ਮੋਰਿੰਡਾ 14 ਫਰਵਰੀ (ਪਿ੍ਤਪਾਲ ਸਿੰਘ)-ਸੀਨੀਅਰ ਸਿਟੀਜਨ ਕੌਂਸਲ ਮੋਰਿੰਡਾ ਵਲੋਂ, ਖ਼ਾਲਸਾ ਗਰਲਜ ਕਾਲਜ ਮੋਰਿੰਡਾ ਵਿਖੇ ਅੰਤਰ-ਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਇਸ ਸੰਬੰਧੀ ਚਰਨਜੀਤ ਸਿੰਘ ਕਲਸੀ ਮੀਤ ਪ੍ਰਧਾਨ ਨੇ ਦੱਸਿਆ ਕਿ ਪ੍ਰੋਗਰਾਮ ਦੀ ਸ਼ੁਰੂਆਤ ਸਮੇਂ ਕੌਂਸਲ ਦੇ ਮੈਂਬਰ, ਸਾਬਕਾ ਐਮ.ਸੀ. ਹਰਦੇਵ ਸਿੰਘ ਰੂਪਰਾਏ ਅਤੇ ਸਪਿੰਦਰ ਸਿੰਘ ਭੰਗੂ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਮੋਰਿੰਡਾ ਦੇ ਅਚਾਨਕ ਸਦੀਵੀ ਵਿਛੋੜਾ ਦੇਣ ਕਾਰਨ, ਦੋ ਮਿੰਟ ਦਾ ਮੌਨ ਧਾਰਨ ਕਰਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਉਪਰੰਤ ਕੌਂਸਲ ਪ੍ਰਧਾਨ ਅਮਰਜੀਤ ਸਿੰਘ ਕੰਗ ਨੇ ਅੰਤਰ-ਰਾਸ਼ਟਰੀ ਮਾਤ ਭਾਸ਼ਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਰੇ ਦੇਸ਼ਾਂ ਵਿਚ ਆਪਣੀ ਆਪਣੀ ਮਾਤ ਭਾਸ਼ਾ ਦੇ ਮਹੱਤਵ ਨੂੰ ਦਰਸਾਉਂਣ ਲਈ ਹਰ ਸਾਲ 21 ਫਰਵਰੀ ਨੂੰ ਅੰਤਰ-ਰਾਸ਼ਟਰੀ ਦਿਵਸ ਵੱਜੋਂ ਮਨਾਇਆ ਜਾਂਦਾ ਹੈ | ਸੱਭ ਤੋਂ ਪਹਿਲਾਂ ਮਾਤ ਭਾਸ਼ਾ ਨੁੰ ਮਨਾਉਣ ਦਾ ਪ੍ਰਸਤਾਵ ਬੰਗਲਾ ਦੇਸ਼ ਵਲੋਂ ਪੇਸ਼ ਕੀਤਾ ਗਿਆ ਸੀ ਅਤੇ ਹੁਣ ਸੰਨ 2000 ਤੋਂ ਪੂਰੀ ਦੁਨੀਆਂ ਦੇ ਲੋਕਾਂ ਵਲੋਂ ਆਪਣੀ ਆਪਣੀ ਮਾਤ-ਭਾਸ਼ਾ ਦੀ ਬਿਹਤਰੀ ਲਈ ਸਮਾਗਮ ਕਰਵਾਏ ਜਾਂਦੇ ਹਨ | ਉਹਨਾਂ ਕਿਹਾ ਵੱਖ-ਵੱਖ ਸਮਿਆਂ ਦੀਆਂ ਖੋਜਾਂ ਨੇ ਸਿੱਧ ਕੀਤਾ ਹੈ ਕਿ ਮਾਤ ਭਾਸ਼ਾ ਵਿਅਕਤੀ ਦੇ ਬੌਧਿਕ ਵਿਕਾਸ ਵਿਚ ਸਹਾਈ ਹੁੰਦੀ ਹੈ | ਇੱਥੋਂ ਤੱਕ ਕਿ ਜੇਕਰ ਕੋਈ ਬੱਚਾ ਆਪਣੀ ਸਿੱਖਿਆ ਮਾਤ ਭਾਸ਼ਾ ਵਿਚ ਗ੍ਰਹਿਣ ਕਰਦਾ ਹੈ, ਉਸਦਾ ਮਾਨਸਿਕ ਵਿਕਾਸ ਤੁਲਨਾ ਵਿਚ ਜਿਆਦਾ ਤੇਜੀ ਨਾਲ ਹੁੰਦਾ ਹੈ | ਇਸ ਮੌਕੇ ਪ੍ਰੋ.ਆਰ. ਸੀ. ਢੰਡ, ਅਮਰੀਕ ਸਿੰਘ ਰੀਹਲ, ਗੁਰਦੇਵ ਸਿੰਘ ਤੂਰ ਨੇ ਵੀ ਆਪਣੇ ਆਪਣੇ ਵਿਚਾਰ ਪੇਸ਼ ਕੀਤੇ | ਸਮਾਗਮ ਦੌਰਾਨ ਪ੍ਰੋਫੈਸਰ ਆਰ.ਸੀ. ਢੰਡ ਨੂੰ ਪੰਜਾਬ ਸਰਕਾਰ ਵਲੋਂ ਬਜ਼ੁਰਗਾਂ ਦੀ ਭਲਾਈ ਲਈ ਕੀਤੇ ਕਾਰਜਾਂ ਲਈ ਸੂਬਾ ਪੱਧਰੀ ਸਮਾਗਮ ਮੋਹਾਲੀ ਵਿਖੇ ਪ੍ਰਸੰਸਾ- ਪੱਤਰ ਪ੍ਰਾਪਤ ਕਰਨ ਹਿੱਤ ਅਤੇ ਉਹ ਕੋਂਸਲ ਮੈਂਬਰ ਜਿਹਨਾਂ ਦੇ ਜਨਮ ਦਿਨ ਜਨਵਰੀ ਤੇ ਫਰਵਰੀ ਮਹੀਨੇ ਵਿਚ ਆਉਂਦੇ ਹਨ, ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਆਏ ਮਹਿਮਾਨਾਂ ਦਾ ਕੌਂਸਲ ਮੈਂਬਰ ਭਾਗ ਸਿੰਘ ਵੱਲੋਂ ਧੰਨਵਾਦ ਕੀਤਾ ਗਿਆ | ਇਸ ਮੌਕੇ ਪ੍ਰਮਾਤਮਾ ਸਿੰਘ ਢੀਂਡਸਾ, ਦਵਿੰਦਰ ਸਿੰਘ ਧਾਲੀਵਾਲ, ਜਗਦੀਸ਼ ਕੁਮਾਰ ਵਰਮਾ, ਹਰਵਿੰਦਰ ਸਿੰਘ ਸਿੱਧੂ ਅਤੇ ਹਰਮੀਤ ਸਿੰਘ ਪਨੈਚਾਂ ਆਦਿ ਮੈਂਬਰ ਹਾਜ਼ਰ ਸਨ |