ਨੂਰਪੁਰ ਬੇਦੀ, 12 ਫਰਵਰੀ (ਰਾਜੇਸ਼ ਚੌਧਰੀ ਤਖਤਗੜ੍ਹ, ਹਰਦੀਪ ਢੀਂਡਸਾ, ਵਿੰਦਰਪਾਲ ਝਾਂਡੀਆਂ)-ਵੇਰਕਾ ਵਲੋਂ ਦੁੱਧ ਦੇ ਰੇਟਾਂ 'ਚ ਪ੍ਰਤੀ ਲੀਟਰ 3 ਰੁਪਏ ਦੀ ਅਚਾਨਕ ਕੀਤੀ ਗਈ ਕਟੌਤੀ ਦੇ ਵਿਰੋਧ 'ਚ ਨੂਰਪੁਰ ਬੇਦੀ ਵਿਖੇ ਗ਼ੁੱਸੇ 'ਚ ਆਏ ਪਸ਼ੂ ਪਾਲਕਾਂ ਨੇ ਨੂਰਪੁਰ ਬੇਦੀ-ਰੂਪਨਗਰ ਮੁੱਖ ਮਾਰਗ ਜਾਮ ਕਰ ਦਿੱਤਾ | ਇਸ ਮੌਕੇ ਨੂਰਪੁਰ ਬੇਦੀ ਖੇਤਰ ਦੇ ਪਿੰਡਾਂ ਤੋਂ ਇਕੱਠੇ ਹੋਏ ਸੈਂਕੜੇ ਦੁੱਧ ਉਤਪਾਦਕਾਂ ਨੇ ਵੱਖ-ਵੱਖ ਰਾਜਨੀਤਕ ਤੇ ਸਮਾਜਿਕ ਖੇਤਰ ਨਾਲ ਜੁੜ੍ਹੀਆਂ ਸ਼ਖ਼ਸੀਅਤਾਂ ਦੇ ਸਹਿਯੋਗ ਨਾਲ ਕਰੀਬ 3 ਘੰਟੇ ਚੱਕਾ ਜਾਮ ਕਰਕੇ ਆਪਣੀ ਆਵਾਜ਼ ਬੁਲੰਦ ਕੀਤੀ | ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਪਸ਼ੂਆਂ ਦੇ ਚਾਰੇ, ਦਵਾਈਆਂ ਤੇ ਰੱਖ-ਰਖਾਅ ਦੇ ਖ਼ਰਚੇ ਲਗਾਤਾਰ ਵਧ ਰਹੇ ਹਨ, ਪਰ ਵੇਰਕਾ ਵਲੋਂ ਰੇਟ ਘਟਾ ਕੇ ਸਾਨੂੰ ਆਰਥਿਕ ਤੌਰ 'ਤੇ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੇਕਰ ਇਹ ਫ਼ੈਸਲਾ ਤੁਰੰਤ ਵਾਪਸ ਨਾ ਲਿਆ ਗਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ | ਇਸ ਪ੍ਰਦਰਸ਼ਨ ਦੌਰਾਨ ਵੇਰਕਾ ਪ੍ਰਬੰਧਨ ਅਤੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ | ਇਸ ਚੱਕਾ ਜਾਮ ਦੌਰਾਨ ਰੁਪਿੰਦਰ ਸੰਦੋਆ, ਸੁਖਵਿੰਦਰ ਬੜਵਾ, ਕਨਵੀਨਰ ਗੌਰਵ ਰਾਣਾ, ਬਲਵੀਰ ਭੱਟੋਂ, ਮੋਹਨ ਡੂਮੇਵਾਲ, ਭਜਨ ਕਾਂਗੜ, ਪਰਮਜੀਤ ਬਾਹਮਣ ਮਾਜਰਾ, ਹਰਮੇਸ਼ ਠੋਡਾ, ਸਾਬਕਾ ਵਿਧਾਇਕ ਅਮਰਜੀਤ ਸੰਦੋਆ, ਜ਼ਿਲ੍ਹਾ ਕਾਂਗਰਸ ਪ੍ਰਧਾਨ ਅਸ਼ਵਨੀ ਸ਼ਰਮਾ, ਨਿਰਮਲ ਸੰਦੋਆ, ਜਰਨੈਲ ਸਿੰਘ ਅÏਲਖ ਅਤੇ ਹੁਸਨ ਚੌਧਰੀ ਰੂੜੇਵਾਲ ਨੇ ਸੰਬੋਧਨ ਕੀਤਾ | ਇਸ ਦੌਰਾਨ ਅਧਿਕਾਰੀਆਂ ਵਲੋਂ ਸਮਝਾਏ ਜਾਣ 'ਤੇ ਪ੍ਰਦਰਸ਼ਨਕਾਰੀਆਂ ਨੇ 2 ਵਜੇ ਚੱਕਾ ਜਾਮ ਹਟਾਇਆ |