ਭਗਤਾ ਭਾਈਕਾ, 1 ਮਾਰਚ (ਸੁਖਪਾਲ ਸਿੰਘ ਸੋਨੀ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸੂਬੇ ਦੇ ਵਿਧਾਨ ਸਭਾ ਹਲਕਿਆਂ ਅੰਦਰ ਕੀਤੀਆਂ ਜਾ ਰਹੀਆਂ 'ਪੰਜਾਬ ਬਚਾਓ' ਰੈਲੀਆਂ ਦੌਰਾਨ ਉਮੜ ਰਹੇ ਆਪ ਮੁਹਾਰੇ ਇਕੱਠ ਇਸ ਗੱਲ ਦੀ ਗਵਾਈ ਭਰ ਰਹੇ ਹਨ ਕਿ ਹੁਣ ਪੰਜਾਬ ਦੇ ਲੋਕ ਸੂਬੇ ਦੀ ਸੱਤਾ ਅਕਾਲੀ ਦਲ ਦੇ ਹੱਥਾਂ ਵਿਚ ਦੇਖਣਾ ਚਾਹੁੰਦੇ ਹਨ | ਅਕਾਲੀ ਦਲ ਵਲੋਂ ਸੂਬੇ ਅੰਦਰ ਕਰਵਾਏ ਗਏ ਵਿਕਾਸ ਕਾਰਜਾਂ ਦਾ ਮੁੜ ਅਨੰਦ ਮਾਨਣਾ ਲੋਚਦੇ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਮਾਰਕੀਟ ਕਮੇਟੀ ਭਗਤਾ ਭਾਈਕਾ ਦੇ ਸਾਬਕਾ ਚੇਅਰਮੈਨ ਅਤੇ ਯੂਥ ਆਗੂ ਗਗਨਦੀਪ ਸਿੰਘ ਗਰੇਵਾਲ ਨੇ ਕੀਤਾ | ਗਰੇਵਾਲ ਨੇ ਕਿਹਾ ਕਿ ਪਿੰਡਾਂ ਅੰਦਰ ਲੋਕਾਂ ਵਿਚ ਅਕਾਲੀ ਦਲ ਪ੍ਰਤੀ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ | ਸੂਬੇ ਦੇ ਮੌਜੂਦਾ ਹਲਾਤਾਂ ਨੂੰ ਦੇਖ ਕੇ ਕਿਸਾਨ, ਮਜ਼ਦੂਰ, ਵਪਾਰੀ ਸਮੇਤ ਹਰ ਵਰਗ ਅੱਜ ਕੱਲ੍ਹ ਬੇਹੱਦ ਘੁੱਟਣ ਅਤੇ ਡਰ ਭਰੀ ਜ਼ਿੰਦਗੀ ਬਸਰ ਕਰ ਰਿਹਾ ਹੈ | ਸੂਬੇ ਅੰਦਰ ਨਸ਼ੇ, ਲੁੱਟ ਖੋਹ, ਕਤਲੋਗਾਰਦ, ਗੁੰਡਾਗਰਦੀ ਦਾ ਬੋਲਬਾਲਾ ਦਿਨ-ਬ-ਦਿਨ ਭਾਰੂ ਹੋ ਰਿਹਾ ਹੈ | ਸਰਕਾਰ ਦੇ ਚਹੇਤੇ ਕੁਝ ਪੁਲਿਸ ਅਫ਼ਸਰ ਵੀ ਸੂਬੇ ਅੰਦਰ ਹੁਣ ਮਾਹੌਲ ਖ਼ਰਾਬ ਕਰ ਰਹੇ ਹਨ | ਸੂਬੇ ਅੰਦਰ ਬੇਕਸੂਰ ਮਾਂਵਾਂ ਦੇ ਪੁੱਤਰਾਂ ਦੀਆਂ ਬਲੀਆਂ ਲੈਣ ਦਾ ਕਾਲਾ ਦੌਰ ਮੁੜ ਸ਼ੁਰੂ ਹੋ ਚੁੱਕਾ ਹੈ | ਸੂਬੇ ਅੰਦਰ ਸ਼ਰੇਆਮ ਹੋ ਰਹੀ ਗੰੁਡਾਗਰਦੀ ਕਾਰਨ ਸਹਿਮ ਦਾ ਮਾਹੌਲ ਹੈ | ਪੰਜਾਬ ਦੇ ਲੋਕ ਹੁਣ ਅਕਾਲੀ ਦਲ ਦੀ ਸਰਕਾਰ ਦੇਖਣਾ ਚਾਹੁੰਦਾ ਹੈ | ਗਰੇਵਾਲ ਨੇ ਅਕਾਲੀ ਦਲ ਦੀ 'ਪੰਜਾਬ ਬਚਾਓ' ਰੈਲੀ ਵਿਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨ 'ਤੇ ਸਮਰਥਕਾਂ ਦਾ ਧੰਨਵਾਦ ਕੀਤਾ |