 7ਵੇਂ ਪੇਅ ਕਮਿਸ਼ਨ ਨੂੰ ਲਾਗੂ ਕੀਤਾ ਜਾਵੇ, ਠੇਕਾ ਤੇ ਆਊਟਸੋਰਸ ਮੁਲਾਜ਼ਮਾਂ ਲਈ ਸਹੀ ਤੇ ਸਥਾਈ ਰੈਗੂਲਰਾਈਜੇਸ਼ਨ ਨੀਤੀ ਨੂੰ ਬਣਾਇਆ ਜਾਵੇ, ਏ.ਸੀ.ਪੀ ਸਕੀਮ ਤੇ ਬੰਦ ਕੀਤੇ ਭੱਤੇ ਬਹਾਲ ਕੀਤੇ ਜਾਣ, 15 ਜਨਵਰੀ 2015 ਅਤੇ 17 ਜੁਲਾਈ 2020 ਦੇ ਮੁਲਾਜ਼ਮ ਵਿਰੋਧੀ ਪੱਤਰ ਰੱਦ ਕੀਤੇ ਜਾਣ ਤੇ ਪੈਨਸ਼ਨਰਾਂ ਨੂੰ ਪੈਨਸ਼ਨ ਦੇ ਲਾਭ ਵੀ ਦਿੱਤੇ ਜਾਣ। ਪੰਜਾਬ ਸਿਵਲ ਸਕੱਤਰੇਤ ਤੇ ਮਿੰਨੀ ਸਕੱਤਰੇਤ ਵਿਚ ਤੈਨਾਤ ਸਾਰੇ ਕਾਡਰਾਂ ਦੇ ਅਧਿਕਾਰੀ ਤੇ ਕਰਮਚਾਰੀ ਇਸ ਰੋਸ ਧਰਨੇ ਵਿਚ ਸ਼ਾਮਿਲ ਹੋਏ, ਉੱਥੇ ਚੰਡੀਗੜ੍ਹ ਸਥਿਤ ਬਾਕੀ ਦਫ਼ਤਰਾਂ ਤੋਂ ਵੀ ਮੁਲਾਜ਼ਮ ਪਹੁੰਚੇ ਅਤੇ ਸਕੱਤਰੇਤ ਤੋਂ ਸੇਵਾ-ਮੁਕਤ ਅਧਿਕਾਰੀ ਅਤੇ ਕਰਮਚਾਰੀ ਵੀ ਪਹੁੰਚੇ ਹੋਏ ਸਨ। ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਹੋਈ ਰੋਸ ਰੈਲੀ/ਧਰਨੇ ਨੂੰ ਮੁਲਾਜ਼ਮ ਆਗੂ ਮਨਜੀਤ ਸਿੰਘ ਰੰਧਾਵਾ, ਮਿਥੁਨ ਚਾਵਲਾ, ਮਲਕੀਤ ਸਿੰਘ ਔਜਲਾ, ਸ਼ੁਦੇਸ਼ ਕੁਮਾਰੀ, ਜਸਬੀਰ ਕੌਰ, ਕੁਲਵੰਤ ਸਿੰਘ, ਅਲਕਾ ਚੋਪੜਾ ਤੋਂ ਇਲਾਵਾ ਇੰਦਰਪ੍ਰੀਤ ਭੰਗੂ, ਬਲਰਾਜ ਸਿੰਘ ਦਾਊਂ, ਪਰਮਦੀਪ ਸਿੰਘ ਭਬਾਤ, ਭੁਪਿੰਦਰ ਸਿੰਘ ਝੱਜ, ਜਸਪ੍ਰੀਤ ਸਿੰਘ ਰੰਧਾਵਾ, ਗੁਰਮੀਤ ਸਿੰਗਲ ਦੇ ਨਾਲ-ਨਾਲ ਉਮਾ ਕਾਂਤ ਤਿਵਾੜੀ, ਕਰਨੈਲ ਸਿੰਘ ਸੈਣੀ, ਅਮਰਜੀਤ ਸਿੰਘ ਵਾਲੀਆ, ਧੰਨਾ ਸਿੰਘ, ਮੇਵਾ ਸਿੰਘ ਪੁਰਖਾਲੀ ਆਦਿ ਵਲੋਂ ਵੀ ਸਰਕਾਰ ਨੂੰ ਫੌਰੀ ਤੌਰ ’ਤੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਮੰਨਣ ਲਈ ਅਪੀਲ ਵੀ ਕੀਤੀ। ਆਗੂਆਂ ਨੇ ਇਸ ਸਮੇਂ ਇਹ ਵੀ ਦੱਸਿਆ ਕਿ ਸਕੱਤਰੇਤ ਵਿਚ ਕੋਈ ਵੀ ਮੰਤਰੀ ਜਾ ਆਈ.ਏ.ਐਸ ਅਧਿਕਾਰੀ ਨਹੀਂ ਪਹੁੰਚੇ, ਕੰਟੀਨ ਵੀ ਬੰਦ ਸੀ ਅਤੇ ਲਿਫ਼ਟਾਂ ਵੀ ਬੰਦ ਰਹੀਆਂ। ਦੂਜੇ ਪਾਸੇ ਇਸੇ ਤਰ੍ਹਾਂ ਚੰਡੀਗੜ੍ਹ ਦੇ ਪ੍ਰਮੁੱਖ ਸੈਕਟਰ-17 ਵਿਖੇ ਵੀ ਵੱਡੀ ਗਿਣਤੀ ਵਿਚ ਮੁਲਾਜ਼ਮਾਂ ਨੇ ਜਿਸ ਵਿਚ ਮਹਿਲਾਵਾਂ ਦੀ ਗਿਣਤੀ ਵਧੇਰੇ ਵੇਖੀ ਗਈ। ਪੰਜਾਬ ਸਰਕਾਰ ਦੇ ਵਿਰੁੱਧ ਸਾਂਝਾ ਮੁਲਾਜ਼ਮ ਮੰਚ ਦੇ ਝੰਡੇ ਹੇਠ ਸਮੂਹ ਡਾਇਰੈਕਟੋਰੇਟਸ ਚੰਡੀਗੜ੍ਹ ਯੂਨਿਟ ਵਲੋਂ ਮਹਾਂ ਹੜਤਾਲ ਵਿਚ ਸ਼ਮੂਲੀਅਤ ਕੀਤੀ। ਸੈਕਟਰ-17 ਦੀ ਮਾਰਕੀਟ ਦੇ ਪੁੱਲ ਥੱਲੇ ਕਨਵੀਨਰ ਦਵਿੰਦਰ ਸਿੰਘ ਬੈਨੀਪਾਲ ਦੀ ਪ੍ਰਧਾਨਗੀ ਹੇਠ ਭਰਵੀਂ ਰੈਲੀ ਦੌਰਾਨ ਫੂਡ ਸਪਲਾਈ ਵਿਭਾਗ ਤੋਂ ਦਵਿੰਦਰ ਸਿੰਘ ਬੈਨੀਪਾਲ, ਹਰਚਰਨਜੀਤ ਸਿੰਘ ਪ੍ਰਧਾਨ, ਪੰਜਾਬ ਰਾਜ ਗੋਦਾਮ ਨਿਗਮ ਤੋਂ ਦੀਪਕ ਲੂਨਾ, ਸੋਸ਼ਲ ਸਕਿਉਰਿਟੀ ਵਿਭਾਗ ਵਲੋਂ ਮਨਮੋਹਨ ਸਿੰਘ ਪ੍ਰਧਾਨ, ਆਰਕੀਟੈਕਚਰ ਵਿਭਾਗ ਤੋਂ ਜਗਜੀਤ ਸਿੰਘ ਪ੍ਰਧਾਨ, ਜਲ ਸਰੋਤ ਵਿਭਾਗ ਦੇ ਪ੍ਰਧਾਨ ਹਰਪ੍ਰੀਤ ਕੌਰ, ਚੇਅਰਮੈਨ ਸੁਖਵਿੰਦਰ ਸਿੰਘ ਅਤੇ ਸਰਪ੍ਰਸਤ ਨਵਰਾਜ ਸਿੰਘ, ਮਾਰਕਫੈੱਡ ਦੇ ਪ੍ਰਧਾਨ ਜਸਵੀਰ ਸਿੰਘ , ਟਰਾਂਸਪੋਰਟ ਵਿਭਾਗ ਤੋਂ ਸੁਖਚੈਨ ਸਿੰਘ, ਜਤਿੰਦਰ ਸਿੰਘ, ਸਤਨਾਮ ਸਿੰਘ, ਇੰਡਸਟਰੀ ਵਿਭਾਗ ਦੇ ਪ੍ਰਧਾਨ ਰਵਿੰਦਰ ਸਿੰਘ, ਨਵਦੀਪ ਸਿੰਘ ਜਨਰਲ ਸਕੱਤਰ, ਭੂਮੀਪਾਲ ਵਿਭਾਗ ਤੋਂ ਪ੍ਰਧਾਨ ਸੰਦੀਪ ਸਿੰਘ ਬਰਾੜ, ਵਿੱਤ ਤੇ ਯੋਜਨਾ ਵਿਭਾਗ ਤੋਂ ਸੈਵੀ ਗੋਪਾਲ , ਯੋਜਨਾਬੰਦੀ ਵਿਭਾਗ ਤੋਂ ਰੁਪਿੰਦਰ ਸਿੰਘ ਰਾਣਾ ਸੰਘਾ ਪ੍ਰਧਾਨ, ਜੇਲ੍ਹ ਵਿਭਾਗ ਤੋਂ ਮਨਦੀਸ਼ ਸਿੰਘ, ਸਿਹਤ ਵਿਭਾਗ ਤੋਂ ਜਸਵੀਰ ਸਿੰਘ, ਨੀਰਜ ਕੁਮਾਰ ਤੋਂ ਇਲਾਵਾ ਸਹਿਕਾਰਤਾ ਵਿਭਾਗ ਤੋਂ ਸੁਖਦੇਵ ਸਿੰਘ ਮਾਨ ਆਪਣੇ ਸਮੂਹ ਸਾਥੀਆਂ ਸਮੇਤ ਰੈਲੀ ਵਿਚ ਹਾਜ਼ਰ ਹੋਏ। ਪੈਨਸ਼ਨਰ ਸੰਘ ਤੋਂ ਪੀ.ਐਸ.ਐਮ.ਐਸ.ਯੂ ਦੇ ਬਾਨੀ ਖ਼ੁਸ਼ਹਾਲ ਨਾਗਾ, ਹਾਕਮ ਸਿੰਘ ਪੈਰਾ ਮੈਡੀਕਲ ਦੇ ਰਿਟਾਇਰਡ ਪ੍ਰਧਾਨ, ਟਰਾਂਸਪੋਰਟ ਵਿਭਾਗ ਤੋਂ ਰਿਟਾਇਰਡ ਪ੍ਰਧਾਨ ਲਾਭ ਸਿੰਘ, ਜਸਵੀਰ ਸਿੰਘ ਫੂਡ ਸਪਲਾਈ ਵਿਭਾਗ ਤੋਂ ਰਿਟਾਇਰਡ ਸਾਥੀ ਉਚੇਚੇ ਤੌਰ ’ਤੇ ਸ਼ਾਮਿਲ ਹੋਏ। ਸਾਰੇ ਆਗੂਆਂ ਨੇ ਭਾਸ਼ਣਾਂ ਵਿਚ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਮੁਲਾਜ਼ਮ ਤੇ ਪੈਨਸ਼ਨਰਾਂ ਦੀਆਂ ਜਾਇਜ਼ ਹੱਕੀ ਮੰਗਾਂ ਪੂਰੀਆਂ ਕੀਤੀਆਂ ਜਾਣ। ਦਵਿੰਦਰ ਸਿੰਘ ਬੈਨੀਪਾਲ ਦੀ ਅਗਵਾਈ ਵਿਚ ਭਰਵੇਂ ਇਕੱਠ ਨੇ ਸੈਕਟਰ-17 ਦੀ ਮਾਰਕੀਟ ਵਿਚ ਰੋਸ ਮਾਰਚ ਕਰਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਤੋਂ ਇਲਾਵਾ ਕਮਲਜੀਤ ਸਿੰਘ, ਦਿਲਬਾਗ ਸਿੰਘ, ਸਪਨਦੀਪ ਕੌਰ, ਹਰਪ੍ਰੀਤ ਕੌਰ, ਗੁਰਪ੍ਰੀਤ ਸਿੰਘ, ਮੁਨੀਸ਼ ਡੰਗਵਾਲ, ਗੁਰਪ੍ਰੀਤ ਸਿੰਘ ਆਗੂਆਂ ਨੇ ਵੀ ਰੈਲੀ ਨੂੰ ਸੰਬੋਧਨ ਕੀਤਾ। ਸਕੱਤਰੇਤ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਸਕੱਤਰੇਤ ਵਿਖੇ ਕੜੀ ਚਾਵਲ ਦਾ ਲੰਗਰ ਵੀ ਵਰਤਾਇਆ ਗਿਆ। ਪੀ. ਐੱਸ. ਆਈ. ਈ. ਸੀ. ਸਟਾਫ਼ ਐਸੋਸੀਏਸ਼ਨ ਨੇ ਸਮੂਹਿਕ ਛੁੱਟੀ ਲੈ ਕੇ ਦਿੱਤਾ ਧਰਨਾ ਚੰਡੀਗੜ੍ਹ, (ਅਜਾਇਬ ਸਿੰਘ ਔਜਲਾ)- ਪੰਜਾਬ ਦੀਆਂ ਸਮੂਹ ਮੁਲਾਜ਼ਮ ਜਥੇਬੰਦੀਆਂ ਦੇ ਸੱਦੇ ’ਤੇ ਪੀ.ਐੱਸ.ਆਈ.ਈ.ਸੀ. ਸਟਾਫ਼ ਐਸੋਸੀਏਸ਼ਨ ਵਲੋਂ ਨਿਗਮ ਦੇ ਸਮੂਹ ਮੁਲਾਜ਼ਮਾਂ ਨੇ ਸਮੂਹਿਕ ਛੁੱਟੀ ਲੈ ਕੇ ਕੰਮਕਾਜ ਬੰਦ ਕੀਤਾ ਅਤੇ ਉਦਯੋਗ ਭਵਨ, ਚੰਡੀਗੜ੍ਹ ਵਿਖੇ ਗਰਾਊਂਡ ਫਲੋਰ ’ਤੇ ਰੋਸ ਧਰਨਾ ਦਿੱਤਾ। ਅੱਜ ਦੇ ਧਰਨੇ ਦੀ ਮੁੱਖ ਮੰਗ ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਦਾ ਲੰਬਿਤ ਡੀ.ਏ. ਜਾਰੀ ਕਰਨਾ ਰਹੀ। ਮੁਲਾਜ਼ਮਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਲੰਬੇ ਸਮੇਂ ਤੋਂ ਬਕਾਇਆ ਪਏ ਡੀ.ਏ. ਦੀਆਂ ਕਿਸ਼ਤਾਂ ਤੁਰੰਤ ਜਾਰੀ ਕੀਤੀਆਂ ਜਾਣ ਅਤੇ ਮੁਲਾਜ਼ਮਾਂ ਦੇ ਬਣਦੇ ਵਿੱਤੀ ਹੱਕਾਂ ਨੂੰ ਬਿਨਾਂ ਕਿਸੇ ਹੋਰ ਦੇਰੀ ਦੇ ਬਹਾਲ ਕੀਤਾ ਜਾਵੇ। ਧਰਨੇ ਦੌਰਾਨ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਅਣਗੌਲਿਆ ਕਰਨ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਗਟ ਕੀਤਾ। ਧਰਨੇ ਨੂੰ ਦੀਪਾ ਰਾਮ ਪ੍ਰਧਾਨ, ਬਲਵੰਤ ਸਿੰਘ, ਅੰਮ੍ਰਿਤਪਾਲ ਸਿੰਘ, ਰਣਦੀਪ ਸਿੰਘ, ਸੀਨਾ ਮੋਹਾਲੀ, ਹਰਕੇਸ਼ ਰਾਣਾ ਜਨਰਲ ਸਕੱਤਰ ਸੀਟੂ, ਕੁਲਵਿੰਦਰ ਸਿੰਘ (ਰਿਟਾਇਰਡ ਯੂਨੀਅਨ) ਅਤੇ ਸੰਜੇ ਕੁਮਾਰ, ਪੀ.ਐੱਸ.ਆਈ.ਡੀ.ਸੀ. ਕਰਮਚਾਰੀ ਯੂਨੀਅਨ ਦੇ ਆਗੂਆਂ ਨੇ ਸੰਬੋਧਨ ਕੀਤਾ।