ਬਠਿੰਡਾ, 1 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)-ਖੇਤਰੀ ਖੋਜ ਕੇਂਦਰ ਬਠਿੰਡਾ ਅਤੇ ਆਈ.ਸੀ.ਏ.ਆਰ.- ਸੀ.ਆਈ.ਸੀ.ਆਰ.ਆਰ.ਐਸ., ਸਿਰਸਾ ਵਲੋਂ ਪਿੰਡ ਜੋਧਪੁਰ ਰੋਮਾਣਾ (ਬਠਿੰਡਾ) ਵਿਖੇ ਨਰਮੇ ਦੀ ਫ਼ਸਲ ਵਿਚ ਗੁਲਾਬੀ ਸੁੰਡੀ ਅਤੇ ਹੋਰ ਸਮੱਸਿਆਵਾਂ ਦੀ ਰੋਕਥਾਮ ਸੰਬੰਧੀ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ | ਕੈਂਪ ਵਿਚ 100 ਤੋਂ ਵੱਧ ਕਿਸਾਨਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਖੇਤਰੀ ਖੋਜ ਕੇਂਦਰ ਬਠਿੰਡਾ ਦੇ ਡਾਇਰੈਕਟਰ ਡਾ. ਕਰਮਜੀਤ ਸਿੰਘ ਸੇਖੋਂ ਸਮੇਤ ਰਿਸਰਚ ਸਟੇਸ਼ਨ, ਬਠਿੰਡਾ ਦੇ ਵੱਖ-ਵੱਖ ਵਿਗਿਆਨੀਆਂ ਨੇ ਸ਼ਿਰਕਤ ਕੀਤੀ | ਡਾ. ਸੇਖੋਂ ਨੇ ਨਰਮੇ ਦੀ ਫ਼ਸਲ ਤੋਂ ਵੱਧ ਝਾੜ ਪ੍ਰਾਪਤ ਕਰਨ ਲਈ ਆਧੁਨਿਕ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਅਤੇ ਖੇਤੀ ਨੂੰ ਲਾਭਕਾਰੀ ਬਣਾਉਣ ਦੇ ਤਰੀਕੇ ਸਾਂਝੇ ਕੀਤੇ | ਉਨ੍ਹਾਂ ਨੌਜਵਾਨਾਂ ਦਾ ਖੇਤੀ ਵਲ ਰੁਝਾਨ ਵਧਾਉਣ ਲਈ ਅਤੇ ਆਧੁਨਿਕ ਢੰਗ ਅਪਣਾਕੇ ਵੱਧ ਮੁਨਾਫ਼ਾ ਕਮਾਉਣ ਲਈ ਪ੍ਰੇਰਿਤ ਕੀਤਾ | ਡਾ. ਹਰਜੀਤ ਸਿੰਘ ਬਰਾੜ ਨੇ ਨਰਮੇ ਦੀ ਬਿਜਾਈ ਅਤੇ ਸਹੀ ਸੰਭਾਲ ਸੰਬੰਧੀ ਤਕਨੀਕੀ ਜਾਣਕਾਰੀ ਸਾਂਝੀ ਕੀਤੀ | ਇਸੇ ਤਰ੍ਹਾਂ ਡਾ. ਸੁਖਦੀਪ ਕੌਰ ਅਤੇ ਡਾ. ਗੋਮਤੀ ਗਰੋਵਰ ਨੇ ਕਿਸਾਨ ਭਰਾਵਾਂ ਨੂੰ ਨਰਮੇ ਦੀ ਫ਼ਸਲ ਲਈ ਤਿਆਰ ਕੀਤੇ ਗਏ ਨਵੇਂ ਅਤੇ ਉੱਚ ਕੁਆਲਿਟੀ ਵਾਲੇ ਬੀਜਾਂ ਬਾਰੇ ਜਾਣਕਾਰੀ ਦਿੱਤੀ | ਐਂਟੋਮੋਲੋਜਿਸਟ ਡਾ. ਜਸਜਿੰਦਰ ਕੌਰ ਨੇ ਨਰਮੇ ਦੀ ਫ਼ਸਲ ਵਿਚ ਕੀੜੇ-ਮਕੌੜਿਆਂ ਦੀ ਰੋਕਥਾਮ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਚਿੱਟੀ ਮੱਖੀ ਦੇ ਹਮਲੇ ਤੋਂ ਬਚਾਅ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਲੋਂ ਸਿਫ਼ਾਰਿਸ਼ ਕੀਤੇ ਕੀਟਨਾਸ਼ਕ ਵਰਤਣ ਦੀ ਸਲਾਹ ਦਿੱਤੀ | ਐਂਟੋਮੋਲੋਜਿਸਟ ਡਾ. ਜਸਰੀਤ ਕੌਰ ਨੇ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਸਿਫਾਰਿਸ਼ਸ਼ੁਦਾ ਕੀਟਨਾਸ਼ਕਾਂ ਦੇ ਸਹੀ ਅਤੇ ਸਮੇਂ-ਸਿਰ ਇਸਤੇਮਾਲ ਦੇ ਨਾਲ-ਨਾਲ ਨਿਯਮਿਤ ਸਰਵੇਖਣ ਕਰਨ, ਸਪਲੈਟ ਤਕਨੀਕ, ਪੀ.ਬੀ. ਨਾਟ ਅਤੇ ਹੋਰ ਪ੍ਰਭਾਵਸ਼ਾਲੀ ਢੰਗਾਂ ਬਾਰੇ ਜਾਣਕਾਰੀ ਦਿੱਤੀ | ਇਸ ਦੌਰਾਨ ਵਿਗਿਆਨੀਆਂ ਵਲੋਂ ਕੈਂਪ ਵਿਚ ਸ਼ਾਮਲ ਕਿਸਾਨਾਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਜਾਗਰੂਕਤਾ ਪ੍ਰੋਗਰਾਮ ਜਾਰੀ ਰੱਖਣ ਦਾ ਭਰੋਸਾ ਦਿੱਤਾ ਗਿਆ |