ਰਾਮਪੁਰਾ ਫੂਲ, 1 ਮਾਰਚ (ਹੇਮੰਤ ਕੁਮਾਰ ਸ਼ਰਮਾ)-14 ਮਾਰਚ ਨੂੰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੋਗਾ ਰੈਲੀ ਨੂੰ ਇਕੱਠ ਪੱਖੋਂ ਇਤਿਹਾਸਿਕ ਬਣਾਉਣ ਲਈ ਭਾਜਪਾ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਸਟੇਟ ਪੱਧਰ ਦੇ ਆਗੂਆਂ ਦੇ ਨਾਲ ਨਾਲ ਜ਼ਿਲ੍ਹਾ ਤੇ ਸਰਕਲ ਪੱਧਰ ਤੱਕ ਭਾਜਪਾ ਅਹੁਦੇਦਾਰ ਜੰਗੀ ਪੱਧਰ ਤੇ ਤਿਆਰੀਆਂ ਕਰ ਰਹੇ ਹਨ | ਜ਼ਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ ਗੁਰਪ੍ਰੀਤ ਸਿੰਘ ਮਲੂਕਾ ਵਲੋਂ ਵਿਧਾਨ ਸਭਾ ਹਲਕੇ ਅਤੇ ਸਰਕਲਾਂ 'ਚ ਭਾਜਪਾ ਆਗੂਆਂ ਨੂੰ ਵੱਖ-ਵੱਖ ਜ਼ਿੰਮੇਵਾਰੀ ਦਿੱਤੀ ਗਈ ਹੈ | ਅੱਜ ਰਾਮਪੁਰਾ ਵਿਖੇ ਵੀ ਗੁਰਪ੍ਰੀਤ ਸਿੰਘ ਮਲੂਕਾ ਵਲੋਂ ਭਾਜਪਾ ਜਥੇਬੰਦੀ ਦੇ ਆਗੂਆਂ ਅਤੇ ਵਰਕਰਾਂ ਨਾਲ ਅਹਿਮ ਮੀਟਿੰਗ ਕੀਤੀ ਅਤੇ ਰੈਲੀ ਬਾਰੇ ਗੱਲ ਕਰਦਿਆਂ ਮਲੂਕਾ ਨੇ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਨੂੰ ਲਈ ਸਿਰਫ਼ ਭਾਜਪਾ ਹੀ ਨਹੀਂ ਬਲਕਿ ਸਮੂਹ ਪੰਜਾਬ ਵਾਸੀਆਂ 'ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ, ਬੇਸ਼ੱਕ ਪਾਰਟੀ ਵਲੋਂ ਰੈਲੀ 'ਚ ਜਾਨ ਲਈ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ, ਪਰ ਵੱਡੀ ਗਿਣਤੀ 'ਚ ਲੋਕ ਆਪ ਮੁਹਾਰੇ ਰੈਲੀ 'ਚ ਜਾਣਗੇ | ਉਨ੍ਹਾਂ ਕਿਹਾ ਕਿ ਰਾਮਪੁਰਾ, ਤਲਵੰਡੀ ਸਾਬੋ, ਮੌੜ ਹਲਕੇ ਦੇ ਪਿੰਡਾਂ 'ਚ ਬੂਥ ਪੱਧਰ ਤੱਕ ਅਹੁਦੇਦਾਰਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ | ਇਸ ਵਾਰ ਪੇਂਡੂ ਖੇਤਰ 'ਚੋਂ ਭਾਜਪਾ ਦੀ ਰੈਲੀ ਪ੍ਰਤੀ ਉਤਸ਼ਾਹ ਸ਼ੁੱਭ ਸੰਕੇਤ ਹੈ | ਇਸ ਮੌਕੇ ਮਲੂਕਾ ਨੇ ਦਾਅਵਾ ਕੀਤਾ ਕਿ ਭਾਜਪਾ ਸ਼ਾਸਿਤ ਰਾਜਾਂ 'ਚ ਹੋ ਰਹੇ ਵਿਕਾਸ ਤੋਂ ਪੰਜਾਬ ਦੇ ਲੋਕ ਵੀ ਹੁਣ ਪ੍ਰਭਾਵਿਤ ਹਨ ਤੇ ਸੂਬੇ 'ਚ ਭਾਜਪਾ ਨੂੰ ਮੌਕਾ ਦੇਣ ਦਾ ਮਨ ਬਣਾ ਚੁੱਕੇ ਹਨ | ਅਮਿਤ ਸ਼ਾਹ ਦੀ ਮੋਗਾ ਰੈਲੀ ਪੰਜਾਬ 'ਚ ਭਾਜਪਾ ਦੇ ਅਭਿਆਨ ਦਾ ਰਸਮੀ ਐਲਾਨ ਹੋਵੇਗਾ | ਇਸ ਮੌਕੇ ਜ਼ਿਲ੍ਹਾ ਜਰਨਲ ਸਕੱਤਰ ਮੇਜਰ ਸਿੰਘ ਬਰਾੜ, ਵਿਵੇਕ ਗਰਗ, ਭਾਰਤ ਭੂਸ਼ਨ ਜੈਨ, ਰਮੇਸ਼ ਗੌਤਮ, ਲਵਲੀ ਕੁਮਾਰ, ਚੰਦਨ ਕਾਂਤ, ਪ੍ਰਦੀਪ ਬੱਲੋ੍ਹ, ਨਾਜਰ ਸਿੰਘ, ਤਿਲਕ ਸਿੰਗਲਾ, ਜੋਗਿੰਦਰ ਸਿੰਗਲਾ, ਸੁਖਵੰਤ ਸਿੰਘ ਮਹਿਰਾਜ, ਸਤਪਾਲ ਸ਼ਰਮਾ, ਮੱਖਣ ਬੱਲੋ੍ਹ ਅਤੇ ਮੀਡੀਆ ਕਨਵੀਨਰ ਰਤਨ ਸ਼ਰਮਾ ਮਲੂਕਾ ਵੀ ਹਾਜ਼ਰ ਸਨ |