ਰੂਪਨਗਰ, 14 ਫਰਵਰੀ (ਸਤਨਾਮ ਸਿੰਘ ਸੱਤੀ)-ਸੰਤ ਬਾਬਾ ਮਾਨ ਸਿੰਘ ਜੀ ਪਿਹੋਵੇ ਵਾਲਿਆਂ ਵਲੋਂ ਵਰੋਸਾਈ ਸੰਤ ਕਰਮ ਸਿੰਘ ਅਕੈਡਮੀ ਵਿਚ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਸ਼ਾਨਦਾਰ ਵਿਦਾਇਗੀ ਸਮਾਰੋਹ ਕਰਵਾਇਆ ਗਿਆ | ਸਮਾਗਮ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਹੋਈ, ਜਿਸ ਨਾਲ ਪੂਰਾ ਮਾਹੌਲ ਆਧਿਆਤਮਿਕ ਰੰਗ ਵਿਚ ਰੰਗਿਆ ਗਿਆ | ਉਪਰੰਤ ਅਕੈਡਮੀ ਦੇ ਵਿਦਿਆਰਥੀਆਂ ਵਲੋਂ ਸ਼ਬਦ ਕੀਰਤਨ ਕਰਕੇ ਸੰਗਤ ਨੂੰ ਨਿਹਾਲ ਕੀਤਾ ਗਿਆ | ਇਸ ਮੌਕੇ ਬਾਬਾ ਸੁਰਜਨ ਸਿੰਘ ਜੀ ਨੇ ਰਸਭਿੰਨਾ ਕੀਰਤਨ ਕੀਤਾ ਤੇ ਗੁਰਬਾਣੀ ਦੀਆਂ ਉਦਾਹਰਣਾਂ ਦੇ ਜ਼ਰੀਏ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਜੀਵਨ ਵਿਚ ਗੁਰਬਾਣੀ ਨੂੰ ਓਟ ਆਸਰਾ ਬਣਾ ਕੇ ਉੱਚੀਆਂ ਪਦਵੀਆਂ ਹਾਸਲ ਕਰਨ | ਉਨ੍ਹਾਂ ਨੇ ਕਿਹਾ ਕਿ ਅਸਲੀ ਸਫਲਤਾ ਉਸੀ ਨੂੰ ਮਿਲਦੀ ਹੈ ਜੋ ਸਿੱਖਿਆ ਦੇ ਨਾਲ-ਨਾਲ ਸੰਸਕਾਰਾਂ ਨੂੰ ਵੀ ਅਪਣਾਉਂਦਾ ਹੈ | ਕੀਰਤਨ ਉਪਰੰਤ ਬਾਬਾ ਸੁਰਜਨ ਸਿੰਘ, ਬਾਬਾ ਜੁਝਾਰ ਸਿੰਘ ਤੇ ਪਿ੍ੰਸੀਪਲ ਮੈਡਮ ਸਤਪਾਲ ਕੌਰ ਵਲੋਂ ਵਿਦਿਆਰਥੀਆਂ ਨੂੰ ਟਾਈਟਲ ਦੇ ਕੇ ਸਨਮਾਨਿਤ ਕੀਤਾ ਗਿਆ | ਇਸ਼ਪ੍ਰੀਤ ਸਿੰਘ ਨੂੰ 'ਮਿਸਟਰ ਐਸ.ਕੇ.ਐਸ.' ਤੇ ਜਸਮਨਪ੍ਰੀਤ ਕੌਰ ਨੂੰ 'ਮਿਸ ਐਸ.ਕੇ.ਐਸ.' ਦਾ ਟਾਈਟਲ ਦਿੱਤਾ ਗਿਆ | ਇਸ ਮੌਕੇ ਅਕੈਡਮੀ ਦੀ ਮੈਨੇਜਮੈਂਟ ਵਲੋਂ ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਉਜਲੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ | ਸਮਾਰੋਹ ਵਿਚ ਦਲਜੀਤ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਅੰਤ ਵਿਚ ਵਿਦਿਆਰਥੀਆਂ ਤੇ ਸਟਾਫ਼ ਲਈ ਰਿਫਰੈਸ਼ਮੈਂਟ ਅਤੇ ਲੰਚ ਦਾ ਪ੍ਰਬੰਧ ਕੀਤਾ ਗਿਆ, ਜਿਸ ਨਾਲ ਸਮਾਗਮ ਸੁਖਦਾਇਕ ਯਾਦਾਂ ਨਾਲ ਸੰਪੰਨ ਹੋਇਆ |