ਨੂਰਪੁਰ ਬੇਦੀ, 27 ਫਰਵਰੀ (ਹਰਦੀਪ ਸਿੰਘ ਢੀਂਡਸਾ)-ਨੂਰਪੁਰ ਬੇਦੀ ਬਲਾਕ ਦੇ ਪਿੰਡ ਰਾਏਪੁਰ ਨਾਲ ਸਬੰਧਿਤ ਅੰਤਰਰਾਸ਼ਟਰੀ ਕਬੱਡੀ ਖਿਡਾਰਨ ਹਰਵਿੰਦਰ ਕੌਰ ਨੂੰ ਲਾਈਫ ਟਾਈਮ ਅਚੀਵਮੈਂਟ ਅਵਾਰਡ ਮੌਕੇ ਫਰੌਨੈਕਸ ਗੱਡੀ ਨਾਲ ਸਨਮਾਨਿਤ ਕੀਤਾ ਗਿਆ | ਨੋਨਾ ਨੂੰ ਇਹ ਅਵਾਰਡ ਉੱਘੇ ਖੇਡ ਪ੍ਰਮੋਟਰ ਗੁਰਦੀਪ ਸਿੰਘ ਪਰਾਗਪੁਰ ਯੂ.ਐਸ.ਏ. ਵਾਲਿਆ ਵਲੋਂ ਦਿੱਤਾ ਗਿਆ | ਨੋਨਾ ਨੂੰ ਚੈੜੀਆਂ ਵਿਖੇ ਕਬੱਡੀ ਕੱਪ ਦੌਰਾਨ ਇਹ ਕਾਰ ਦੇ ਕੇ ਸਨਮਾਨਿਤ ਕੀਤਾ ਗਿਆ | ਨੋਨਾ ਨੇ ਇਸ ਅਵਾਰਡ ਲਈ ਖੇਡ ਪ੍ਰਮੋਟਰ ਗੁਰਦੀਪ ਸਿੰਘ ਪਰਾਗਪੁਰ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਵਲੋਂ ਉਸ ਦੀ ਖੇਡ ਨੂੰ ਪ੍ਰਮੋਟ ਕਰਨ ਲਈ ਵੱਡਮੁੱਲਾ ਯੋਗਦਾਨ ਪਾਇਆ ਹੈ | ਇਹਨਾਂ ਵਲੋਂ ਦਿੱਤੀ ਹੱਲਾਸ਼ੇਰੀ ਕਾਰਨ ਉਹ ਅੰਤਰ ਰਾਸ਼ਟਰੀ ਪੱਧਰ ਤੱਕ ਕਬੱਡੀ ਵਿਚ ਨਾਮ ਕਮਾ ਸਕੀ | ਦੱਸਣਯੋਗ ਹੈ ਕਿ ਨੋਨਾ ਇਕ ਤੇਜ਼ਤਰਾਰ ਤੇ ਬਾਕਮਾਲ ਰੇਡਰ ਹੈ | ਹਰੇਕ ਮੈਚ ਵਿਚ ਇਸ ਦੀ ਖੇਡ ਤੋਂ ਦਰਸ਼ਕ ਦੰਗ ਰਹਿ ਜਾਂਦੇ ਹਨ | ਦੱਸਣਯੋਗ ਹੈ ਕਿ ਨੋਨਾ ਨੂੰ ਇਸ ਤੋਂ ਪਹਿਲਾਂ ਵੀ ਉਹਨਾਂ ਦੀ ਸ਼ਾਨਦਾਰ ਖੇਡ ਸਦਕਾ ਐਕਟਿਵਾ, ਡਾਇੰਮਡ ਰਿੰਗ, ਟਰੈਕਟਰ, ਸੇਲੇਰੀਓ ਕਾਰ ਅਤੇ ਹੋਰ ਸਨਮਾਨਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ | ਇਸੀ ਦੌਰਾਨ ਨਰਿੰਦਰ ਬੰਗਾ, ਨਰਿੰਦਰਪਾਲ ਖਿਜ਼ਰਾਬਾਦ, ਗੁਰਵਿੰਦਰ ਸਿੰਘ ਸਸਕੌਰ, ਦਿਆਲ ਚੰਦ ਭਾਓਵਾਲ, ਨਿਰਮਲ ਸਿੰਘ ਭਾਓਵਾਲ, ਰਿਸ਼ੀ ਚੰਦਨ ਤੇ ਹੋਰਾਂ ਨੇ ਨੋਨਾ ਨੂੰ ਸਨਮਾਨ ਦਾ ਸਵਾਗਤ ਕੀਤਾ ਤੇ ਵਧਾਈ ਦਿੱਤੀ |