ਬੁੰਗਾ ਸਾਹਿਬ, 30 ਅਪ੍ਰੈਲ (ਸੁਖਚੈਨ ਸਿੰਘ ਰਾਣਾ)-ਦਾਣਾ ਦਾਣਾ ਖ਼ਰੀਦਣ ਵਾਲੀ ਸਰਕਾਰ ਵਲੋਂ ਮੰਡੀਆਂ ਬੰਦ ਕਰਨ ਦਾ ਨਾਦਰਸ਼ਾਹੀ ਫ਼ਰਮਾਨ ਜਾਰੀ ਕੀਤਾ ਗਿਆ ਹੈ ਤੇ ਇਹ ਕਿਸਾਨਾਂ ਦੇ ਹਿਤਾਂ 'ਤੇ ਡਾਕਾ ਮਾਰਨ ਦੇ ਬਰਾਬਰ ਹੈ | ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਸ਼ੇਰਾ ਵਲੋਂ ਕੀਤਾ ਗਿਆ | ਉਨ੍ਹਾਂ ਕਿਹਾ ਸੋਸ਼ਲ ਮੀਡੀਆ 'ਤੇ ਇੱਕ ਚਿੱਠੀ ਘੁੰਮ ਰਹੀ ਹੈ | ਜਿਸ 'ਚ ਸਰਕਾਰ ਵਲੋਂ ਰੂਪਨਗਰ ਦੀਆ ਮੰਡੀਆਂ ਵਿਚ ਕਣਕ ਦੀ ਖ਼ਰੀਦ ਨੂੰ ਬੰਦ ਕਰਨ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ | ਸਰਕਾਰ ਵਲੋਂ ਲਏ ਇਸ ਕਿਸਾਨ ਵਿਰੋਧੀ ਫ਼ੈਸਲੇ ਕਾਰਨ ਕਿਸਾਨਾਂ ਅਤੇ ਮਜ਼ਦੂਰਾਂ ਦਾ ਬਹੁਤ ਵੱਡਾ ਨੁਕਸਾਨ ਹੋਵੇਗਾ | ਇਲਾਕੇ ਦੇ ਵਿਚ 20-25% ਕਣਕ ਵੱਢਣ ਨੂੰ ਰਹਿੰਦੀ ਹੈ ਅਤੇ ਸਥਾਨਕ ਮੰਡੀਆਂ ਵਿਚ ਕਣਕ ਦੀ ਆਮਦ ਲਗਾਤਾਰ ਜਾਰੀ ਹੈ, ਕਿਉਂਕਿ ਇਲਾਕੇ ਵਿਚ ਪਾਪੂਲਰ ਦੀ ਖੇਤੀ ਕੀਤੀ ਜਾਂਦੀ ਹੈ ਤੇ ਪਾਪੂਲਰ ਦੇ ਵਿਚ ਕਣਕ ਲੇਬਰ ਨਾਲ ਵੱਢੀ ਜਾਂਦੀ ਹੈ | ਉਨ੍ਹਾਂ ਕਿਹਾ ਕਿ ਭਾਵੇਂ ਕਿ ਮੰਡੀਆਂ ਕਾਗ਼ਜ਼ਾਂ ਵਿਚ ਇੱਕ ਅਪ੍ਰੈਲ ਤੋਂ ਖੋਲੀਆਂ ਜਾਂਦੀਆਂ ਹਨ, ਪਰ ਇਸ ਵਾਰ ਮੰਡੀਆਂ ਵਿਚ ਕਣਕ ਦੀ ਸਰਕਾਰੀ ਖ਼ਰੀਦ 15 /16 ਅਪ੍ਰੈਲ ਤੋਂ ਸ਼ੁਰੂ ਹੋਈ ਅਤੇ ਮੰਡੀਆਂ ਸਿਰਫ਼ 15 ਦਿਨ ਹੀ ਚੱਲ ਸਕੀਆਂ ਅਪ੍ਰੈਲ ਦੇ ਸ਼ੁਰੂ ਵਿਚ ਹੋਈ ਬਾਰਸ਼ 'ਤੇ ਮੌਸਮ ਖ਼ਰਾਬ ਹੋਣ ਕਾਰਨ ਵਾਢੀ ਲੇਟ ਸ਼ੁਰੂ ਹੋਈ ਜਿਸ ਕਾਰਨ ਕਣਕ ਲਗਭਗ 10 ਮਈ ਤੱਕ ਮੰਡੀਆਂ ਵਿਚ ਆਉਂਦੀ ਰਹੇਗੀ | ਪਰ ਸਰਕਾਰ ਵਲੋਂ ਅੱਜ ਨਾਦਰਸ਼ਾਹੀ ਫ਼ਰਮਾਨ ਜਾਰੀ ਕਰਦਿਆਂ ਮੰਡੀਆਂ ਬੰਦ ਕਰ ਦਿੱਤੀਆਂ ਗਈਆਂ ਹਨ, ਜੋ ਕਿ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਸਰਾਸਰ ਧੱਕਾ ਹੈ ਅਤੇ ਇਸ ਤਰਾਂ ਦੇ ਧੱਕੇ ਦਾ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਸ੍ਰੀ ਅਨੰਦਪੁਰ ਸਾਹਿਬ ਡਟ ਕੇ ਵਿਰੋਧ ਕਰੇਗੀ | ਕਿਹਾ ਕਿ ਪੰਜਾਬ ਸਰਕਾਰ ਨੂੰ ਅਤੇ ਡਿਪਟੀ ਕਮਿਸ਼ਨਰ ਰੂਪਨਗਰ, ਐਡੀਸ਼ਨਲ ਡਿਪਟੀ ਕਮਿਸ਼ਨਰ ਰੂਪਨਗਰ ਅਤੇ ਡੀ. ਐਸ. ਐਸ. ਸੀ. ਜ਼ਿਲ੍ਹਾ ਰੂਪਨਗਰ ਨੂੰ ਮੇਲ ਰਾਹੀਂ ਸੂਚਿਤ ਕੀਤਾ ਗਿਆ, ਕਿ ਮੰਡੀਆਂ ਤੁਰੰਤ ਖੁੱਲਿ੍ਹਆਂ ਰੱਖਣ ਦੇ ਲਿਖਤੀ ਆਦੇਸ਼ ਜਾਰੀ ਕੀਤੇ ਜਾਣ |