20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਕੌਮੀ ਧਨ ਦੀ ਬਰਬਾਦੀ, ਖੰਡਰ ਬਣ ਰਹਿਆਂ ਹਨ ਨਿਰਮਾਣ ਅਧੀਨ ਸਕਿੱਲ ਇੰਸਟੀਚਿਊਟ ਦੀਆਂ ਇਮਾਰਤਾਂ <br/>

ਅਜੀਤ ਡੈਸਕ 29-03-2026
ਸ੍ਰੀ ਚਮਕੌਰ ਸਾਹਿਬ, 28 ਮਾਰਚ (ਜਗਮੋਹਣ ਸਿੰਘ ਨਾਰੰਗ)- ਸ੍ਰੀ ਚਮਕੌਰ ਸਾਹਿਬ ਵਿਖੇ ਬੇਲਾ ਮਾਰਗ 'ਤੇ ਕੌਮੀ ਧੰਨ ਦੀ ਹੋ ਰਹੀ ਬਰਬਾਦੀ ਦੀ ਗਵਾਹੀ ਭਰਦੀਆਂ ਜੰਗਲ ਵਿਚ ਲੁਕੀਆਂ ਵੱਡੀਆਂ ਇਮਾਰਤਾਂ ਵੇਖ ਕੇ ਮਨ ਹਿੱਲਦਾ ਹੈ | 42 ਏਕੜ ਜ਼ਮੀਨ ਵਿਚ ਪਿਛਲੀ ਕਾਂਗਰਸ ਸਰਕਾਰ ਮੌਕੇ ਉਦੋਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਸਕਿੱਲ ਇੰਸਟੀਚਿਊਟ (ਯੂਨੀਵਰਸਿਟੀ) ਦਾ ਨੀਂਹ ਪੱਥਰ ਰੱਖਿਆ ਸੀ, ਜਿਸ ਤੇ ਉਦੋਂ 500 ਕਰੋੜ ਰੁਪਏ ਦੇ ਕਰੀਬ ਖ਼ਰਚੇ ਦਾ ਅਨੁਮਾਨ ਸੀ ਤੇ ਇੱਥੇ ਉਚੇਰੀ ਸਿੱਖਿਆ ਲਈ ਅਨੇਕਾਂ ਕੋਰਸ ਸ਼ੁਰੂ ਕੀਤੇ ਜਾਣੇ ਸੀ | ਇਸ ਪ੍ਰੋਜੈਕਟ 'ਤੇ ਕਰੀਬ 150 ਕਰੋੜ ਰੁਪਏ ਦੀ ਲਾਗਤ ਨਾਲ 3-4 ਬਲਾਕ ਬਣ ਚੁੱਕੇ ਸਨ ਤੇ ਉੱਥੇ ਦਰਵਾਜ਼ੇ ਖਿੜਕੀਆਂ ਆਦਿ ਲੱਗਣ ਤੋਂ ਰਹਿੰਦੇ ਸਨ, ਕਿ ਸਰਕਾਰ ਬਦਲ ਗਈ, ਹੁਣ ਉਦੋਂ ਤੋਂ ਹੀ ਨਿਰਮਾਣ ਬੰਦ ਹੈ ਤੇ ਇਮਾਰਤਾਂ ਖੰਡਰ ਬਣ ਰਹੀਆਂ ਹਨ, ਘਾਹ ਫੂਸ, ਝਾੜੀਆਂ ਦਾ ਪਸਾਰਾ ਹੈ, ਚਾਰ ਦੀਵਾਰੀ ਦੇ ਆਲ਼ੇ ਦੁਆਲੇ ਬੁਰਾ ਹਾਲ ਹੈ | ਇਮਾਰਤਾਂ ਵਿਚ ਰੱਖੇ ਕੀਮਤੀ ਵੱਡੇ ਜੈੱਨਰੇਟਰ ਸੈੱਟ ਕਬਾੜ ਬਣ ਰਹੇ ਹਨ | ਭਾਵੇਂ ਮੁੱਖ ਗੇਟ ਤੇ ਬੈਠੇ ਕਰਮਚਾਰੀ ਕਿਸੇ ਨੂੰ ਵੀ ਅੰਦਰ ਨਹੀਂ ਵੜਨ ਦਿੰਦੇ ਜਿਸ ਕਾਰਨ ਫ਼ਿਲਹਾਲ ਨਸ਼ੇੜੀਆਂ ਤੋਂ ਟਿਕਾਣਾ ਤੇ ਸਮਾਨ ਬਚਿਆ ਹੋਇਆ ਹੈ | ਪਤਾ ਲੱਗਾ ਹੈ ਕਿ ਅੰਦਰ ਪਿਆ ਲੋਹਾ ਆਦਿ ਵਗ਼ੈਰਾ ਵੀ ਖ਼ਰਾਬ ਹੋ ਰਿਹਾ ਹੈ | ਪਿਛਲੇ ਦਿਨੀ ਇੱਥੇ ਭਾਵੇਂ ਆਈ ਏ ਐਸ ਅਧਿਕਾਰੀ ਦੀ ਅਗਵਾਈ ਹੇਠ ਕਿਸੇ ਯੂਨੀਵਰਸਿਟੀ ਦੀ ਟੀਮ ਵੀ ਪੁੱਜੀ ਸੀ, ਜਿਸ ਦੀ ਕਿਸੇ ਨੂੰ ਵੀ ਭਣਕ ਨਹੀਂ ਪੈਣ ਦਿੱਤੀ ਗਈ | ਦੱਸਣਯੋਗ ਹੈ ਕਿ ਇਸ ਪ੍ਰੋਜੈਕਟ ਦੀਆਂ ਖੰਡਰ ਹੋ ਰਹੀਆਂ ਇਮਾਰਤਾਂ ਸਬੰਧੀ ਰੋਜ਼ਾਨਾ ਹੁੰਦੀਆਂ ਚਰਚਾਵਾਂ ਦੌਰਾਨ ਇਲਾਕੇ ਦੇ ਲੋਕ ਸਵਾਲ ਕਰ ਰਹੇ ਹਨ ਕਿ ਦੇਸ਼ ਦੇ ਧੰਨ ਦੀ ਇਹ ਬਰਬਾਦੀ ਕਿਉਂ ਹੋ ਰਹੀ ਹੈ | ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ 2022 ਦੀਆਂ ਵਿਧਾਨ ਸਭਾ ਚੌਣਾ ਤੋਂ ਬਾਅਦ ਬੰਦ ਹੋਏ ਇਸ ਪ੍ਰੋਜੈਕਟ ਦੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿਨ੍ਹਾਂ ਦਾ ਇਹ ਆਪਣਾ ਡਰੀਮ ਪ੍ਰੋਜੈਕਟ ਸੀ ਨੇ ਵੀ ਕੋਈ ਪਹਿਰੇਦਾਰੀ ਨਹੀਂ ਕੀਤੀ | ਅਜਿਹੇ ਪ੍ਰੋਜੈਕਟਾਂ ਵਿਚ ਉਨ੍ਹਾਂ ਨੂੰ ਲਗਾਤਾਰ ਆਵਾਜ਼ ਉਠਾਉਣੀ ਚਾਹੀਦੀ ਸੀ | ਇਸ ਬਹੁ ਕਰੋੜੀ ਪ੍ਰੋਜੈਕਟ ਲਈ 42 ਏਕੜ ਜ਼ਮੀਨ ਨੂੰ ਹਾਸਲ ਕਰਨ ਲਈ ਸਰਕਾਰ ਨੂੰ ਕਾਨੂੰਨੀ ਚਾਰਾਜੋਈ ਚੋਂ ਲੰਘਣਾ ਪਿਆ ਸੀ | ਅੱਜ ਸ਼ਹਿਰ ਵਾਸੀਆਂ ਕੋਲ ਜ਼ਮੀਨ ਵੀ ਨਹੀਂ ਰਹੀ, ਪ੍ਰੋਜੈਕਟ ਵੀ ਖੰਡਰ ਬਣ ਗਿਆ ਤੇ ਕਰੋੜਾਂ ਰੁਪਏ ਕੌਮੀ ਧੰਨ ਦੀ ਵੀ ਬਰਬਾਦੀ ਹੋ ਚੁੱਕੀ ਹੈ | ਪੰਜਾਬ ਪੈਨਸ਼ਨਰਜ਼ ਮਹਾਸੰਘ ਸ੍ਰੀ ਚਮਕੌਰ ਸਾਹਿਬ ਦੇ ਪ੍ਰਧਾਨ ਧਰਮਪਾਲ ਸੌਖਲ, ਪਵਨ ਕੁਮਾਰ, ਹਰਚੰਦ ਸਿੰਘ ਜਗਤਪੁਰ, ਸੁਰਿੰਦਰਜੀਤ ਵਰਮਾ, ਲਛਮਣ ਸਿੰਘ, ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਜ/ਸ ਇਕਬਾਲ ਸਿੰਘ ਸ੍ਰੀ ਚਮਕੌਰ ਸਾਹਿਬ, ਬਲਾਕ ਪ੍ਰਧਾਨ ਹਰਿੰਦਰ ਸਿੰਘ ਢਿੱਲੋਂ, ਕੁਲਬੀਰ ਸਿੰਘ ਕੰਧੋਲਾ, ਸਮਾਜ ਸੇਵੀ ਜਸਵੀਰ ਸਿੰਘ ਸੈਦਪੁਰ ਅਤੇ ਸੰਤ ਸਿੰਘ ਦਿਓਲ ਆਦਿ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ, ਕਿ ਇਸ ਪ੍ਰੋਜੈਕਟ ਨੂੰ ਜਲਦੀ ਨੇਪਰੇ ਚਾੜਿ੍ਹਆ ਜਾਵੇ ਤਾਂ ਜੋ ਬਾਹਰਲੇ ਸ਼ਹਿਰਾਂ ਵਿਚ ਹੁਨਰ ਹਾਸਲ ਕਰਨ ਜਾ ਰਹੇ ਇਲਾਕੇ ਦੇ ਬੱਚਿਆਂ ਨੂੰ ਘਰ ਵਿਚ ਹੀ ਤਕਨੀਕੀ ਸਿੱਖਿਆ ਮੁਹੱਈਆ ਕਰਵਾਈ ਜਾ ਸਕੇ |

ਪਿਛਲੀ ਖ਼ਬਰ ਸਰਬਸੰਮਤੀ ਨਾਲ ਚੁਣੀ ਗ੍ਰਾਮ ਪੰਚਾਇਤ ਖ਼ਾਨਪੁਰ ਨੂੰ ਪੰਜ ਲੱਖ ਦਾ ਚੈੱਕ ਦਿੱਤਾ <br/> ਅਗਲੀ ਖ਼ਬਰ ਡੀ.ਏ.ਵੀ. ਸਕੂਲ ਰੂਪਨਗਰ ਦੇ ਸੀਨੀਅਰ ਸੈਕੰਡਰੀ ਵਿੰਗ ਦੇ ਨਤੀਜਿਆਂ ਦਾ ਐਲਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।