ਸ੍ਰੀ ਅਨੰਦਪੁਰ ਸਾਹਿਬ, 1 ਮਾਰਚ (ਜੇ.ਐਸ. ਨਿੱਕੂਵਾਲ, ਕਰਨੈਲ ਸਿੰਘ)-ਦਸਮੇਸ਼ ਪਾਤਿਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਮਹਾਨ ਗੁਰਮਤਿ ਸਮਾਗਮ ਗੁ. ਅਜੀਤਗੜ੍ਹ ਸਾਹਿਬ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਸੰਪਰਦਾ ਵਲੋਂ ਕਰਵਾਇਆ ਗਿਆ | ਸਾਰਿਆਂ ਤੋਂ ਪਹਿਲਾਂ ਪੰਥ ਦੇ ਨਾਮੀ ਰਾਗੀ, ਢਾਡੀ ਜਥਿਆਂ ਵਲੋਂ ਸੰਗਤ ਨੂੰ ਇਲਾਹੀ ਬਾਣੀ ਨਾਲ ਜੋੜਿਆ ਗਿਆ ਤੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੇ ਜੀਵਨ 'ਤੇ ਚਾਨਣਾ ਪਾਇਆ ਗਿਆ | ਬਾਬਾ ਨਾਗਰ ਸਿੰਘ ਹਰੀਆਂ ਵੇਲਾਂ ਨੇ ਬੋਲਦਿਆਂ ਕਿਹਾ ਕਿ ਬਾਬਾ ਅਜੀਤ ਸਿੰਘ ਜੀ ਦੇ ਜੀਵਨ ਤੋਂ ਸਾਨੂੰ ਸੇਧ ਲੈਣੀ ਚਾਹੀਦੀ ਹੈ ਤਾਂ ਹੀ ਸਾਡਾ ਜੀਵਨ ਸਾਰਥਕ ਹੋਵੇਗਾ | ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਹੋਲਾ ਮਹੱਲਾ ਖ਼ਾਲਸਾਈ ਜਾਹੋ ਜਲਾਲ ਨਾਲ ਮਨਾਇਆ ਜਾ ਰਿਹਾ ਹੈ ਤੇ ਸੰਗਤਾਂ ਗੁਰੂ ਨਗਰੀ ਪਹੁੰਚ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ | ਇਸ ਮੌਕੇ ਪੰਥ ਸੇਵਕ ਜਥਾ ਤੋਂ ਭਾਈ ਮਨਧੀਰ ਸਿੰਘ, ਮਾਸਟਰ ਜਸਵਿੰਦਰ ਸਿੰਘ ਮੀਰਪੁਰ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |