ਸ੍ਰੀ ਕੀਰਤਪੁਰ ਸਾਹਿਬ/ ਬੁੰਗਾ ਸਾਹਿਬ, 30 ਅਪ੍ਰੈਲ (ਨਿੱਕੂਵਾਲ/ਸੰਨੀ/ਰਾਣਾ)-ਗੁਰਦੁਆਰਾ ਸੀਸ ਮਹਿਲ ਸਾਹਿਬ ਵਿਖੇ ਸ੍ਰੀ ਕੀਰਤਪੁਰ ਸਾਹਿਬ ਦੇ ਮਨਾਏ ਜਾ ਰਹੇ 400 ਸਾਲਾ ਸਥਾਪਨਾ ਦਿਵਸ ਸਮਾਗਮਾਂ ਨੂੰ ਲੈ ਕੇ ਸੰਪ੍ਰਦਾਏ ਦਲ ਬਾਬਾ ਬਿਧੀ ਚੰਦ ਵਲੋਂ ਜਥੇਦਾਰ ਸੰਤ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲਿਆਂ ਦੀ ਅਗਵਾਈ ਹੇਠ 27 ਅਪ੍ਰੈਲ ਤੋਂ ਵੱਖ-ਵੱਖ ਪਕਵਾਨਾਂ ਦੇ ਲੰਗਰ ਸ਼ੁਰੂ ਹੋ ਗਏ ਹਨ | ਜੋ ਕਿ 1 ਮਈ ਤੱਕ ਜਾਰੀ ਰਹਿਣਗੇ | ਇਸ ਸਬੰਧੀ ਦਲ ਬਾਬਾ ਬਿਧੀ ਚੰਦ ਦੇ ਮੁਖੀ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲਿਆਂ ਨੇ ਦੱਸਿਆ ਕਿ ਬਾਬਾ ਬਿਧੀ ਚੰਦ ਜੀ ਦਾ ਸ੍ਰੀ ਗੁਰੂ ਹਰਿਗੋਬਿੰਦ ਜੀ ਅਤੇ ਇਸ ਧਰਤੀ ਨਾਲ ਬਹੁਤ ਹੀ ਨੇੜੇ ਦਾ ਸਬੰਧ ਰਿਹਾ ਹੈ | ਬਾਬਾ ਬਿਧੀ ਚੰਦ ਜੀ ਇਸ ਸਥਾਨ ਤੋਂ ਹੀ ਸ੍ਰੀ ਗੁਰੂ ਹਰਿਗੋਬਿੰਦ ਜੀ ਦੇ ਹੁਕਮਾਂ 'ਤੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਰਵਾਨਾ ਹੋਏ ਸੀ | ਬਾਬਾ ਸੁੰਦਰ ਸ਼ਾਹ ਨਾਲ ਬਚਨ ਬਿਲਾਸ ਕਰਨ ਤੋਂ ਬਾਅਦ ਅੰਤਿਮ ਸਮੇਂ ਦੌਰਾਨ ਹੀ ਬਾਬਾ ਬਿਧੀ ਚੰਦ ਜੀ ਆਪਣੇ ਸਪੁੱਤਰ ਬਾਬਾ ਲਾਲ ਚੰਦ ਜੀ ਨੂੰ ਗੁਰਾਂ ਦੇ ਚਰਨੀ ਪਾ ਕੇ ਅਤੇ ਸ੍ਰੀ ਗੁਰੂ ਹਰਿਗੋਬਿੰਦ ਜੀ ਤੋਂ ਇਜਾਜਤ ਲੈਣ ਤੋਂ ਬਾਅਦ ਸ੍ਰੀ ਕੀਰਤਪੁਰ ਸਾਹਿਬ ਤੋਂ ਜਾ ਕੇ ਆਪਣੇ ਸਥਾਨ ਤੇ ਸੱਚਖੰਡ ਪਿਆਨਾ ਕਰ ਗਏ ਸੀ | ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਹਰਿਗੋਬਿੰਦ ਜੀ ਨੇ ਬਾਬਾ ਬਿਧੀ ਚੰਦ ਨਮਿਤ ਸਹਿਜ ਸਾਹਿਬ ਕਰਵਾਇਆ ਅਤੇ ਬਖਸ਼ਿਸ਼ਾਂ ਦੇ ਕੇ ਬਾਬਾ ਲਾਲ ਚੰਦ ਜੀ ਨੂੰ ਬਾਬਾ ਬਿਧੀ ਚੰਦ ਜੀ ਦੀ ਥਾਂ 'ਤੇ ਦਲ ਦਾ ਮੁਖੀ ਥਾਪਿਆ | ਬਾਬਾ ਸੁਰਸਿੰਘ ਵਾਲਿਆਂ ਨੇ ਕਿਹਾ ਕਿ ਭਲਕੇ 1 ਮਈ ਨੂੰ ਸ੍ਰੀ ਕੀਰਤਪੁਰ ਸਾਹਿਬ ਦੇ ਸਥਾਪਨਾ ਦਿਵਸ਼ ਸਮਾਗਮਾਂ ਲਈ ਹੋਣ ਵਾਲੇ ਗੁਰਮਤਿ ਸਮਾਗਮਾਂ ਤੋਂ ਬਾਅਦ ਨਿਹੰਗ ਸਿੰਘ ਜਥੇਬੰਦੀਆਂ ਵਲੋਂ ਮਹੱਲਾ ਵੀ ਕੱਢਿਆ ਜਾਵੇਗਾ |