ਅਬੋਹਰ, 14 ਫਰਵਰੀ (ਤੇਜਿੰਦਰ ਸਿੰਘ ਖ਼ਾਲਸਾ)-ਪੰਜਾਬ ਅੰਦਰ ਮੁੜ ਆਗਾਮੀ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਜਿਸ ਤਹਿਤ ਲੋਕ ਜਨ ਸ਼ਕਤੀ ਪਾਰਟੀ ਰਾਮਬਿਲਾਸ ਪੰਜਾਬ ਦੇ ਸੀਨੀਅਰ ਮੀਡੀਆ ਇੰਚਾਰਜ ਚੌਧਰੀ ਰਾਜੇਸ਼ ਕੁਮਾਰ ਗਹਿਰੀ ਵਾਲਾ ਨੇ ਪੰਜਾਬ ਅੰਦਰ ਪੰਜਾਬ ਫ਼ਸਟ ਤੇ ਪੰਜਾਬੀ ਫ਼ਸਟ ਬਣਾਉਣ ਨੂੰ ਲੈ ਕੇ ਆਪਣੀਆਂ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ | ਜਿਸ ਦੇ ਚੱਲਦਿਆਂ ਲੋਕ ਜਨ ਸ਼ਕਤੀ ਪਾਰਟੀ ਦੇ ਸੁਪਰੀਮੋ ਤੇ ਭਾਰਤ ਸਰਕਾਰ ਦੇ ਕੈਬਨਿਟ ਮੰਤਰੀ ਚਿਰਾਗ਼ ਪਾਸਵਾਨ ਦਿੱਲੀ ਵਿਖੇ ਚੌਧਰੀ ਰਾਜੇਸ਼ ਕੁਮਾਰ ਗਹਿਰੀ ਵਾਲਾ ਨੇ ਮੁਲਾਕਾਤ ਕੀਤੀ | ਉਨ੍ਹਾਂ ਵਲੋਂ ਪੰਜਾਬ ਪ੍ਰਧਾਨ ਸਰਦਾਰ ਅਮਰ ਸਿੰਘ ਮਹਿਮੀ ਦੀ ਅਗਵਾਈ ਹੇਠ ਸਮੁੱਚੇ ਪੰਜਾਬ ਨਾਲ ਸੰਬੰਧਿਤ ਸਮੁੱਚੇ ਜ਼ਿਲ੍ਹੇ ਤੇ ਸ਼ਹਿਰ ਮੰਡੀਆਂ ਤੋਂ ਲੈ ਕੇ ਪਿੰਡਾਂ ਤੱਕ ਲੋਕ ਜਨ ਸ਼ਕਤੀ ਪਾਰਟੀ ਦੀਆਂ ਪੰਜਾਬ ਪੱਖੀ ਗਤੀਵਿਧੀਆਂ ਨੂੰ ਘਰ-ਘਰ ਪਹੁੰਚਾਉਣ ਸੰਬੰਧੀ ਜਾਣਕਾਰੀ ਦਿੱਤੀ | ਮੁਲਾਕਾਤ ਬਾਬਤ ਚੌਧਰੀ ਰਾਜੇਸ਼ ਕੁਮਾਰ ਗਹਿਰੀ ਵਾਲਾ ਨੇ ਦੱਸਿਆ ਕਿ ਪੰਜਾਬ ਦੇ ਹਾਲਾਤ ਬਹੁਤ ਜ਼ਿਆਦਾ ਵਿਗੜ ਚੁੱਕੇ ਹਨ ਅਤੇ ਚਾਰ ਚੁਫੇਰੇ ਸ਼ਰੇਆਮ ਕਤਲੇਆਮ, ਗੁੰਡਾਗਰਦੀ, ਲੁੱਟ ਖੋਹ ਤੇ ਵਪਾਰੀਆਂ ਤੋਂ ਫਰੋਤੀਆਂ ਮੰਗਣ ਤੋਂ ਲੈ ਕੇ ਮਾਸੂਮ ਬੱਚੇ ਤੱਕ ਅਗਵਾ ਕਰਨ ਤੋਂ ਲੈ ਕੇ ਮੀਡੀਆ ਦਾ ਗਲ਼ਾ ਘੁੱਟਣ ਤੱਕ ਦੀਆਂ ਨਾਜਾਇਜ਼ ਘਟਨਾਵਾਂ ਕਰਕੇ ਪੰਜਾਬ ਦੇ ਲੋਕ ਡਰ ਦੇ ਮਾਹੌਲ ਵਿਚ ਆਪਣਾ ਜੀਵਨ ਬਤੀਤ ਕਰਨ ਨੂੰ ਮਜਬੂਰ ਹੋ ਚੁੱਕੇ ਹਨ | ਜਿਸ ਸੰਬੰਧੀ ਪਾਰਟੀ ਸੁਪਰੀਮੋ ਨੂੰ ਜਾਣੂ ਕਰਵਾਇਆ | ਉਨ੍ਹਾਂ ਕਿਹਾ ਕਿ ਲੋਕ ਜਨ ਸ਼ਕਤੀ ਪਾਰਟੀ ਪੰਜਾਬ ਦੇ ਲੋਕਾਂ ਦੀ ਪੁਰਜ਼ੋਰ ਮੰਗ 'ਤੇ ਵਿਧਾਨ ਸਭਾ ਦੀਆਂ 117 ਸੀਟਾਂ 'ਤੇ ਆਪਣੇ ਪ੍ਰਭਾਵਸ਼ਾਲੀ ਉਮੀਦਵਾਰ ਉਤਾਰੇਗੀ |