ਘਨੌਲੀ, 12 ਫਰਵਰੀ (ਜਸਵੀਰ ਸਿੰਘ ਸੈਣੀ)-ਘਨੌਲੀ ਨਾਲਾਗੜ੍ਹ ਮਾਰਗ 'ਤੇ ਬਿੱਕੋ ਨੇੜੇ ਟਰੱਕ ਤੇ ਸਕੂਟਰੀ ਦੀ ਟੱਕਰ ਦੌਰਾਨ ਐਕਟਿਵਾ ਸਵਾਰ ਲੜਕੀ ਦੀ ਮੌਕੇ 'ਤੇ ਮੌਤ ਹੋ ਗਈ | ਇਸ ਸਬੰਧੀ ਘਨੌਲੀ ਚੌਂਕੀ ਦੇ ਇੰਚਾਰਜ ਸੋਹਨ ਸਿੰਘ ਨੇ ਦੱਸਿਆ ਕਿ ਪਰਵਿੰਦਰ ਕੌਰ ਪਤਨੀ ਰਤੇਸ਼ ਕੁਮਾਰ ਸੈਣੀ ਵਾਸੀ ਸੁੱਖਰਾਮਪੁਰ ਟੱਪਰੀਆਂ ਨੇੜੇ ਰੂਪਨਗਰ ਆਪਣੀ ਸਾਥਣ ਬਲਜੀਤ ਕੌਰ (28) ਪੁੱਤਰੀ ਹਰਭਜਨ ਸਿੰਘ ਨਾਲ ਰੋਜ਼ਾਨਾ ਦੀ ਤਰ੍ਹਾਂ ਹਿਮਾਚਲ ਪ੍ਰਦੇਸ਼ ਤੋਂ ਡਿਊਟੀ ਉਪਰੰਤ ਆਪਣੀ ਐਕਟਿਵਾ ਪੀ ਬੀ 12 ਕੇ 1921 ਪਰ ਸਵਾਰ ਹੋ ਕੇ ਆਪਣੇ ਘਰ ਨੂੰ ਜਾ ਰਹੀਆਂ ਸਨ, ਕਿ ਟਰੱਕ ਐਚਪੀ 12 ਸੀ 8722 ਨਾਲ ਟੱਕਰ ਹੋ ਗਈ | ਜਿਸ ਕਾਰਨ ਪਿੱਛੇ ਬੈਠੀ ਬਲਜੀਤ ਕੌਰ ਦੀ ਮੌਕੇ 'ਤੇ ਮੌਤ ਹੋ ਗਈ | ਜਦੋਂ ਕਿ ਐਕਟਿਵਾ ਸਵਾਰ ਪਰਵਿੰਦਰ ਕੌਰ ਗੰਭੀਰ ਜ਼ਖਮੀ ਹੋ ਗਈ, ਜਿਸ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਰੂਪਨਗਰ ਲਿਆਂਦਾ ਗਿਆ | ਘਨੌਲੀ ਪੁਲਿਸ ਵੱਲੋਂ ਮੌਕੇ 'ਤੇ ਘਟਨਾ ਦਾ ਜਾਇਜ਼ਾ ਲੈਂਦੇ ਹੋਏ ਵਾਹਨ ਆਪਣੇ ਕਬਜ਼ੇ ਵਿਚ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |