ਐੱਸ. ਏ. ਐੱਸ. ਨਗਰ, 24 ਸਤੰਬਰ (ਪ੍ਰੋ. ਅਵਤਾਰ ਸਿੰਘ)-ਜ਼ਿਲ੍ਹਾ ਕਾਂਗਰਸ ਕਮੇਟੀ ਮੁਹਾਲੀ ਵਲੋਂ ਪੰਜਾਬ ’ਚ ਵਧ ਰਹੇ ਨਸ਼ਿਆਂ ਦੇ ਕਹਿਰ ਅਤੇ ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਗੁਲਜ਼ਾਰ ਸਿੰਘ ਦੇ ਮਾਮਲੇ ‘ਚ ਇਨਸਾਫ਼ ਦੀ ਮੰਗ ਨੂੰ ਲੈ ਕੇ ਐੱਸ.ਐੱਸ.ਪੀ. ਦਫ਼ਤਰ ਮੁਹਾਲੀ ਅੱਗੇ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਾਂਗਰਸੀ ਆਗੂਆਂ ਤੇ ਵਰਕਰਾਂ ਵਲੋਂ ਨਸ਼ਿਆਂ ਦੇ ਮਸਲੇ ਨੂੰ ਲੈ ਕੇ ‘ਆਪ’ ਸਰਕਾਰ ਦਾ ਪੁਤਲਾ ਵੀ ਸਾੜਿਆ ਗਿਆ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸਿੱਧੂ ਨੇ ਕਿਹਾ ਕਿ ਪੰਜਾਬ ‘ਚ ਨਸ਼ਿਆਂ ਦਾ ਮੁੱਦਾ ਸਿਰਫ਼ ਸਰਕਾਰੀ ਇਸ਼ਤਿਹਾਰਾਂ, ਨਾਅਰਿਆਂ ਅਤੇ ਸਿਆਸੀ ਮੁਹਿੰਮਾਂ ਤੱਕ ਸੀਮਿਤ ਨਹੀਂ ਰਹਿ ਸਕਦਾ। ਉਨ੍ਹਾਂ ਕਿਹਾ ਕਿ ਜਿਹੜੇ ਨੌਜਵਾਨ ਅਤੇ ਆਮ ਨਾਗਰਿਕ ਨਸ਼ਿਆਂ ਦੇ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ, ਉਨ੍ਹਾਂ ਦੀ ਆਵਾਜ਼ ਸੁਣਨ ਦੀ ਬਜਾਏ ਉਨ੍ਹਾਂ ਨੂੰ ਸਰਕਾਰੀ ਜ਼ਬਰ ਰਾਹੀਂ ਡਰਾਇਆ-ਧਮਕਾਇਆ ਜਾ ਰਿਹਾ ਹੈ। ਉਨ੍ਹਾਂ ਸੰਗਰੂਰ ਦੇ ਪਿੰਡ ਸ਼ੇਰੋਂ ਵਿਖੇ ਵਾਪਰੇ ਮੋਹਨਜੀਤ ਸਿੰਘ ਨਾਲ ਸੰਬੰਧਿਤ ਮਾਮਲੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੇਕਰ ਨਸ਼ਿਆਂ ਖ਼ਿਲਾਫ਼ ਆਵਾਜ਼ ਉਠਾਉਣ ਵਾਲੇ ਨੌਜਵਾਨ ਨੂੰ ਹੀ ਪੁਲਿਸ ਤਸ਼ੱਦਦ ਦਾ ਸਾਹਮਣਾ ਕਰਨਾ ਪਵੇ ਤਾਂ ਇਹ ਵਰਤਾਰਾ ਬੇਹੱਦ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਅਤੇ ਜ਼ਿੰਮੇਵਾਰ ਅਧਿਕਾਰੀ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸੇ ਦੌਰਾਨ ਸਿੱਧੂ ਨੇ ਗੁਲਜ਼ਾਰ ਸਿੰਘ ਦੇ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ‘ਤੇ ਤਿੱਖੇ ਸਵਾਲ ਚੁੱਕਦਿਆਂ ਕਿਹਾ ਕਿ ਜਦੋਂ ਕੋਈ ਵਿਅਕਤੀ ਨਸ਼ਿਆਂ ਦੇ ਵਧਦੇ ਕਹਿਰ ਖ਼ਿਲਾਫ਼ ਆਵਾਜ਼ ਬੁਲੰਦ ਕਰਦਾ ਹੈ ਤਾਂ ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਉਸ ਦੀ ਆਵਾਜ਼ ਸੁਣਨਾ ਅਤੇ ਉਸ ਨੂੰ ਸੁਰੱਖਿਆ ਦੇਣਾ ਹੁੰਦੀ ਹੈ ਨਾ ਕਿ ਉਸ ਨੂੰ ਡਰ ਅਤੇ ਦਬਾਅ ਦੇ ਮਾਹੌਲ ‘ਚ ਧੱਕਣਾ। ਉਨ੍ਹਾਂ ਕਿਹਾ ਕਿ ਗੁਲਜ਼ਾਰ ਸਿੰਘ ਦੀ ਮੌਤ ਤੋਂ ਪਹਿਲਾਂ ਸਾਹਮਣੇ ਆਈ ਵੀਡੀਓ ‘ਚ ਉਸ ਵਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਸੰਬੰਧੀ ਗੰਭੀਰ ਦੋਸ਼ ਲਗਾਏ ਗਏ ਸਨ। ਉਨ੍ਹਾਂ ਕਿਹਾ ਕਿ ਗੁਲਜ਼ਾਰ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ਅਤੇ ਕਿਸੇ ਵੀ ਸਿਆਸੀ ਪ੍ਰਭਾਵ ਤੋਂ ਉੱਪਰ ਉੱਠ ਕੇ ਮਾਮਲੇ ਦੀ ਸਮਾਂਬੱਧ, ਨਿਰਪੱਖ ਅਤੇ ਪਾਰਦਰਸ਼ੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੂੰ ਨਸ਼ਿਆਂ ਖ਼ਿਲਾਫ਼ ਸਿਆਸੀ ਪ੍ਰਚਾਰ ਤੋਂ ਅੱਗੇ ਵਧ ਕੇ ਨਸ਼ਿਆਂ ਦੇ ਪੂਰੇ ਨੈੱਟਵਰਕ ਖ਼ਿਲਾਫ਼ ਕਾਰਵਾਈ ਕਰਕੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਅਤੇ ਨਸ਼ਿਆਂ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਵਿਅਕਤੀਆਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ। ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਮੁਹਾਲੀ ਦੇ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ ਨੇ ਵੀ ਧਰਨੇ ‘ਚ ਵੱਡੀ ਗਿਣਤੀ ਸਾਥੀਆਂ ਸਮੇਤ ਸ਼ਮੂਲੀਅਤ ਕਰਕੇ ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਸਮੂਹ ਕਾਂਗਰਸੀ ਆਗੂਆਂ, ਵਰਕਰਾਂ ਅਤੇ ਸਾਥੀਆਂ ਦਾ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸਾਬਕਾ ਮੰਤਰੀ ਸਿੱਧੂ ਦੀ ਅਗਵਾਈ ਹੇਠ ਕਾਂਗਰਸੀ ਆਗੂਆਂ ਵਲੋਂ ਐੱਸ. ਐੱਸ. ਪੀ. ਦੇ ਨਾਂਅ ‘ਤੇ ਇਕ ਪੁਲਿਸ ਅਧਿਕਾਰੀ ਨੂੰ ਮੰਗ ਪੱਤਰ ਸੌਂਪ ਕੇ ਗੁਲਜ਼ਾਰ ਸਿੰਘ ਦੇ ਮਾਮਲੇ ‘ਚ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਖ਼ਿਲਾਫ਼ ਕਾਰਵਾਈ ਦੀ ਮੰਗ ਵੀ ਕੀਤੀ ਗਈ। ਰੋਸ ਪ੍ਰਦਰਸ਼ਨ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਸੀਨੀਅਰ ਕਾਂਗਰਸੀ ਆਗੂ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਵਲੋਂ ਨਿਭਾਈ ਗਈ। ਇਸ ਹਰਦਿਆਲ ਚੰਦ ਬਡਬਰ, ਠੇਕੇਦਾਰ ਮੋਹਣ ਸਿੰਘ ਬਠਲਾਣਾ, ਸੁੱਚਾ ਸਿੰਘ ਕਲੌੜ ਸਾਬਕਾ ਕੌਂਸਲਰ, ਖੁਸ਼ੀ ਰਾਮ ਸਾਬਕਾ ਡੀ. ਸੀ., ਮਨਦੀਪ ਸਿੰਘ ਕੁੰਭੜਾ, ਹਰਸ਼ ਰਿਸ਼ੀ ਬਲਾਕ ਪ੍ਰਧਾਨ ਜ਼ੀਰਕਪੁਰ, ਕਮਲਜੀਤ ਚਾਵਲਾ, ਕੰਵਰਬੀਰ ਸਿੰਘ ਰੂਬੀ ਸਿੱਧੂ, ਪ੍ਰਦੀਪ ਸਿੰਘ ਤੰਗੌਰੀ, ਜਸਪ੍ਰੀਤ ਸਿੰਘ ਗਿੱਲ, ਰਣਜੀਤ ਸਿੰਘ ਨਗਲੀਆਂ, ਸਤਨਾਮ ਸਿੰਘ ਸੈਣੀ, ਸੁਖਵਿੰਦਰ ਸਿੰਘ ਨੰਬਰਦਾਰ, ਕਰਨੈਲ ਸਿੰਘ, ਹੈਪੀ ਮਲਿਕ, ਅਸ਼ੋਕ ਕੌਂਡਲ, ਗੁਰਵਿੰਦਰ ਸਿੰਘ ਸੋਹੀ, ਕਮਲਜੀਤ ਸਿੰਘ ਬੰਨੀ, ਦਵਿੰਦਰ ਕੌਰ ਵਾਲੀਆ, ਪਰਮਜੀਤ ਸਿੰਘ ਹੈਪੀ, ਜਸਬੀਰ ਸਿੰਘ ਮਾਣਕੂ, ਸੁਰਿੰਦਰ ਰਾਜਪੂਤ, ਇੰਦਰਜੀਤ ਸਿੰਘ ਢਿੱਲੋਂ, ਗੁਰਚਰਨ ਸਿੰਘ ਭੰਮਰਾ, ਅਰੁਣ ਸ਼ਰਮਾ, ਅਨੂੰ, ਮੁਕਲ ਸ਼ਰਮਾ, ਸੁਖਦੀਪ ਸਿੰਘ ਨਿਆਂ ਸ਼ਹਿਰ, ਰਜਿੰਦਰ ਸਿੰਘ ਧਰਮਗੜ੍ਹ, ਜਸਵਿੰਦਰ ਸਿੰਘ ਸ਼ਰਮਾ ਸਮੇਤ ਵੱਡੀ ਗਿਣਤੀ ਵਿਚ ਕਾਂਗਰਸ ਪਾਰਟੀ ਦੇ ਅਹੁਦੇਦਾਰ, ਵਰਕਰ ਅਤੇ ਵੱਖ-ਵੱਖ ਪਿੰਡਾਂ ਦੇ ਪੰਚ-ਸਰਪੰਚ ਹਾਜ਼ਰ ਸਨ।