ਘਨੌਲੀ, 30 ਅਪ੍ਰੈਲ (ਜਸਵੀਰ ਸਿੰਘ ਸੈਣੀ)-ਪੰਜਾਬ ਰਾਜ ਮੰਡੀ ਬੋਰਡ ਵਲੋਂ ਘਨੌਲੀ ਮੰਡੀ ਦੇ ਨਾਲ ਨਾਲ ਹੋਰ ਮੰਡੀਆਂ ਵੀ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ | ਜਿਸ ਕਰਕੇ ਕਿਸਾਨਾਂ ਅਤੇ ਆੜ੍ਹਤੀਆਂ ਵਿਚ ਅੱਜ ਅਨਾਜ ਮੰਡੀ ਵਿਖੇ ਭਾਰੀ ਰੋਸ ਪਾਇਆ ਗਿਆ | ਇਸ ਇਸ ਸਬੰਧੀ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਪਾਲ ਸਿੰਘ ਨਿੰਦੀ, ਬਲਦੇਵ ਸਿੰਘ, ਗੁਰਮੁਖ ਸਿੰਘ ਮੱਖਣ, ਜਸਵਿੰਦਰ ਸਿੰਘ ਪੰਮਾ, ਜਗਪਾਲ ਸਿੰਘ ਫੌਜੀ, ਗੁਰਮੁਖ ਸਿੰਘ ਬਣਵੈਤ, ਸੁਖਪਾਲ ਸਿੰਘ ਸੋਢੀ ਤੇ ਹਾਜ਼ਰ ਕਿਸਾਨਾਂ ਨੇ ਕਿਹਾ ਕਿ ਹਾਲੇ 25 ਫ਼ੀਸਦੀ ਫ਼ਸਲ ਕੱਟਣੇ ਨੂੰ ਪਈ ਹੈ ਕਿਉਂਕਿ ਮਜ਼ਦੂਰਾਂ ਦੀ ਘਾਟ ਕਾਰਨ ਫਸਲ ਕੱਟਣੀ ਨੂੰ ਦੇਰੀ ਹੋ ਗਈ | ਇਸ ਸਬੰਧੀ ਆੜਤੀਆਂ ਨੇ ਕਿਹਾ ਕਿ 80 ਫ਼ੀਸਦੀ ਹਾਲੇ ਮਾਲ ਲਿਫਟਿੰਗ ਹੋਣ ਨੂੰ ਪਿਆ ਹੈ ਤੇ ਅਖੀਰਲੀ ਖਰੀਦ ਕਿਵੇਂ ਪਾ ਦਈਏ | ਉਹਨਾਂ ਨੇ ਕਿਹਾ ਕਿ ਘਨੌਲੀ ਅਨਾਜ ਮੰਡੀ ਵਿਖੇ ਪਹਿਲੀ ਖਰੀਦ 17 ਅਪ੍ਰੈਲ ਨੂੰ ਹੋਈ ਸੀ | ਉਹਨਾਂ ਨੇ ਕਿਹਾ ਕਿ ਸੰਬੰਧਿਤ ਵਿਭਾਗ ਤੇ ਪ੍ਰਸ਼ਾਸਨ ਤੇ ਆੜ੍ਹਤੀਆਂ ਨੂੰ ਬਿਨ੍ਹਾਂ ਵਿਸ਼ਵਾਸ ਲਏ ਮੰਡੀ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ | ਜਿਸ ਕਰਕੇ ਇਲਾਕੇ ਦੇ ਕਿਸਾਨਾਂ ਨੂੰ ਖੱਜਲ ਖੁਆਰ ਅਤੇ ਉੱਥੇ ਹੀ ਆੜ੍ਹਤੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਹਨਾਂ ਨੇ ਕਿਹਾ ਕਿ ਬੰਦ ਕੀਤੀ ਮੰਡੀ ਨੂੰ ਤੁਰੰਤ ਖੋਲਿਆ ਜਾਵੇ ਜੇਕਰ ਇਸ ਮਸਲੇ ਦਾ ਹੱਲ ਨਹੀਂ ਹੋਇਆ ਤਾ ਨੈਸ਼ਨਲ ਹਾਈਵੇ ਜਾਮ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ | ਇਸ ਸਬੰਧੀ ਮੰਡੀ ਸੁਪਰਵਾਈਜ਼ਰ ਪਵਿੱਤਰਜੀਤ ਸਿੰਘ ਨੇ ਦੱਸਿਆ ਕਿ ਜਿਵੇਂ ਸਾਨੂੰ ਮੰਡੀ ਬੋਰਡ ਦੇ ਊਚ ਅਧਿਕਾਰੀਆਂ ਵਲੋਂ ਉੱਪਰੋਂ ਨਿਰਦੇਸ਼ ਜਾਰੀ ਹੁੰਦੇ ਹਨ ਉਹ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |