11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

3.16 ਕਰੋੜ ਦੀ ਸਾਈਬਰ ਠੱਗੀ ਮਾਮਲੇ ’ ਚ 2 ਹੋਰ ਗ੍ਰਿਫ਼ਤਾਰ ਹੁਣ ਤੱਕ 5 ਮੁਲਜ਼ਮ ਕਾਬੂ, ਹੈਦਰਾਬਾਦ ਤੋਂ ਕੀਤੀਆਂ ਗ੍ਰਿਫ਼ਤਾਰੀਆਂ

ਪੰਚਕੂਲਾ, 10 ਸਤੰਬਰ (ਕਪਿਲ)- 3. 16 ਕਰੋੜ ਰੁ.

ਅਜੀਤ ਡੈਸਕ 11-09-2026
ਪੰਚਕੂਲਾ, 10 ਸਤੰਬਰ (ਕਪਿਲ)- 3.16 ਕਰੋੜ ਰੁ. ਦੀ ਸਾਈਬਰ ਠੱਗੀ ਦੇ ਮਾਮਲੇ ਵਿਚ ਪੰਚਕੂਲਾ ਪੁਲਿਸ ਨੇ ਹੈਦਰਾਬਾਦ ਤੋਂ 2 ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਇਸ ਮਾਮਲੇ ਵਿਚ ਹੁਣ ਤੱਕ ਕੁੱਲ 5 ਮੁਲਜ਼ਮਾਂ ਨੂੰ ਕਾਬੂ ਕਰ ਚੁੱਕੀ ਹੈ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਪੁੰਨਾਪੁਰੇਡੀ ਪ੍ਰਵੀਨ ਪ੍ਰਸ਼ਾਦ ਰਾਜਾ ਵਾਸੀ ਹੈਦਰਾਬਾਦ ਅਤੇ ਵਾਕਾਨਾਗੀ ਰੈੱਡੀ ਵਾਸੀ ਜ਼ਿਲ੍ਹਾ ਈਸਟ ਗੋਦਾਵਰੀ ਆਂਧਰਾ ਪ੍ਰਦੇਸ਼ ਹਾਲ ਵਾਸੀ ਹੈਦਰਾਬਾਦ ਵਜੋਂ ਹੋਈ ਹੈ। ਪੁਲਿਸ ਅਨੁਸਾਰ ਇਕ ਨਿਰਮਾਣ ਕੰਪਨੀ ਦੇ ਵ੍ਹਾਟਸਐਪ ਅਤੇ ਲੈਪਟਾਪ ਨੂੰ ਨਿਸ਼ਾਨਾ ਬਣਾ ਕੇ ਸਾਈਬਰ ਠੱਗੀ ਕੀਤੀ ਗਈ ਸੀ। ਠੱਗਾਂ ਨੇ ਪਹਿਲਾਂ ਕੰਪਨੀ ਦੇ ਪੁਰਾਣੇ ਕਾਰੋਬਾਰੀ ਸੰਪਰਕ ਦਾ ਫਾਇਦਾ ਚੁੱਕਦਿਆਂ ਵ੍ਹਾਟਸਐਪ ’ਤੇ ਫਰਜ਼ੀ ਜ਼ਿਪ ਫਾਈਲ ਭੇਜੀ। ਇਸ ਤੋਂ ਬਾਅਦ ਕੰਪਨੀ ਦੇ ਸੰਚਾਲਕ ਦੇ ਨਾਂ ’ਤੇ ਦੂਜੇ ਮੋਬਾਈਲ ਨੰਬਰ ਤੋਂ ਸੁਨੇਹੇ ਭੇਜ ਕੇ ਅਕਾਊਂਟੈਂਟ ਨੂੰ ਭਰੋਸੇ ਵਿਚ ਲਿਆ ਗਿਆ। ਕੰਪਨੀ ਦੇ ਬੈਂਕ ਖਾਤਿਆਂ ਦਾ ਬੈਲੇਂਸ ਪੁੱਛ ਕੇ ਵੱਖ-ਵੱਖ ਖਾਤਿਆਂ ਵਿਚ ਰਕਮ ਟਰਾਂਸਫਰ ਕਰਨ ਲਈ ਕਿਹਾ ਗਿਆ। ਇਸ ਤਰ੍ਹਾਂ ਕੰਪਨੀ ਦੇ ਖਾਤਿਆਂ ਵਿਚੋਂ ਕੁੱਲ 3 ਕਰੋੜ 16 ਲੱਖ ਰੁ. ਟਰਾਂਸਫਰ ਕਰਵਾ ਲਏ ਗਏ। ਜਾਂਚ ਦੌਰਾਨ ਸਾਹਮਣੇ ਆਇਆ ਕਿ ਠੱਗੀ ਦੀ ਰਕਮ ਵਿਚੋਂ 1 ਕਰੋੜ 6 ਲੱਖ ਰੁ. ਇੰਟੀਗ੍ਰੇਟਿਡ ਵੂਮੈਨ ਡਿਵੈਲਪਮੈਂਟ ਸੁਸਾਇਟੀ ਦੇ ਬੈਂਕ ਖਾਤੇ ਅਤੇ 80 ਲੱਖ ਰੁ. ਪੁੰਨਾਪੁਰੇਡੀ ਪ੍ਰਕਾਸ਼ਾਸਤਰੁਲੁ ਪ੍ਰਾਈਵੇਟ ਲਿਮਟਿਡ ਦੇ ਖਾਤੇ ਵਿਚ ਟਰਾਂਸਫਰ ਹੋਏ ਸਨ। ਤਕਨੀਕੀ ਜਾਂਚ ਦੇ ਆਧਾਰ ’ਤੇ ਸਾਈਬਰ ਕ੍ਰਾਈਮ ਥਾਣਾ ਟੀਮ ਨੇ ਇੰਚਾਰਜ ਯੁੱਧਵੀਰ ਸਿੰਘ ਦੀ ਅਗਵਾਈ ਹੇਠ ਕਾਰਵਾਈ ਕਰਦਿਆਂ ਦੋਵਾਂ ਮੁਲਜ਼ਮਾਂ ਨੂੰ 29 ਅਗਸਤ ਨੂੰ ਹੈਦਰਾਬਾਦ ਤੋਂ ਕਾਬੂ ਕੀਤਾ। ਪੁੱਛਗਿੱਛ ਦੌਰਾਨ ਦੋਵਾਂ ਮੁਲਜ਼ਮਾਂ ਨੇ ਆਪਣੇ ਸਾਥੀਆਂ ਅਤੇ ਬੈਂਕ ਖਾਤਿਆਂ ਨਾਲ ਸੰਬੰਧਿਤ ਅਹਿਮ ਜਾਣਕਾਰੀ ਪੁਲਿਸ ਨੂੰ ਦਿੱਤੀ ਹੈ। ਇਸ ਤੋਂ ਪਹਿਲਾਂ ਪੁਲਿਸ ਨੇ ਚੇਨਈ ਤੋਂ ਦੇਵਰਾਜਨ ਏ. ਪੀ. ਪੰਡਿਸ਼ਵਰੀ ਵਾਸੀ ਰਾਮਨਾਥਪੁਰਮ ਤਾਮਿਲਨਾਡੂ ਅਤੇ ਸੁਸ਼ੀਲ ਗੰਜਾਨਨ ਵਾਸੀ ਕੋਲਹਾਪੁਰ ਮਹਾਰਾਸ਼ਟਰ ਨੂੰ ਗ੍ਰਿਫ਼ਤਾਰ ਕੀਤਾ ਸੀ। ਹੁਣ ਦੋਵਾਂ ਹੈਦਰਾਬਾਦ ਵਾਸੀ ਮੁਲਜ਼ਮਾਂ ਨੂੰ ਵੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਪੁਲਿਸ ਕਮਿਸ਼ਨਰ ਪੰਕਜ ਨੈਨ ਨੇ ਦੱਸਿਆ ਕਿ ਮਾਮਲੇ ਵਿਚ ਸ਼ਾਮਿਲ ਹੋਰ ਮੁਲਜ਼ਮਾਂ ਦੀ ਭਾਲ ਲਈ ਪੁਲਿਸ ਟੀਮਾਂ ਵੱਖ-ਵੱਖ ਥਾਵਾਂ ’ਤੇ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ। ਜਾਂਚ ਵਿਚ ਸਾਹਮਣੇ ਆਏ ਹੋਰ ਸ਼ੱਕੀਆਂ ਦੀ ਭੂਮਿਕਾ ਦੀ ਵੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਜ਼ਮੀਨੀ ਵਿਵਾਦ ’ ਚ ਨੌਜਵਾਨ ਦੇ ਕਤਲ ਮਾਮਲੇ ’ ਚ ਦੋਸ਼ੀ ਨੂੰ ਉਮਰ ਕੈਦ ਅਗਲੀ ਖ਼ਬਰ ਪੈਨਸ਼ਨਰਜ਼ ਭਲਾਈ ਸੰਸਥਾ ਦੀ ਹੋਈ ਮਹੀਨਾਵਾਰ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।