ਸੰਗਤ ਮੰਡੀ, 1 ਮਾਰਚ (ਸੁਖਤੇਜ ਧਾਲੀਵਾਲ)-ਪਿਛਲੇ ਸੱਤ ਦਿਨਾਂ ਤੋਂ ਸਬ ਮਾਈਨਰ ਕੋਟਗੁਰੂ 'ਚ ਪਏ ਪਾੜ ਨੂੰ ਪੂਰਨ ਦੀ ਥਾਂ ਵਿਭਾਗ ਵਲੋਂ ਮਾਈਨਰ ਨੂੰ ਬੰਦ ਕਰਕੇ ਖੇਤੀ ਲਈ ਤਿੰਨ ਪਿੰਡਾਂ ਦੇ ਕਿਸਾਨਾਂ ਦੀ ਨਹਿਰੀ ਸਪਲਾਈ ਬੰਦ ਕਰ ਦਿੱਤਾ ਗਿਆ ਹੈ | ਜਿਸ ਨੂੰ ਲੈਕੇ ਕਿਸਾਨਾਂ ਅੰਦਰ ਪੰਜਾਬ ਸਰਕਾਰ ਅਤੇ ਨਹਿਰੀ ਵਿਭਾਗ ਵਿਰੁੱਧ ਭਾਰੀ ਰੋਸ ਪਾਇਆ ਜਾ ਰਿਹਾ ਹੈ | ਕਿਸਾਨਾਂ ਦਾ ਕਹਿਣਾ ਹੈ ਕਿ ਇਸ ਵਾਰ ਜ਼ਿਆਦਾ ਤਾਪਮਾਨ ਵੱਧ ਹੋਣ ਕਰਕੇ ਕਣਕ ਦੀ ਫ਼ਸਲ ਨੂੰ ਪਾਣੀ ਦੀ ਸਖ਼ਤ ਜ਼ਰੂਰਤ ਸੀ, ਪਰ ਵਿਭਾਗ ਵਲੋਂ ਆਪਣੀਆਂ ਗ਼ਲਤੀਆਂ ਨੂੰ ਛਪਾਉਣ ਲਈ ਉਨ੍ਹਾਂ ਦਾ ਪਾਣੀ ਰੋਕ ਦਿੱਤਾ ਗਿਆ ਹੈ, ਜਿਸ ਨਾਲ ਕਣਕ ਦੀ ਫ਼ਸਲ ਬਰਬਾਦ ਹੋ ਜਾਣ ਦਾ ਖ਼ਦਸ਼ਾ ਜ਼ਾਹਿਰ ਹੋ ਰਿਹਾ ਹੈ | ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਪਾਣੀ ਦੀ ਸਪਲਾਈ ਜਲਦੀ ਚਾਲੂ ਨਾ ਕੀਤੀ ਗਈ ਤਾਂ ਉਨ੍ਹਾਂ ਨੂੰ ਸਰਕਾਰ ਵਿਰੁੱਧ ਸੰਘਰਸ਼ ਵਿੱਢਣ ਲਈ ਮਜਬੂਰ ਹੋਣਾ ਪਵੇਗਾ, ਜਿਸ ਦੀ ਜ਼ਿੰਮੇਵਾਰੀ ਸਬੰਧਿਤ ਵਿਭਾਗ ਦੀ ਹੋਵੇਗੀ | ਮੌਕੇ 'ਤੇ ਪੁੱਜੇ ਬੀਕੇਯੂ ਉਗਰਾਹਾਂ ਦੇ ਬਲਾਕ ਆਗੂ ਰਾਮ ਸਿੰਘ ਕੋਟਗੁਰੂ, ਜਸਕਰਨ ਸਿੰਘ ਗੋਰਾ, ਜਸਮੇਲ ਸਿੰਘ ਕਾਕਾ, ਰਣਧੀਰ ਸਿੰਘ ਧੀਰਾ, ਸੰਦੀਪ ਸਿੰਘ, ਬਿੰਦਰ ਸਿੰਘ, ਅਵਤਾਰ ਸਿੰਘ, ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਕੋਟਗੁਰੂ, ਘੁੱਦਾ, ਜੱਸੀ ਬਾਗਵਾਲੀ ਤਿੰਨ ਪਿੰਡਾਂ ਦੇ ਕਿਸਾਨਾਂ ਨੂੰ ਫ਼ਸਲਾਂ ਦੀ ਸਿੰਚਾਈ ਲਈ ਡੂੰਮਵਾਲੀ ਰਜਵਾਹੇ 'ਚੋਂ ਨਿਕਲਦੀ ਕੋਟਗੁਰੂ ਕੱਸ਼ੀ ਦੀ ਹਾਲਤ ਪਿਛਲੇ 4 ਸਾਲਾਂ ਤੋਂ ਵਿਭਾਗ ਦੀ ਅਣਦੇਖੀ ਕਾਰਨ ਸਫ਼ਾਈ ਨਾ ਹੋਣ ਕਰਕੇ ਬੇਹੱਦ ਮਾੜੀ ਬਣੀ ਹੋਈ ਹੈ | ਉਨ੍ਹਾਂ ਕਿਹਾ ਕਿ ਕੱਸ਼ੀ ਦੇ ਵਾਰ ਵਾਰ ਟੁੱਟਣ ਕਰਕੇ ਨੇੜਲੇ ਖੇਤਾਂ ਵਾਲੇ ਕਈ ਕਿਸਾਨਾਂ ਦੀਆਂ ਫ਼ਸਲਾਂ ਪਾਣੀ ਦੀ ਮਾਰ ਹੇਠ ਆਕੇ ਨੁਕਸਾਨੀਆਂ ਜਾ ਰਹੀਆਂ ਹਨ, ਪਰ ਵਿਭਾਗ ਦੇ ਕੰਨਾਂ 'ਤੇ ਜੂੰ ਤੱਕ ਨਹੀਂ ਸਰਕ ਰਹੀ | ਉਨ੍ਹਾਂ ਦੱਸਿਆ ਕਿ ਲਗਾਤਾਰ ਕਈ ਵਾਰ ਪਹਿਲਾਂ ਵੀ ਕੱਸੀ 'ਚ ਪਏ ਪਾੜਾਂ ਨੂੰ ਕਿਸਾਨਾਂ ਵਲੋਂ ਆਪਣੇ ਪੱਧਰ 'ਤੇ ਪੂਰਿਆ ਗਿਆ ਸੀ, ਪਰ ਇਸ ਵਾਰ ਜਿਨ੍ਹਾਂ ਕਿਸਾਨਾਂ ਦੀਆਂ ਫ਼ਸਲਾਂ ਪਾੜ ਪੈਣ ਨਾਲ ਪਾਣੀ ਦੀ ਮਾਰ ਹੇਠ ਆਕੇ ਬਰਬਾਦ ਹੋ ਰਹੀਆਂ ਸਨ | ਉਨ੍ਹਾਂ ਵਲੋਂ ਕਿਸਾਨਾਂ ਨੂੰ ਪਾੜ ਪੂਰਨ ਤੋਂ ਰੋਕ ਕੇ ਵਿਭਾਗ ਨੂੰ ਪੱਕਾ ਹੱਲ ਕਰਨ ਲਈ ਕਹਿਕੇ ਪਾਣੀ ਛੱਡਣ ਲਈ ਕਿਹਾ ਗਿਆ ਹੈ ਤਾਂ ਕਿ ਉਨ੍ਹਾਂ ਦੀਆਂ ਫ਼ਸਲਾਂ ਨੂੰ ਨੁਕਸਾਨ ਹੋਣ ਤੋਂ ਬਚਾਈਆਂ ਜਾਵੇ ਅਤੇ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਸਪਲਾਈ ਨਿਰਵਿਘਨ ਮਿਲ ਸਕੇ | ਇਸ ਮੌਕੇ ਇਕੱਠੇ ਹੋਏ ਕਿਸਾਨਾਂ ਵਲੋਂ ਪੰਜਾਬ ਸਰਕਾਰ ਅਤੇ ਨਹਿਰੀ ਵਿਭਾਗ ਵਿਰੁੱਧ ਜੰਮਕੇ ਨਾਅਰੇਬਾਜ਼ੀ ਕੀਤੀ ਗਈ | ਇਸ ਬਾਰੇ ਜਦੋਂ ਨਹਿਰੀ ਵਿਭਾਗ ਦੇ ਜੇਈ ਨਾਲ ਫ਼ੋਨ 'ਤੇ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਫ਼ੋਨ ਚੁੱਕਣਾ ਮੁਨਾਸਬ ਨਹੀਂ ਸਮਝਿਆ |