ਅਨਿਲ ਮਸੀਹ ਖ਼ਿਲਾਫ਼ ਕਾਰਵਾਈ ਵਿਚ ਦੇਰੀ ਨੂੰ ਲੈ ਕੇ ‘ਆਪ’ ਦਾ ਭਾਜਪਾ ਦਫ਼ਤਰ ‘ਕਮਲਮ’ ਦੇ ਨੇੜੇ ਜ਼ੋਰਦਾਰ ਪ੍ਰਦਰਸ਼ਨ
ਚੰਡੀਗੜ੍ਹ, 12 ਨਵੰਬਰ (ਅਜਾਇਬ ਸਿੰਘ ਔਜਲਾ)-ਚੰਡੀਗੜ੍ਹ ਮੇਅਰ ਚੋਣਾਂ 2024 ਵਿਚ ਕਥਿਤ ਤੌਰ ’ਤੇ ਵੋਟਾਂ ਨਾਲ ਕੀਤੀ ਹੇਰਾਫੇਰੀ ਦੇ ਮਾਮਲੇ ਵਿਚ ਅਨਿਲ ਮਸੀਹ ਖ਼ਿਲਾਫ਼ ਪ੍ਰਭਾਵਸ਼ਾਲੀ ਕਾਨੂੰਨੀ ਤੇ ਪ੍ਰਸ਼ਾਸਨਿਕ ਕਾਰਵਾਈ ਨਾ ਹੋਣ ਦੇ ਵਿਰੋਧ ਵਿਚ ਆਮ ਆਦਮੀ ਪਾਰਟੀ (ਆਪ) ਚੰਡੀਗੜ੍ਹ ਵਲੋਂ ਭਾਜਪਾ ਦਫ਼ਤਰ ‘ਕਮਲਮ’ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦੀ ਅਗਵਾਈ ‘ਆਪ’ ਚੰਡੀਗੜ੍ਹ ਦੇ ਸੂਬਾ ਪ੍ਰਧਾਨ ਵਿਜੇਪਾਲ ਸਿੰਘ ਨੇ ਕੀਤੀ।
ਚੰਡੀਗੜ੍ਹ, 12 ਨਵੰਬਰ (ਅਜਾਇਬ ਸਿੰਘ ਔਜਲਾ)-ਚੰਡੀਗੜ੍ਹ ਮੇਅਰ ਚੋਣਾਂ 2024 ਵਿਚ ਕਥਿਤ ਤੌਰ ’ਤੇ ਵੋਟਾਂ ਨਾਲ ਕੀਤੀ ਹੇਰਾਫੇਰੀ ਦੇ ਮਾਮਲੇ ਵਿਚ ਅਨਿਲ ਮਸੀਹ ਖ਼ਿਲਾਫ਼ ਪ੍ਰਭਾਵਸ਼ਾਲੀ ਕਾਨੂੰਨੀ ਤੇ ਪ੍ਰਸ਼ਾਸਨਿਕ ਕਾਰਵਾਈ ਨਾ ਹੋਣ ਦੇ ਵਿਰੋਧ ਵਿਚ ਆਮ ਆਦਮੀ ਪਾਰਟੀ (ਆਪ) ਚੰਡੀਗੜ੍ਹ ਵਲੋਂ ਭਾਜਪਾ ਦਫ਼ਤਰ ‘ਕਮਲਮ’ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦੀ ਅਗਵਾਈ ‘ਆਪ’ ਚੰਡੀਗੜ੍ਹ ਦੇ ਸੂਬਾ ਪ੍ਰਧਾਨ ਵਿਜੇਪਾਲ ਸਿੰਘ ਨੇ ਕੀਤੀ। ਇਸ ਦੌਰਾਨ ਪਾਰਟੀ ਆਗੂਆਂ ਤੇ ਵਰਕਰਾਂ ਨੇ ਨਾਅਰੇਬਾਜ਼ੀ ਕਰਦਿਆਂ ਸਵਾਲ ਉਠਾਇਆ ਕਿ ਦੇਸ਼ ਦੀ ਸਰਵਉੱਚ ਅਦਾਲਤ ਦੇ ਇਤਿਹਾਸਕ ਫ਼ੈਸਲੇ ਦੇ ਬਾਵਜੂਦ ਇਸ ਮਾਮਲੇ ਵਿਚ ਜਵਾਬਦੇਹੀ ਤੈਅ ਕਰਨ ਤੇ ਅਗਲੀ ਕਾਨੂੰਨੀ ਕਾਰਵਾਈ ਕਰਨ ਵਿਚ ਦੇਰੀ ਕਿਉਂ ਹੋ ਰਹੀ ਹੈ। ਇਹ ਮਾਮਲਾ 30 ਜਨਵਰੀ 2024 ਨੂੰ ਹੋਈਆਂ ਚੰਡੀਗੜ੍ਹ ਮੇਅਰ ਚੋਣਾਂ ਨਾਲ ਸੰਬੰਧਤ ਹੈ। ਚੋਣਾਂ ਵਿਚ ‘ਆਪ’ ਦੇ ਉਮੀਦਵਾਰ ਕੁਲਦੀਪ ਕੁਮਾਰ ਤੇ ਭਾਜਪਾ ਦੇ ਉਮੀਦਵਾਰ ਮਨੋਜ ਸੋਨਕਰ ਆਹਮੋ-ਸਾਹਮਣੇ ਸਨ। ਵੋਟਿੰਗ ਤੋਂ ਬਾਅਦ ਰਿਟਰਨਿੰਗ ਅਫ਼ਸਰ ਅਨਿਲ ਮਸੀਹ ਨੇ ਕੁਲਦੀਪ ਕੁਮਾਰ ਦੇ ਹੱਕ ਵਿਚ ਪਈਆਂ ਅੱਠ ਵੋਟਾਂ ਨੂੰ ਅਵੈਧ ਕਰਾਰ ਦੇ ਦਿੱਤਾ ਸੀ। ਇਸ ਦੇ ਆਧਾਰ ’ਤੇ ਭਾਜਪਾ ਉਮੀਦਵਾਰ ਮਨੋਜ ਸੋਨਕਰ ਨੂੰ 16 ਵੋਟਾਂ ਅਤੇ ਕੁਲਦੀਪ ਕੁਮਾਰ ਨੂੰ 12 ਵੋਟਾਂ ਮਿਲਣ ਦਾ ਐਲਾਨ ਕਰਦਿਆਂ ਮਨੋਜ ਸੋਨਕਰ ਨੂੰ ਜੇਤੂ ਐਲਾਨ ਦਿੱਤਾ ਗਿਆ ਸੀ। ਇਸ ਮਾਮਲੇ ਵਿਚ ‘ਆਪ’ ਨੇ 31 ਜਨਵਰੀ 2024 ਨੂੰ ਸੈਕਟਰ-17 ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾ ਕੇ ਅਨਿਲ ਮਸੀਹ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਗਠਜੋੜ ਦੇ ਉਮੀਦਵਾਰ ਕੁਲਦੀਪ ਕੁਮਾਰ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਰੁਖ਼ ਕੀਤਾ ਅਤੇ ਤੁਰੰਤ ਰਾਹਤ ਨਾ ਮਿਲਣ ’ਤੇ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ। 20 ਫਰਵਰੀ 2024 ਨੂੰ ਤਤਕਾਲੀ ਮੁੱਖ ਨਿਆਂਧੀਸ਼ ਡੀ. ਵਾਈ. ਚੰਦਰਚੂੜ ਦੀ ਅਗਵਾਈ ਵਾਲੇ ਤਿੰਨ ਮੈਂਬਰੀ ਬੈਂਚ ਨੇ ਇਤਿਹਾਸਕ ਫ਼ੈਸਲਾ ਸੁਣਾਉਂਦਿਆਂ ਅਵੈਧ ਕਰਾਰ ਦਿੱਤੀਆਂ ਗਈਆਂ ਸਾਰੀਆਂ ਅੱਠ ਵੋਟਾਂ ਨੂੰ ਵੈਧ ਮੰਨਿਆ। ਅਦਾਲਤ ਨੇ ਭਾਜਪਾ ਉਮੀਦਵਾਰ ਮਨੋਜ ਸੋਨਕਰ ਦੀ ਜਿੱਤ ਨੂੰ ਰੱਦ ਕਰਦਿਆਂ ਕੁਲਦੀਪ ਕੁਮਾਰ ਨੂੰ 20 ਵੋਟਾਂ ਨਾਲ ਚੰਡੀਗੜ੍ਹ ਦਾ ਚੁਣਿਆ ਹੋਇਆ ਮੇਅਰ ਐਲਾਨ ਦਿੱਤਾ, ਜਦਕਿ ਮਨੋਜ ਸੋਨਕਰ ਨੂੰ 16 ਵੋਟਾਂ ਮਿਲੀਆਂ ਸਨ। ਸੁਪਰੀਮ ਕੋਰਟ ਨੇ ਅਨਿਲ ਮਸੀਹ ਵਲੋਂ ਅਦਾਲਤ ਵਿਚ ਦਿੱਤੇ ਗਏ ਬਿਆਨ ’ਤੇ ਵੀ ਗੰਭੀਰ ਸਵਾਲ ਉਠਾਏ ਤੇ ਸੀ. ਆਰ. ਪੀ. ਸੀ. ਦੀ ਧਾਰਾ 340 ਤਹਿਤ ਕਾਰਵਾਈ ਲਈ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੇ ਨਿਰਦੇਸ਼ ਦਿੱਤੇ। ਅਪ੍ਰੈਲ 2024 ਵਿਚ ਅਨਿਲ ਮਸੀਹ ਨੇ ਸੁਪਰੀਮ ਕੋਰਟ ਵਿਚ ਬਿਨਾਂ ਸ਼ਰਤ ਮੁਆਫ਼ੀ ਵੀ ਦਾਇਰ ਕੀਤੀ ਸੀ। ਪ੍ਰਦਰਸ਼ਨ ਦੌਰਾਨ ਵਿਜੇਪਾਲ ਸਿੰਘ ਨੇ ਕਿਹਾ ਕਿ ਚੰਡੀਗੜ੍ਹ ਮੇਅਰ ਚੋਣਾਂ ਦੌਰਾਨ ਜੋ ਕੁਝ ਹੋਇਆ, ਉਹ ਸਿਰਫ਼ ਚੋਣਾਂ ਨਾਲ ਜੁੜਿਆ ਵਿਵਾਦ ਨਹੀਂ, ਸਗੋਂ ਵੋਟਰ ਦੇ ਅਧਿਕਾਰ ਤੇ ਚੋਣ ਪ੍ਰਕਿਰਿਆ ਦੀ ਨਿਰਪੱਖਤਾ ਨਾਲ ਜੁੜਿਆ ਇਕ ਗੰਭੀਰ ਮਾਮਲਾ ਹੈ। ‘ਆਪ’ ਚੰਡੀਗੜ੍ਹ ਨੇ ਮੰਗ ਕੀਤੀ ਕਿ ਅਨਿਲ ਮਸੀਹ ਖ਼ਿਲਾਫ਼ ਪਹਿਲਾਂ ਦਿੱਤੀਆਂ ਗਈਆਂ ਸ਼ਿਕਾਇਤਾਂ ’ਤੇ ਹੋਈ ਕਾਰਵਾਈ ਦਾ ਪੂਰਾ ਵੇਰਵਾ ਜਨਤਕ ਕੀਤਾ ਜਾਵੇ, ਡੀ. ਜੀ. ਪੀ. ਨੂੰ ਸੌਂਪੀ ਗਈ ਸ਼ਿਕਾਇਤ ’ਤੇ ਕਾਨੂੰਨ ਅਨੁਸਾਰ ਫ਼ੈਸਲਾ ਲੈਂਦਿਆਂ ਐਫ. ਆਈ. ਆਰ. ਦਰਜ ਕਰਨ ਤੇ ਨਿਰਪੱਖ ਜਾਂਚ ਦੀ ਮੰਗ ’ਤੇ ਕਾਰਵਾਈ ਕੀਤੀ ਜਾਵੇ। ਪ੍ਰਦਰਸ਼ਨ ’ਚ ‘ਆਪ’ ਚੰਡੀਗੜ੍ਹ ਦੇ ਜਨਰਲ ਸਕੱਤਰ ਓਂਕਾਰ ਸਿੰਘ ਔਲਖ, ਅਜੀਤ ਸਿੰਘ ਜੀਂਦ, ਤਰਸੇਮ ਮਿੱਤਲ (ਉਪ ਪ੍ਰਧਾਨ, ਟਰੇਡ ਵਿੰਗ), ਜਗਪਾਲ ਜੱਗਾ (ਦਿਹਾਤੀ ਪ੍ਰਧਾਨ), ਕੌਂਸਲਰ ਅੰਜੂ ਕਤਿਆਲ, ਵਿਰੋਧੀ ਧਿਰ ਦੇ ਨੇਤਾ ਹਰਦੀਪ ਸਿੰਘ ਬੁਟੇਰਲਾ, ਵਿਕਰਾਂਤ ਏ. ਤੰਵਰ (ਸਟੇਟ ਮੀਡੀਆ ਇੰਚਾਰਜ), ਸਾਬਕਾ ਮੇਅਰ ਕੁਲਦੀਪ ਜਲੌਰ, ਦੀਪਾ ਦੁਬੇ, ਖ਼ਜ਼ਾਨਚੀ ਜੇ. ਡੀ. ਘਈ, ਕੋਰ ਕਮੇਟੀ ਦੇ ਚੇਅਰਮੈਨ ਪ੍ਰੇਮ ਗਰਗ, ਅਨੁਸ਼ਾਸਨ ਕਮੇਟੀ ਦੇ ਚੇਅਰਮੈਨ ਪੀ.ਪੀ. ਘਈ, ਅਜੀਤ (ਬੁਲਾਰੇ), ਲਲਿਤ ਮੋਹਨ,ਐਡਵੋਕੇਟ ਰਿੰਕੂ ਭੰਡਾਰੀ, ਰੋਹਿਤ, ਕ੍ਰਿਸ਼ਨ, ਸ਼ਾਦਾਬ ਰਾਠੀ ਸਮੇਤ ਪਾਰਟੀ ਦੇ ਕਈ ਸੀਨੀਅਰ ਆਗੂ ਅਤੇ ਵਰਕਰ ਮੌਜੂਦ ਸਨ। ਇਸ ਮੌਕੇ ਕੁਝ ਪਾਰਟੀ ਵਰਕਰਾਂ ਨੂੰ ਪੁਲਿਸ ਨੇ ਭਾਜਪਾ ਦਫਤਰ ਵੱਲ ਜਾਣ ਸਮੇਂ ਰੋਕਿਆਂ ਤੇ ਉਥੋਂ ਹਿਰਾਸਤ ਲਿਆ ਪਰ ਬਾਅਦ ’ਚ ਛੱਡ ਦਿੱਤਾ।