ਬਠਿੰਡਾ, 11 ਮਈ (ਪੱਤਰ ਪ੍ਰੇਰਕ)-ਸਥਾਨਕ ਸ਼ਹਿਰ ਦੀ ਨਿਰੋਲ ਧਾਰਮਿਕ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬਠਿੰਡਾ ਰਜਿ: 546 ਵਲੋਂ ਸ਼ਹਿਰ ਦੇ 7 ਸਕੂਲਾਂ 'ਚ ਗੁਰਮਤਿ ਸਿਖਲਾਈ ਕੈਂਪ ਦੀ ਆਰੰਭਤਾ ਕੀਤੀ ਗਈ | ਇੱਥੇ ਜ਼ਿਕਰਯੋਗ ਹੈ ਕਿ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਮੈਂਬਰਾਂ ਦੇ ਉਪਰਾਲੇ ਅਤੇ ਧਰਮ ਪ੍ਰਚਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰਮਤਿ ਗਿਆਨ ਸਿਖਲਾਈ ਕੈਂਪ ਹਰ ਸਾਲ ਲਗਾਇਆ ਜਾਂਦਾ ਹੈ | ਇਸ ਕੈਂਪ ਦੌਰਾਨ ਬੱਚਿਆਂ ਦੇ ਦੋ ਗਰੁੱਪ ਬਣਾ ਕੇ ਗੁਰਮਤਿ ਗਿਆਨ ਸਿੱਖ ਇਤਿਹਾਸ ਅਤੇ ਗੁਰੂ ਸਾਹਿਬਾਨਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ ਜਾਂਦੀ ਹੈ | ਇਨ੍ਹ੍ਹਾਂ ਸਕੂਲਾਂ ਵਿਚ ਲਿਟਲ ਫ਼ਲਾਵਰ ਸਕੂਲ ਗੁਰੂ ਗੋਬਿੰਦ ਸਿੰਘ ਨਗਰ, ਸਮਰਹਿਲ ਕਾਨਵੈਂਟ ਸਕੂਲ, ਗੁਰੂ ਨਾਨਕ ਪਬਲਿਕ ਸਕੂਲ ਸੰਗਤ ਸਿਵਲ ਸਟੇਸ਼ਨ, ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ, ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ, ਸੁਖਮਨੀ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਹਰਬੰਸ ਨਗਰ, ਗੁਰੂ ਨਾਨਕ ਸਕੂਲ ਕਮਲਾ ਨਹਿਰੂ, ਸ੍ਰੀ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਚ ਦੋ ਭਾਗਾਂ 'ਚ ਧਾਰਮਿਕ ਸਿਖਲਾਈ ਲਈ ਕਲਾਸਾਂ 8 ਵਜੇ ਤੋਂ 10 ਵਜੇ ਤੱਕ ਅਤੇ 11 ਵਜੇ ਤੋਂ 1 ਵਜੇ ਤੱਕ ਲਗਾਈਆਂ | ਇਸ ਮੌਕੇ ਮੁੱਖ ਸੇਵਾਦਾਰ ਅਵਤਾਰ ਸਿੰਘ ਕੈਂਥ, ਗੁਰਦਰਸ਼ਨ ਸਿੰਘ ਅਕਾਲੀ, ਸੋਹਣ ਸਿੰਘ, ਅਮਰਜੀਤ ਸਿੰਘ, ਗੁਰਚਰਨ ਸਿੰਘ ਨੇ ਜਾਣਕਾਰੀ ਦਿੰਦੇ ਕਿਹਾ ਕਿ ਕੈਂਪ 'ਚ ਸ਼ਾਮਲ ਬੱਚਿਆਂ ਨੂੰ ਸ਼ਬਦ ਗੁਰੂ ਨਾਲ ਜੁੜਣ, ਜਾਨ ਮਾਰੂ ਨਸ਼ਿਆਂ ਤੋਂ ਬੱਚਣ ਅਤੇ ਗੁਰੂ ਦੇ ਲੜ ਲੱਗਣ ਲਈ ਪ੍ਰੇਰਿਤ ਕੀਤਾ | ਕੈਂਪ ਦੇ ਚੌਥੇ ਦਿਨ ਸੁਸਾਇਟੀ ਮੈਂਬਰਾਂ ਅਤੇ ਧਰਮ ਪ੍ਰਚਾਰ ਕਮੇਟੀ ਵਲੋਂ ਬੱਚਿਆਂ ਨੂੰ ਸੁਸਾਇਟੀ ਦਾ ਸਨਮਾਨ ਚਿੰਨ ਅਤੇ ਬੱਚਿਆ ਨੂੰ ਧਾਰਮਿਕ ਪੁਸਤਕਾਂ, ਕੜੇ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਜਾਵੇਗਾ |