08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਪੰਜਾਬ ਦੇ ਮਾਝਾ ਤੇ ਦੁਆਬਾ ਖ਼ਿੱਤੇ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨਾਲ ਜੋੜਨ ਵਾਲੇ ਪੁਲ ਦੀ ਮੁਰੰਮਤ ਦਾ ਕੰਮ ਹੋਇਆ ਸ਼ੁਰੂ <br/>

ਅਜੀਤ ਡੈਸਕ 14-02-2026
ਨੂਰਪੁਰ ਬੇਦੀ, 13 ਫਰਵਰੀ (ਹਰਦੀਪ ਸਿੰਘ ਢੀਂਡਸਾ)-ਪੰਜਾਬ ਦੇ ਮਾਝਾ ਤੇ ਦੁਆਬਾ ਖ਼ਿੱਤੇ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੇ ਮਾਤਾ ਨੈਣਾਂ ਦੇਵੀ ਨਾਲ ਜੋੜਨ ਵਾਲੇ ਸੰਗਤਪੁਰ-ਠਾਣਾ ਪੁਲ ਦੀ ਮੁਰੰਮਤ ਦਾ ਕੰਮ ਸ਼ੁਰੂ ਹੋ ਗਿਆ ਹੈ | ਬੀਤੇ ਲੰਬੇ ਅਰਸੇ ਤੋਂ ਇਹ ਪੁਲ ਖਣਨ ਮਾਫ਼ੀਏ ਦੀ ਬੇਰੁਖ਼ੀ ਦਾ ਸ਼ਿਕਾਰ ਸੀ, ਜਿਸ ਕਰਕੇ ਜਿਥੇ ਇਸ ਪੁਲ ਦੀ ਸੜਕ ਖਸਤਾ ਹਾਲਤ ਵਿਚ ਸੀ ਉੱਥੇ ਇਸ ਦੇ 22 ਪਿਲਰਾਂ ਦੀ ਨੀਂਹ ਵੀ ਆਪਣਾ ਵਜੂਦ ਗਵਾ ਰਹੀ ਸੀ | ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਯਤਨਾਂ ਸਦਕਾ ਇਸ ਪੁਲ ਦੀ ਸੜਕ 'ਤੇ ਪ੍ਰੀਮਿਕਸ ਪਾਉਣ, ਰਿਟੇਨਿੰਗ ਦੀਵਾਰ ਨੂੰ ਮਜ਼ਬੂਤ ਕਰਨ ਪਿਲਰਾਂ ਅਤੇ ਹੋਰ ਮੁਰੰਮਤ ਲਈ 5.80 ਕਰੋੜ ਰੁਪਏ ਦਾ ਟੈਂਡਰ ਜਾਰੀ ਕਰਕੇ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ | ਸਬੰਧਿਤ ਠੇਕੇਦਾਰ ਨੇ ਦੱਸਿਆ ਕਿ ਇਸ ਪੁਲ ਦੇ ਪਿੱਲਰਾਂ ਦੇ ਆਲ਼ੇ ਦੁਆਲੇ ਮਿੱਟੀ ਦਾ ਮਜ਼ਬੂਤ ਬੇਸ ਮੌਜੂਦ ਨਹੀਂ ਹੈ, ਪੰਜ ਮੀਟਰ ਡੂੰਘਾਈ ਵਿਚ ਤਿੰਨ ਲੇਅਰਾਂ ਵਾਲੇ ਸਟੈਪ-ਟਾਈਪ ਗੋਲ ਡੰਗੇ ਲਗਾਏ ਜਾ ਰਹੇ ਹਨ, ਜਿਸ ਨਾਲ ਪੁਲ ਦੀ ਨੀਂਹ ਮਜ਼ਬੂਤ ਹੋਵੇਗੀ ਅਤੇ ਭਵਿੱਖ ਵਿਚ ਹੜ੍ਹਾਂ ਦਾ ਖ਼ਤਰਾ ਘੱਟ ਹੋਵੇਗਾ | ਟੈਂਡਰ ਵਿਚ ਉੱਪਰਲੀ ਸੜਕ ਦੀ ਮੁਰੰਮਤ ਤੋਂ ਲੈ ਕੇ ਹੇਠਾਂ ਡੰਗਿਆਂ ਦੇ ਨਿਰਮਾਣ ਤੱਕ ਸਾਰਾ ਕੰਮ ਸ਼ਾਮਲ ਹੈ | ਪੁਲ ਦਾ ਕੰਮ ਸ਼ੁਰੂ ਹੋ ਕਾਰਨ ਹੋਲੇ ਮੁਹੱਲੇ ਤੇ ਸ੍ਰੀ ਅਨੰਦਪੁਰ ਸਾਹਿਬ ਆਉਣ ਵਾਲੀਆਂ ਸੰਗਤਾਂ ਨੂੰ ਵੱਡੀ ਰਾਹਤ ਮਿਲੇਗਾ | ਗੜ੍ਹਸ਼ੰਕਰ-ਸ੍ਰੀ ਅਨੰਦਪੁਰ ਸਾਹਿਬ ਮਾਰਗ ਨੂੰ ਨਮੂਨੇ ਦੀ ਸੜਕ ਬਣਾਉਣ ਲਈ ਸੰਤ ਬਾਬਾ ਸਤਨਾਮ ਸਿੰਘ ਜੀ ਕਾਰਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਵਾਲੇ ਪਹਿਲਾਂ ਹੀ ਜੰਗੀ ਪੱਧਰ 'ਤੇ ਕੰਮ ਕਰਵਾ ਰਹੇ ਹਨ | ਪੁਲ ਦੀ ਸੁਰੱਖਿਆ ਅਤੇ ਮਜ਼ਬੂਤੀ ਦੀ ਲੰਬੇ ਸਮੇਂ ਤੋਂ ਆਵਾਜ਼ ਉਠਾਉਣ ਵਾਲੇ ਪੰਜਾਬ ਮੋਰਚਾ ਦੇ ਆਗੂ ਗੌਰਵ ਰਾਣਾ ਤੇ ਐਡਵੋਕੇਟ ਵਿਸ਼ਾਲ ਸੈਣੀ ਨੇ ਕਿਹਾ ਕਿ ਇਸ ਪੁਲ ਦੀ ਮੁਰੰਮਤ ਦਾ ਕੰਮ ਸ਼ੁਰੂ ਹੋਣਾ ਪੰਜਾਬ ਦੇ ਲੋਕਾਂ ਲਈ ਚੰਗਾ ਸੰਕੇਤ ਹੈ | ਉਨ੍ਹਾਂ ਕਿਹਾ ਕਿ ਪੁਲ ਨੇੜੇ ਪਾਣੀ ਵਿਚ ਆ ਰਹੇ ਕੈਮੀਕਲ ਤੱਤਾਂ ਦੀ ਜਾਂਚ ਵੀ ਜ਼ਰੂਰੀ ਹੈ | ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਸਤਲੁਜ ਅਤੇ ਸਵਾਂ ਦਰਿਆ ਨੂੰ ਚੈਨਲਾਈਜ਼ ਕਰਕੇ ਸਾਈਡਾਂ 'ਤੇ ਪ੍ਰੋਟੈਕਸ਼ਨ ਵਾਲ ਮਜ਼ਬੂਤ ਕੀਤੀ ਜਾਵੇ ਅਤੇ ਮਾਈਨਿੰਗ ਕਾਰੋਬਾਰ ਨੂੰ ਨਿਯਮਬੱਧ ਨੀਤੀ ਹੇਠ ਚਲਾਇਆ ਜਾਵੇ, ਤਾਂ ਜੋ ਸਥਾਨਕ ਨੌਜਵਾਨਾਂ ਨੂੰ ਸੁਰੱਖਿਅਤ ਰੋਜ਼ਗਾਰ ਮਿਲ ਸਕੇ |

ਪਿਛਲੀ ਖ਼ਬਰ ਦੁੱਧ ਉਤਪਾਦਕ ਸਭਾ ਮਹਿਰੋਲੀ ਦੀ ਚੋਣ ਹੋਈ ਅਗਲੀ ਖ਼ਬਰ ਭਾਈ ਗੁਰਮੁਖ ਸਿੰਘ ਦੇ ਸਦੀਵੀ ਵਿਛੋੜੇ 'ਤੇ ਸਮੂਹ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।