02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਡਲਿਵਰੀ ਬੁਆਏ ਨਾਲ ਝਗੜੇ ਤੋਂ ਬਾਅਦ ਹਮਲਾਵਰ ਨੇ ਕੱਢੀ ਰਾਈਫ਼ਲ ਗੋਲੀ ਚਲਾਉਣ ਦੇ ਲੱਗੇ ਦੋਸ਼, ਕੇਸਰੀ ਪਲਾਜ਼ਾ ਮਾਰਕੀਟ ਦੇ ਦੁਕਾਨਦਾਰਾਂ ਨੇ ਹਮਲਾਵਰਾਂ ਵਿਰੁੱਧ ਦਿੱਤੀ ਸਾਂਝੀ ਸ਼ਿਕਾਇਤ

ਜ਼ੀਰਕਪੁਰ, 1 ਸਤੰਬਰ (ਮਨਿੰਦਰ ਸਿੰਘ)-ਸ਼ਹਿਰ ਦੇ ਵੀ. ਆਈ.

ਅਜੀਤ ਡੈਸਕ 02-09-2026
ਜ਼ੀਰਕਪੁਰ, 1 ਸਤੰਬਰ (ਮਨਿੰਦਰ ਸਿੰਘ)-ਸ਼ਹਿਰ ਦੇ ਵੀ.ਆਈ.ਪੀ. ਰੋਡ ’ਤੇ ਸਥਿਤ ਕੇਸਰੀ ਪਲਾਜ਼ਾ ਮਾਰਕੀਟ ਵਿਚ ਬੀਤੀ ਦੇਰ ਰਾਤ ਇਕ ਡਲਿਵਰੀ ਬੁਆਏ ਨਾਲ ਝਗੜੇ ਤੋਂ ਬਾਅਦ ਸਕਾਰਪੀਓ ਸਵਾਰ ਤਿੰਨ ਨੌਜਵਾਨਾਂ ਵਲੋਂ ਕਥਿਤ ਤੌਰ ‘ਤੇ ਰਾਈਫ਼ਲ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਰਾਈਫ਼ਲ ਦੇਖਦਿਆਂ ਹੀ ਮੌਕੇ ‘ਤੇ ਹਫੜਾ-ਦਫੜੀ ਮਚ ਗਈ ਤੇ ਉਥੇ ਮੌਜੂਦ ਲੋਕ ਆਪਣੀ ਜਾਨ ਬਚਾਉਣ ਲਈ ਇੱਧਰ-ਉੱਧਰ ਭੱਜਣ ਲੱਗੇ। ਝਗੜੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਸਕਾਰਪੀਓ ਸਵਾਰ ਤਿੰਨੇ ਨੌਜਵਾਨ ਆਪਣੀ ਗੱਡੀ ਵਿਚ ਬੈਠ ਕੇ ਮੌਕੇ ਤੋਂ ਫ਼ਰਾਰ ਹੋ ਗਏ। ਦੁਕਾਨਦਾਰਾਂ ਅਨੁਸਾਰ ਸਕਾਰਪੀਓ ਸਵਾਰ ਨੌਜਵਾਨ ਕਥਿਤ ਤੌਰ ‘ਤੇ ਸ਼ਰਾਬ ਦੇ ਨਸ਼ੇ ਵਿਚ ਸਨ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਲਾਲ ਰੰਗ ਦੀ ਟੀ-ਸ਼ਰਟ ਵਾਲਾ ਇਕ ਡਿਲੀਵਰੀ ਬੁਆਏ ਆਪਣੇ ਆਰਡਰ ਦੀ ਉਡੀਕ ਕਰ ਰਿਹਾ ਸੀ। ਇਸ ਦੌਰਾਨ ਸਕਾਰਪੀਓ ਸਵਾਰ ਵਿਅਕਤੀ ਨੇ ਉਸ ਨੂੰ ਰਸਤੇ ਵਿਚ ਖੜ੍ਹਾ ਮੋਟਰਸਾਈਕਲ ਹਟਾਉਣ ਲਈ ਕਿਹਾ। ਡਿਲੀਵਰੀ ਬੁਆਏ ਨੇ ਦੱਸਿਆ ਕਿ ਮੋਟਰਸਾਈਕਲ ਉਸ ਦਾ ਨਹੀਂ ਹੈ। ਇਸ ਗੱਲ ਨੂੰ ਲੈ ਕੇ ਸਕਾਰਪੀਓ ਚਾਲਕ ਅਤੇ ਉਸ ਦੇ ਦੋ ਸਾਥੀ ਗੱਡੀ ‘ਚੋਂ ਹੇਠਾਂ ਉਤਰੇ ਅਤੇ ਡਿਲੀਵਰੀ ਬੁਆਏ ਨਾਲ ਬਹਿਸ ਕਰਨ ਲੱਗ ਪਏ। ਦੇਖਦੇ ਹੀ ਦੇਖਦੇ ਮਾਮਲਾ ਹੱਥੋਪਾਈ ਤੱਕ ਪਹੁੰਚ ਗਿਆ ਅਤੇ ਦੋਵਾਂ ਧਿਰਾਂ ਵਿਚਕਾਰ ਧੱਕਾ-ਮੁੱਕੀ ਹੋਣ ਦੇ ਨਾਲ-ਨਾਲ ਇਕ-ਦੂਜੇ ਦੇ ਕੁਰਸੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਦੁਕਾਨਦਾਰਾਂ ਅਨੁਸਾਰ, ਝਗੜੇ ਦੌਰਾਨ ਸਕਾਰਪੀਓ ਚਾਲਕ ਮਾਰਕੀਟ ਦੇ ਸਾਹਮਣੇ ਆਪਣੇ ਘਰ ‘ਚੋਂ ਰਾਈਫ਼ਲ ਚੁੱਕ ਲਿਆਇਆ। ਗੱਡੀ ਵਿਚ ਮੌਜੂਦ ਉਸ ਦੇ ਪਰਿਵਾਰ ਦੀਆਂ ਔਰਤਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਰਾਈਫ਼ਲ ਲੈ ਕੇ ਖੜ੍ਹੇ ਵਿਅਕਤੀ ਨੂੰ ਦੇਖ ਕੇ ਮੌਕੇ ‘ਤੇ ਮੌਜੂਦ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਕਾਫ਼ੀ ਮੁਸ਼ੱਕਤ ਤੋਂ ਬਾਅਦ ਪਰਿਵਾਰ ਦੀਆਂ ਔਰਤਾਂ ਤੇ ਸਕਾਰਪੀਓ ਚਾਲਕ ਦੇ ਸਾਥੀਆਂ ਨੇ ਉਸ ਤੋਂ ਰਾਈਫ਼ਲ ਵਾਪਸ ਲਈ। ਇਸ ਤੋਂ ਬਾਅਦ ਦੁਕਾਨਦਾਰਾਂ ਵਲੋਂ ਵਿਰੋਧ ਕਰਨ ‘ਤੇ ਸਾਰੇ ਵਿਅਕਤੀ ਆਪਣੀ ਗੱਡੀ ਵਿਚ ਬੈਠ ਕੇ ਮੌਕੇ ਤੋਂ ਫ਼ਰਾਰ ਹੋ ਗਏ। ਹਾਲਾਂਕਿ ਝਗੜੇ ਦੌਰਾਨ ਗੋਲੀ ਚੱਲੀ ਜਾਂ ਨਹੀਂ, ਇਸ ਦੀ ਪੁਸ਼ਟੀ ਅਜੇ ਤੱਕ ਨਹੀਂ ਹੋ ਸਕੀ ਹੈ। ਦੁਕਾਨਦਾਰਾਂ ਵਲੋਂ ਵੀ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਅਤੇ ਪੁਲਿਸ ਵਲੋਂ ਵੀ ਗੋਲੀ ਚੱਲਣ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। ਦੇਰ ਰਾਤ ਹੀ ਦੁਕਾਨਦਾਰਾਂ ਨੇ ਇਕੱਠੇ ਹੋ ਕੇ ਝਗੜੇ ਸੰਬੰਧੀ ਪੁਲਿਸ ਨੂੰ ਸਾਂਝੀ ਸ਼ਿਕਾਇਤ ਦਿੱਤੀ ਅਤੇ ਹਮਲਾਵਰਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ। ਮਾਮਲੇ ਸੰਬੰਧੀ ਪੜਤਾਲੀਆ ਅਫ਼ਸਰ ਥਾਣਾ ਜ਼ੀਰਕਪੁਰ ਸਤਿੰਦਰ ਸਿੰਘ ਨੇ ਦੱਸਿਆ ਕਿ ਰਾਤ ਨੂੰ ਝਗੜੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ ਦਾ ਜਾਇਜ਼ਾ ਲਿਆ ਸੀ ਅਤੇ ਸੀ. ਸੀ. ਟੀ. ਵੀ. ਫੁਟੇਜ ਵੀ ਆਪਣੇ ਕਬਜ਼ੇ ਵਿਚ ਲੈ ਲਈ ਹੈ। ਉਨ੍ਹਾਂ ਕਿਹਾ ਕਿ ਗੋਲੀ ਚੱਲਣ ਦੀ ਅਜੇ ਤੱਕ ਪੁਸ਼ਟੀ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਦੁਕਾਨਦਾਰਾਂ ਵਲੋਂ ਦਿੱਤੀ ਸ਼ਿਕਾਇਤ ਦੇ ਆਧਾਰ ‘ਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਕ ਹਮਲਾਵਰ ਚੰਡੀਗੜ੍ਹ ਅਤੇ ਦੂਜਾ ਜੀਂਦ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ, ਜੋ ਵੀ. ਆਈ. ਪੀ. ਰੋਡ ‘ਤੇ ਕਿਰਾਏ ਦੇ ਮਕਾਨ ਵਿਚ ਰਹਿੰਦੇ ਸਨ। ਸਾਰੇ ਹਮਲਾਵਰ ਫ਼ਿਲਹਾਲ ਫ਼ਰਾਰ ਹਨ ਅਤੇ ਉਨ੍ਹਾਂ ਦੀ ਭਾਲ ਲਈ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਕਿਸਾਨ ਯੂਨੀਅਨ ਉਗਰਾਹਾਂ ਨੇ ਕੌਮੀ ਹਾਈਵੇਅ ’ ਤੇ ਲਗਾਇਆ ਜਾਮ ਬਿਜਲੀ ਸਪਲਾਈ ਦੀ ਦਰੁਸਤੀ ਸੰਬੰਧੀ ਮਿਲੇ ਭਰੋਸੇ ਮਗਰੋਂ ਖੋਲ... ਅਗਲੀ ਖ਼ਬਰ ਮੁਬਾਰਿਕਪੁਰ ਰੇਲਵੇ ਅੰਡਰਪਾਥ ’ ਚ ਮਿਕਚਰ ਟਰੱਕ ਫਸਣ ਕਾਰਨ ਲੱਗਿਆ ਜਾਮ ਪ੍ਰਸ਼ਾਸਨ ਤੇ ਟ੍ਰੈਫ਼ਿਕ ਪੁਲਿਸ ਮਿਕਚਰ ਟਰੱਕਾਂ ’ਤੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।