ਐੱਸ. ਏ. ਐੱਸ. ਨਗਰ, 3 ਨਵੰਬਰ (ਕਪਿਲ ਵਧਵਾ)-400 ਗ੍ਰਾਮ ਅਫ਼ੀਮ ਦੀ ਬਰਾਮਦਗੀ ਦੇ ਮਾਮਲੇ ਵਿਚ ਅਦਾਲਤ ਨੇ ਮੁਲਜ਼ਮ ਟੁਨ ਟੁਨ ਚੌਰਸੀਆ ਨੂੰ 62 ਦਿਨਾਂ ਦੀ ਸਖ਼ਤ ਕੈਦ ਤੇ 8 ਹਜ਼ਾਰ ਰੁ. ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਮੁਲਜ਼ਮ ਵਲੋਂ ਪਹਿਲਾਂ ਹੀ ਜਾਂਚ ਤੇ ਮੁਕੱਦਮੇ ਦੀ ਕਾਰਵਾਈ ਦੌਰਾਨ ਜੇਲ੍ਹ ਵਿਚ ਬਿਤਾਏ 62 ਦਿਨਾਂ ਨੂੰ ਹੀ ਸਜ਼ਾ ਵਜੋਂ ਮੰਨਿਆ ਹੈ। ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿਚ ਉਸ ਨੂੰ 7 ਦਿਨ ਹੋਰ ਸਖ਼ਤ ਕੈਦ ਕੱਟਣੀ ਪਵੇਗੀ। ਮਾਮਲੇ ਦੀ ਸੁਣਵਾਈ ਦੌਰਾਨ ਮੁਲਜ਼ਮ ਵਲੋਂ ਪੇਸ਼ ਕੀਤੀਆਂ ਦਲੀਲਾਂ ’ਤੇ ਵਿਚਾਰ ਕਰਦਿਆਂ ਅਦਾਲਤ ਨੇ ਕਿਹਾ ਕਿ ਉਸ ਕੋਲੋਂ ਬਰਾਮਦ ਹੋਈ 400 ਗ੍ਰਾਮ ਅਫ਼ੀਮ ਵਪਾਰਕ ਮਾਤਰਾ ਦੇ ਦਾਇਰੇ ਵਿਚ ਨਹੀਂ ਆਉਂਦੀ। ਅਦਾਲਤ ਦੇ ਅਹਿਲਮਦ ਦੀ ਰਿਪੋਰਟ ਅਨੁਸਾਰ ਮੁਲਜ਼ਮ 28 ਜੁਲਾਈ 2022 ਤੋਂ 28 ਸਤੰਬਰ 2022 ਤੱਕ ਕੁੱਲ 62 ਦਿਨ ਹਿਰਾਸਤ ਵਿਚ ਰਹਿ ਚੁੱਕਾ ਹੈ। ਅਦਾਲਤ ਨੇ ਕਿਹਾ ਕਿ ਪਹਿਲਾਂ ਕੱਟੀ ਗਈ ਕੈਦ ਤੇ ਜੁਰਮਾਨੇ ਦੀ ਸਜ਼ਾ ਇਨਸਾਫ਼ ਦੇ ਮਕਸਦ ਨੂੰ ਪੂਰਾ ਕਰਨ ਲਈ ਕਾਫ਼ੀ ਹੈ। ਹਾਲਾਂਕਿ ਸਰਕਾਰੀ ਪੱਖ ਵਲੋਂ ਮੁਲਜ਼ਮ ਦੀਆਂ ਦਲੀਲਾਂ ਦਾ ਵਿਰੋਧ ਕੀਤਾ ਗਿਆ ਸੀ। ਜਾਣਕਾਰੀ ਅਨੁਸਾਰ 28 ਜੁਲਾਈ 2022 ਨੂੰ ਏ. ਐੱਸ. ਆਈ. ਕੁਲਦੀਪ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਮੁਲਜ਼ਮ ਟੁਨ ਟੁਨ ਚੌਰਸੀਆ ਨੂੰ ਕਾਬੂ ਕੀਤਾ ਸੀ। ਉਸ ਦੀ ਤਲਾਸ਼ੀ ਲੈਣ ’ਤੇ 400 ਗ੍ਰਾਮ ਅਫ਼ੀਮ ਬਰਾਮਦ ਹੋਈ ਸੀ। ਜਾਂਚ ਮੁਕੰਮਲ ਹੋਣ ਤੋਂ ਬਾਅਦ ਪੁਲਿਸ ਵਲੋਂ ਅਦਾਲਤ ਵਿਚ ਚਲਾਨ ਪੇਸ਼ ਕੀਤਾ। ਮੁਕੱਦਮੇ ਦੀ ਸੁਣਵਾਈ ਦੌਰਾਨ ਪੁਲਿਸ ਦੇ ਵੱਖ-ਵੱਖ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਗਵਾਹੀ ਦਿੱਤੀ ਅਤੇ ਬਰਾਮਦਗੀ ਸਮੇਤ ਹੋਰ ਕਾਰਵਾਈਆਂ ਬਾਰੇ ਆਪਣੇ ਬਿਆਨ ਦਰਜ ਕਰਵਾਏ। ਦੋਸ਼ ਕਬੂਲਣ ’ਤੇ ਮੰਗਲਵਾਰ ਨੂੰ ਅਦਾਲਤ ਨੇ ਮੁਲਜ਼ਮ ਨੂੰ ਐੱਨ. ਡੀ. ਪੀ. ਐੱਸ. ਐਕਟ ਦੀ ਧਾਰਾ 18 ਤਹਿਤ ਸਜ਼ਾ ਸੁਣਾ ਦਿੱਤੀ ਹੈ।