ਬਠਿੰਡਾ, 11 ਮਈ (ਸੱਤਪਾਲ ਸਿੰਘ ਸਿਵੀਆਂ)- ਮਨਰੇਗਾ ਦਾ ਬੰਦ ਪਿਆ ਕੰਮ ਚਲਾਉਣ ਲਈ ਪਿੰਡ ਦਿਓੁਣ ਦੇ ਮਜ਼ਦੂਰਾਂ ਵਲੋਂ ਪੰਜਾਬ ਖੇਤ ਮਜ਼ਦੂਰ ਸਭਾ ਦੇ ਝੰਡੇ ਹੇਠਾਂ ਵਧੀਕ ਡਿਪਟੀ ਕਮਿਸ਼ਨਰ ਬਠਿੰਡਾ ਦੇ ਦਫਤਰ ਮੂਹਰੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਉਪਰੰਤ ਏ.ਡੀ.ਸੀ. ਨੂੰ ਮੰਗ-ਪੱਤਰ ਸੌਂਪਿਆ ਗਿਆ | ਰੋਸ ਧਰਨੇ ਦੀ ਅਗਵਾਈ ਕਰਦਿਆਂ ਪੰਜਾਬ ਖੇਤ ਮਜ਼ਦੂਰ ਸਭਾ ਦੇ ਜ਼ਿਲ੍ਹਾ ਆਗੂ ਮਿੱਠੂ ਸਿੰਘ ਘੁੱਦਾ ਅਤੇ ਮੱਖਣ ਸਿੰਘ ਗੁਰੂਸਰ ਨੇ ਕਿਹਾ ਕਿ ਪੰਜਾਬ ਦੇ ਪਿੰਡਾਂ 'ਚ ਪਿਛਲੇ ਕਈ ਮਹੀਨਿਆਂ ਤੋਂ ਮਨਰੇਗਾ ਦਾ ਕੰਮ ਬਿਲਕੁਲ ਠੱਪ ਹੈ ਤੇ ਪਿੰਡ ਦਿਓਣ ਦੇ ਮਜ਼ਦੂਰ ਪਿਛਲੇ 10 ਮਹੀਨਿਆਂ ਤੋਂ ਮਨਰੇਗਾ ਕੰਮ ਨਾ ਮਿਲਣ ਕਾਰਨ ਬੇਰੁਜ਼ਗਾਰ ਹਨ, ਦਾ ਮਹਿੰਗਾਈ ਦੇ ਅਜੋਕੇ ਦੌਰ ਵਿਚ ਗੁਜ਼ਾਰਾ ਔਖਾ ਹੋ ਗਿਆ ਹੈ | ਇਸ ਤੋਂ ਪਹਿਲਾਂ ਕੀਤੇ ਗਏ ਕੰਮ ਦੇ ਮਿਹਨਤਾਨੇ ਨੂੰ ਮਜ਼ਦੂਰ ਤਰਸ ਰਹੇ ਹਨ ਪਰ ਕੇਂਦਰ ਅਤੇ ਪੰਜਾਬ ਸਰਕਾਰ ਨੇ ਇਸ ਮਸਲੇ 'ਤੇ ਚੁੱਪ ਧਾਰ ਕੇ ਮਜ਼ਦੂਰਾਂ ਨੂੰ ਭੁੱਖੇ ਮਰਨ ਲਈ ਛੱਡਿਆ ਹੋਇਆ ਹੈ | ਉਨ੍ਹਾਂ ਮੰਗ ਕੀਤੀ ਕਿ ਮਨਰੇਗਾ ਦਾ ਕੰਮ ਤੁਰੰਤ ਚਲਾਇਆ ਜਾਵੇ, ਮਨਰੇਗਾ ਕੰਮਾਂ 'ਚ ਮਸ਼ੀਨਰੀ ਦੀ ਵਰਤੋਂ ਬੰਦ ਕੀਤੀ ਜਾਵੇ ਤਾਂ ਜੋ ਮਜ਼ਦੂਰਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਮਿਲ ਸਕੇ, ਸਾਲ ਵਿਚ 300 ਦਿਨ ਰੁਜ਼ਗਾਰ ਤੇ ਦਿਹਾੜੀ 700 ਰੁਪਏ ਦਿੱਤੀ ਜਾਵੇ, ਕੀਤੇ ਹੋਏ ਕੰਮਾਂ ਦੀ ਅਦਾਇਗੀ ਤੁਰੰਤ ਕੀਤੀ ਜਾਵੇ ਅਤੇ ਇਸ ਤੋਂ ਇਲਾਵਾ ਬੇਘਰੇ ਮਜ਼ਦੂਰਾਂ ਨੂੰ 10-10 ਮਰਲੇ ਦੇ ਪਲਾਟ ਦਿੱਤੇ ਜਾਣ, ਮੀਹਾਂ ਦੌਰਾਨ ਮਜ਼ਦੂਰਾਂ ਦੇ ਢਹੇ ਮਕਾਨਾਂ ਦਾ ਮੁਆਵਜ਼ਾ ਦਿੱਤਾ ਜਾਵੇ | ਉਨ੍ਹਾਂ ਜਨਗਣਨਾ 2026 ਦੇ ਫਾਰਮਾਂ ਵਿਚ ਮਜ਼੍ਹਬੀ ਸਿੱਖ ਭਾਈਚਾਰੇ ਲਈ ਘਟੀਆ ਜਾਤੀਗਤ ਸ਼ਬਦ ਵਰਤਣ ਦੀ ਸਖ਼ਤ ਨਿੰਦਾ ਕਰਦਿਆਂ ਇਹ ਸ਼ਬਦ ਤੁਰੰਤ ਹਟਾਏ ਜਾਣ ਦੀ ਵੀ ਮੰਗ ਕੀਤੀ | ਇਸ ਮੌਕੇ ਭਰਾਤਰੀ ਜਥੇਬੰਦੀ ਕੁਲ ਹਿੰਦ ਕਿਸਾਨ ਸਭਾ ਦੇ ਸੂਬਾ ਜਨਰਲ ਸਕੱਤਰ ਬਰਕਰਨ ਸਿੰਘ ਬਰਾੜ, ਸੁਖਦੇਵ ਸਿੰਘ ਕੁੱਬੇ, ਕੂਕਾ ਸਿੰਘ ਨਥਾਣਾ, ਹਰਬੰਸ ਸਿੰਘ ਜੋਧਪੁਰ, ਦਰਸ਼ਨ ਸਿੰਘ ਬਾਜਕ ਨੇ ਕਿਹਾ ਕਿ ਸਰਕਾਰਾਂ ਲਗਾਤਾਰ ਮਜ਼ਦੂਰਾਂ ਦਾ ਸ਼ੋਸ਼ਣ ਕਰ ਰਹੀਆਂ ਹਨ ਤੇ ਪੰਜਾਬ ਸਰਕਾਰ ਨੇ ਮਜ਼ਦੂਰਾਂ ਦੇ ਨਾਂਅ 'ਤੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸਦਨ ਸੱਦ ਕੇ ਸਿਰਫ਼ ਡਰਾਮਾ ਕੀਤਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਨੇ ਤੁਰੰਤ ਮਨਰੇਗਾ ਕੰਮ ਸ਼ੁਰੂ ਨਾ ਕੀਤਾ ਤਾਂ ਮਜ਼ਦੂਰ ਚੋਣਾਂ ਮੌਕੇ ਸੱਤਾਧਾਰੀ ਧਿਰ ਨੂੰ ਘੇਰਨ ਲਈ ਮਜਬੂਰ ਹੋਣਗੇ |