ਐੱਸ. ਏ. ਐੱਸ. ਨਗਰ, 14 ਨਵੰਬਰ (ਪ੍ਰੋ. ਅਵਤਾਰ ਸਿੰਘ)-ਪੈਨਸ਼ਨਰਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਖ਼ਜ਼ਾਨਾ ਦਫ਼ਤਰ ਮੁਹਾਲੀ ਵਿਖੇ 19 ਤੋਂ 21 ਨਵੰਬਰ ਤੱਕ ‘ਪੈਨਸ਼ਨ ਸੇਵਾ ਪੋਰਟਲ’ ਸੰਬੰਧੀ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸੰਬੰਧੀ ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਰੇਣੁਕਾ ਕਟਿਆਲ ਨੇ ਦੱਸਿਆ ਕਿ ਜਿਨ੍ਹਾਂ ਪੈਨਸ਼ਨਰਾਂ ਦਾ ਜੀਵਨ ਪ੍ਰਮਾਣ-ਪੱਤਰ ਜਾਂ ਈ-ਕੇ. ਵਾਈ. ਸੀ. ਅਜੇ ਤੱਕ ਪੈਂਡਿੰਗ ਹੈ, ਉਹ ਇਸ ਵਿਸ਼ੇਸ਼ ਕੈਂਪ ‘ਚ ਪਹੁੰਚ ਕੇ ਮੌਕੇ ‘ਤੇ ਹੀ ਆਪਣਾ ਜੀਵਨ ਪ੍ਰਮਾਣ-ਪੱਤਰ ਅਤੇ ਈ-ਕੇ. ਵਾਈ. ਸੀ. ਦੀ ਪ੍ਰਕਿਰਿਆ ਮੁਕੰਮਲ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕੈਂਪ ‘ਚ ਆਉਣ ਸਮੇਂ ਪੈਨਸ਼ਨਰ ਆਪਣਾ ਆਧਾਰ ਕਾਰਡ, ਪੈਨ ਕਾਰਡ, ਬੈਂਕ ਪਾਸਬੁੱਕ, ਪੀ. ਪੀ. ਓ. ਦੀ ਕਾਪੀ ਤੇ ਆਧਾਰ ਕਾਰਡ ਨਾਲ ਲਿੰਕ ਕੀਤਾ ਹੋਇਆ ਚਾਲੂ ਮੋਬਾਈਲ ਫ਼ੋਨ ਨਾਲ ਲਿਆਉਣ। ਉਨ੍ਹਾਂ ਸਮੂਹ ਪੈਨਸ਼ਨਰਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਦਾ ਜੀਵਨ ਪ੍ਰਮਾਣ-ਪੱਤਰ ਜਾਂ ਈ-ਕੇ. ਵਾਈ. ਸੀ. ਬਕਾਇਆ ਹੈ, ਉਹ ਨਿਰਧਾਰਤ ਮਿਤੀਆਂ ਦੌਰਾਨ ਇਸ ਕੈਂਪ ‘ਚ ਆਪਣੀ ਪ੍ਰਕਿਰਿਆ ਸਮੇਂ ਸਿਰ ਪੂਰੀ ਕਰਵਾਉਣ ਤਾਂ ਜੋ ਉਨ੍ਹਾਂ ਦੀ ਪੈਨਸ਼ਨ ਦੀ ਅਦਾਇਗੀ ਨਿਰਵਿਘਨ ਜਾਰੀ ਰਹਿ ਸਕੇ।