ਚੰਡੀਗੜ੍ਹ, 12 ਨਵੰਬਰ (ਅ.ਬ.)-ਸਿਹਤਮੰਦ ਮਹਿਸੂਸ ਕਰਨਾ ਮਨ ਨੂੰ ਤਸੱਲੀ ਦਿੰਦਾ ਹੈ। ਹੋ ਸਕਦਾ ਹੈ ਕਿ ਤੁਸੀਂ ਨਿਯਮਿਤ ਕਸਰਤ ਕਰਦੇ ਹੋਵੋ, ਸੰਤੁਲਿਤ ਖੁਰਾਕ ਲੈਂਦੇ ਹੋਵੋ ਤੇ ਤੁਹਾਡੇ ਸਰੀਰ ਵਿਚ ਕੋਈ ਸਪੱਸ਼ਟ ਲੱਛਣ ਵੀ ਦਿਖਾਈ ਨਾ ਦਿੰਦੇ ਹੋਣ ਪਰ ਦਿਲ ਦੀ ਸਿਹਤ ਦੇ ਮਾਮਲੇ ਵਿਚ ਇਕ ਅਹਿਮ ਅੰਕੜਾ ਅਕਸਰ ਨਜ਼ਰਅੰਦਾਜ਼ ਹੋ ਜਾਂਦਾ ਹੈ, ਉਹ ਹੈ ਘੱਟ ਘਣਤਾ ਵਾਲਾ ਲਿਪੋਪ੍ਰੋਟੀਨ ਕੋਲੈਸਟ੍ਰੋਲ (ਐਲ. ਡੀ. ਐਲ.-ਸੀ.)। ਕੋਲੈਸਟ੍ਰੋਲ ਦੀ ਨਿਯਮਤ ਜਾਂਚ ਨਾਲ ਇਸ ਦੇ ਪੱਧਰ ਦਾ ਪਤਾ ਤਾਂ ਲੱਗ ਜਾਂਦਾ ਹੈ, ਪਰ ਇਹ ਸਮਝਣਾ ਵੀ ਉਨਾ ਹੀ ਜ਼ਰੂਰੀ ਹੈ ਕਿ ਤੁਹਾਡੀ ਨਿੱਜੀ ਸਿਹਤ ਸਥਿਤੀ ਦੇ ਹਿਸਾਬ ਨਾਲ ਐਲ. ਡੀ. ਐਲ.-ਸੀ. ਦਾ ਪੱਧਰ ਠੀਕ ਹੈ ਜਾਂ ਨਹੀਂ। ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ, ਮੁਹਾਲੀ ਦੇ ਕਾਰਡਿਅਕ ਸਾਇੰਸਿਜ਼ ਵਿਭਾਗ ਅਧੀਨ ਕਾਰਡੀਓਲੋਜੀ ਵਿਭਾਗ ਦੇ ਡਾਇਰੈਕਟਰ ਤੇ ਮੁਖੀ ਡਾ. ਸੁਧੀਰ ਸਕਸੇਨਾ ਦਾ ਕਹਿਣਾ ਹੈ ਕਿ ਐਲ. ਡੀ. ਐਲ.-ਸੀ. ਦੇ ਮਾਮਲੇ ਵਿਚ ਸਿਰਫ਼ ਜਾਂਚ ਰਿਪੋਰਟ ਵਿਚ ਦਰਜ ਅੰਕੜੇ ਤੱਕ ਹੀ ਸੀਮਤ ਨਹੀਂ ਰਹਿਣਾ ਚਾਹੀਦਾ। ਉਮਰ, ਪਰਿਵਾਰਕ ਸਿਹਤ ਇਤਿਹਾਸ, ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਤੇ ਦਿਲ ਦੀਆਂ ਬਿਮਾਰੀਆਂ ਦੇ ਸਮੁੱਚੇ ਖ਼ਤਰੇ ਵਰਗੇ ਕਾਰਕਾਂ ਦੇ ਆਧਾਰ ‘ਤੇ ਹਰੇਕ ਵਿਅਕਤੀ ਲਈ ਐਲ. ਡੀ. ਐਲ.-ਸੀ. ਦਾ ਟੀਚਾ ਵੱਖਰਾ ਹੁੰਦਾ ਹੈ। ਆਪਣੇ ਸਰੀਰ ਤੇ ਸਿਹਤ ਦੇ ਅਨੁਕੂਲ ਇਸ ਟੀਚੇ ਬਾਰੇ ਜਾਣਕਾਰੀ ਰੱਖਣਾ ਕੋਲੈਸਟ੍ਰੋਲ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕਾਬੂ ਵਿਚ ਰੱਖਣ ਦਾ ਅਹਿਮ ਹਿੱਸਾ ਹੈ। ਸਹੀ ਜਾਣਕਾਰੀ, ਨਿਯਮਤ ਜਾਂਚ ਅਤੇ ਡਾਕਟਰ ਦੀ ਸਲਾਹ ਦੀ ਪਾਲਣਾ ਕਰਕੇ ਤੁਸੀਂ ਆਪਣੀ ਦਿਲ ਦੀ ਸਿਹਤ ਨੂੰ ਬਿਹਤਰ ਰੱਖ ਸਕਦੇ ਹੋ ਤੇ ਇਸ ਦੀ ਸੰਭਾਲ ਦੀ ਜ਼ਿੰਮੇਵਾਰੀ ਹੋਰ ਸੁਚੱਜੇ ਢੰਗ ਨਾਲ ਨਿਭਾ ਸਕਦੇ ਹੋ।