ਐੱਸ. ਏ. ਐੱਸ. ਨਗਰ, 25 ਸਤੰਬਰ (ਪ੍ਰੋ. ਅਵਤਾਰ ਸਿੰਘ)- ਝੋਨੇ ਦੇ ਖ਼ਰੀਦ ਸੀਜ਼ਨ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੀਤੀਆਂ ਗਈਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਖੁਰਾਕ, ਸਿਵਲ ਸਪਲਾਈਜ਼ ਤੇ ਖਪਤਕਾਰ ਮਾਮਲੇ ਵਿਭਾਗ ਦੇ ਪ੍ਰਮੁੱਖ ਸਕੱਤਰ ਵਲੋਂ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਅਤੇ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਆਨਲਾਈਨ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਮੁੱਖ ਤੌਰ ‘ਤੇ ਝੋਨੇ ਦੀ ਖ਼ਰੀਦ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ, ਝੋਨੇ ਦੀ ਨਮੀ ਦੇ ਨਿਰਧਾਰਤ ਮਾਪਦੰਡਾਂ ਦੀ ਪਾਲਣਾ ਕਰਨ, ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਅਤੇ ਗੁਆਂਢੀ ਰਾਜਾਂ ਤੋਂ ਝੋਨੇ ਦੀ ਗ਼ੈਰ-ਕਾਨੂੰਨੀ ਆਮਦ ਨੂੰ ਰੋਕਣ ਸੰਬੰਧੀ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਪ੍ਰਮੁੱਖ ਸਕੱਤਰ ਵਲੋਂ ਹਦਾਇਤ ਕੀਤੀ ਗਈ ਕਿ ਝੋਨੇ ਦੀ ਖ਼ਰੀਦ ਨਮੀ ਦੇ ਤੈਅ ਮਾਪਦੰਡਾਂ ਅਨੁਸਾਰ ਹੀ ਕੀਤੀ ਜਾਵੇ। ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਮੰਡੀਆਂ ‘ਚ ਸੁੱਕਾ ਝੋਨਾ ਹੀ ਲੈ ਕੇ ਆਉਣ ਤਾਂ ਜੋ ਖ਼ਰੀਦ ਪ੍ਰਕਿਰਿਆ ਸੁਚਾਰੂ ਢੰਗ ਨਾਲ ਚੱਲ ਸਕੇ। ਇਸੇ ਦੌਰਾਨ ਡੀ. ਸੀ. ਕੋਮਲ ਮਿੱਤਲ ਨੇ ਉਨ੍ਹਾਂ ਨੂੰ ਦੱਸਿਆ ਕਿ ਨਮੀ ਦੇ ਮੱਦੇਨਜ਼ਰ ਜ਼ਿਲ੍ਹਾ ਮੁਹਾਲੀ ‘ਚ ਝੋਨੇ ਦੀ ਕਟਾਈ ਲਈ ਕੰਬਾਈਨ ਹਾਰਵੈਸਟਰਾਂ ਦੀ ਵਰਤੋਂ ‘ਤੇ ਸ਼ਾਮ ਦੇ 7 ਵਜੇ ਤੋਂ ਲੈ ਕੇ ਸਵੇਰ ਦੇ 9 ਵਜੇ ਤੱਕ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਦੱਸਿਆ ਕਿ ਸਮੂਹ ਕਿਸਾਨਾਂ ਤੇ ਕੰਬਾਈਨ ਹਾਰਵੈਸਟਰ ਮਾਲਕਾਂ ਨੂੰ ਇਸ ਹਦਾਇਤ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ। ਇਸ ਤੋਂ ਇਲਾਵਾ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਖ਼ਤ ਪ੍ਰਬੰਧ ਕੀਤੇ ਗਏ ਹਨ ਅਤੇ ਸੰਬੰਧਿਤ ਵਿਭਾਗਾਂ ਨੂੰ ਇਸ ਸੰਬੰਧੀ ਲੋੜੀਂਦੀ ਨਿਗਰਾਨੀ ਯਕੀਨੀ ਬਣਾਉਣ ਲਈ ਹਦਾਇਤਾਂ ਦਿੱਤੀਆਂ ਗਈਆਂ ਹਨ। ਡੀ. ਸੀ. ਨੇ ਅੱਗੇ ਦੱਸਿਆ ਕਿ ਗੁਆਂਢੀ ਰਾਜਾਂ ਤੋਂ ਘੱਟ ਕੀਮਤ ‘ਤੇ ਝੋਨਾ ਖ਼ਰੀਦ ਕੇ ਪੰਜਾਬ ਦੀਆਂ ਮੰਡੀਆਂ ‘ਚ ਐੱਮ. ਐੱਸ. ਪੀ. ‘ਤੇ ਵੇਚਣ ਦੀਆਂ ਸੰਭਾਵਨਾਵਾਂ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਖ਼ਤ ਨਿਗਰਾਨੀ ਅਤੇ ਚੈਕਿੰਗ ਪ੍ਰਬੰਧ ਕੀਤੇ ਗਏ ਹਨ। ਇਸ ਤਹਿਤ ਜ਼ਿਲ੍ਹੇ ‘ਚ ਝਰਮੜੀ ਬੈਰੀਅਰ ਲਾਲੜੂ, ਬੱਸ ਸਟੈਂਡ ਹੰਡੇਸਰਾ , ਸੀਸਵਾਂ ਟੀ-ਪੁਆਇੰਟ ਮਾਜਰਾ, ਸੇਖੋਂ ਬੈਂਕੁਇਟ ਢਕੌਲੀ (ਜ਼ੀਰਕਪੁਰ), ਬੇਹੜਾ ਮੋੜ ਡੇਰਾਬੱਸੀ ਅਤੇ ਰਾਮਗੜ੍ਹ-ਦਫ਼ਰਪੁਰ ਰੋਡ ਮੁਬਾਰਿਕਪੁਰ ਵਿਖੇ ਨਾਕੇ ਸਥਾਪਿਤ ਕੀਤੇ ਗਏ ਹਨ। ਮੀਟਿੰਗ ਦੌਰਾਨ ਡੀ. ਸੀ. ਨੇ ਜ਼ਿਲ੍ਹੇ ‘ਚ ਝੋਨੇ ਦੀ ਖ਼ਰੀਦ ਪ੍ਰਕਿਰਿਆ ਨੂੰ ਸੁਚਾਰੂ ਅਤੇ ਨਿਰਵਿਘਨ ਢੰਗ ਨਾਲ ਨੇਪਰੇ ਚਾੜ੍ਹਨ ਲਈ ਲੋੜੀਂਦੇ ਪੁਖਤਾ ਪ੍ਰਬੰਧ ਅਤੇ ਸਟੋਰੇਜ ਲਈ ਥਾਂ ਯਕੀਨੀ ਬਣਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ‘ਚ 18 ਖ਼ਰੀਦ ਕੇਂਦਰਾਂ ‘ਤੇ ਝੋਨੇ ਦੀ ਖ਼ਰੀਦ ਹੋਵੇਗੀ। ਮੀਟਿੰਗ ‘ਚ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਵਰਿੰਦਰ ਕੁਮਾਰ ਸਮੇਤ ਵੱਖ-ਵੱਖ ਸਰਕਾਰੀ ਖ਼ਰੀਦ ਏਜੰਸੀਆਂ ਦੇ ਜ਼ਿਲ੍ਹਾ ਪੱਧਰੀ ਨੁਮਾਇੰਦੇ ਵੀ ਹਾਜ਼ਰ ਸਨ।