ਸ੍ਰੀ ਚਮਕੌਰ ਸਾਹਿਬ, 10 ਮਈ (ਜਗਮੋਹਣ ਸਿੰਘ ਨਾਰੰਗ)- ਸ੍ਰੀ ਚਮਕੌਰ ਸਾਹਿਬ-ਨੀਲੋਂ ਮਾਰਗ ਦੀ ਹਾਲਤ ਬਹੁਤ ਖ਼ਰਾਬ ਹੋ ਚੁੱਕੀ ਹੈ, ਇਸ 'ਤੇ ਪਏ ਥਾਂ ਥਾਂ ਟੋਇਆ ਕਾਰਨ ਲੋਕਾਂ ਦੀ ਮਹਿੰਗੀ ਮਸ਼ੀਨਰੀ ਕਬਾੜ ਬਣ ਰਹੀ ਹੈ | ਸ੍ਰੀ ਚਮਕੌਰ ਸਾਹਿਬ ਤੋਂ ਨੀਲੋਂ ਮਾਰਗ ਜਿਸ 'ਤੇ ਆਵਾਜਾਈ ਦੀ ਬਹੁਤਾਤ ਹੈ | ਇਹ ਮਾਰਗ ਪੰਜਾਬ ਦੇ ਵੱਡੇ ਹਿੱਸੇ ਨੂੰ ਹਿਮਾਚਲ ਪ੍ਰਦੇਸ਼ ਨਾਲ ਜੋੜਦਾ ਹੈ | ਇਸ ਮਾਰਗ ਦੀ ਅਹਿਮੀਅਤ ਉਦੋਂ ਹੋਰ ਵੀ ਵੱਧ ਜਾਂਦੀ ਹੈ ਜਦੋਂ ਇਸ ਮਾਰਗ 'ੇ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਹ ਧਾਰਮਿਕ ਅਸਥਾਨ ਸ੍ਰੀ ਚਮਕੌਰ ਸਾਹਿਬ, ਗੁਰਦੁਆਰਾ ਗੁਰੂ ਬੀੜ ਜੰਡ ਸਾਹਿਬ, ਸ੍ਰੀ ਮਾਛੀਵਾੜਾ ਸਾਹਿਬ ਤੇ ਸ੍ਰੀ ਝਾੜ ਸਾਹਿਬ ਵੀ ਸਥਿਤ ਹਨ ਪਰ ਸਰਕਾਰ/ਵਿਭਾਗ ਵੱਲੋਂ ਅਣਗੌਲੇ ਇਸ ਮਾਰਗ ਦੀ ਸਥਿਤੀ ਪਿਛਲੇ ਕਈ ਵਰਿ੍ਹਆਂ ਤੋਂ ਲਗਾਤਾਰ ਖ਼ਰਾਬ ਹੁੰਦੀ ਜਾ ਰਹੀ ਹੈ ਪਰ ਇਸ ਸੜਕ ਨੂੰ ਨਵਾਂ ਤਾਂ ਕੀ ਬਣਾਉਣਾ ਹੈ, ਇਸ ਦੀ ਮੁਰੰਮਤ ਤੱਕ ਨਹੀਂ ਹੋਈ | ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਲੁਧਿਆਣਾ, ਫ਼ਰੀਦਕੋਟ, ਮੋਗਾ, ਜਗਰਾਓ ਆਦਿ ਨੂੰ ਸ੍ਰੀ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ, ਮਾਤਾ ਨੈਣਾ ਦੇਵੀ ਮੰਦਰ ਸਮੇਤ ਹਿਮਾਚਲ ਪ੍ਰਦੇਸ਼ ਨੂੰ ਆਪਸ 'ਚ ਜੋੜਦੇ ਇਸ ਅਹਿਮ ਮਾਰਗ ਤੋਂ ਜਿੱਥੇ ਟੋਇਆ ਕਾਰਨ ਕੱਛੂ ਦੀ ਰਫ਼ਤਾਰ ਨਾਲ ਵਾਹਨ ਚੱਲਦੇ ਹਨ ਉੱਥੇ ਹੀ ਟੋਇਆਂ ਵਿਚ ਵੱਜ-ਵੱਜ ਲੋਕਾਂ ਦੇ ਵਾਹਨ ਵੀ ਕਬਾੜ ਬਣ ਰਹੇ ਹਨ | ਹੁਣ ਇਸ ਸੜਕ ਦੀ ਤਰਸਯੋਗ ਹਾਲਤ ਕਾਰਨ ਬਹੁਤੇ ਵਾਹਨ ਚਾਲਕ ਨੀਲੋਂ ਤੋਂ ਸਮਰਾਲਾ, ਮੋਰਿੰਡਾ, ਕੁਰਾਲੀ ਹੋ ਕੇ ਰੂਪਨਗਰ, ਹਿਮਾਚਲ ਪ੍ਰਦੇਸ਼ ਵੱਲ ਜਾ ਰਹੇ ਹਨ ਜਿੱਥੇ ਇਨ੍ਹਾਂ ਨੂੰ ਵਾਧੂ ਪੈਡਾਂ ਤੈਅ ਕਰਨਾ ਪੈ ਰਿਹਾ ਹੈ ਉੱਥੇ ਸਮਰਾਲਾ ਤੇ ਸੋਲਖੀਆਂ ਦੇ ਮਹਿੰਗੇ ਟੋਲ ਦੀ ਫ਼ੀਸ ਵੀ ਅਦਾ ਕਰਨੀ ਪੈ ਰਹੀ ਹੈ | ਇਕਬਾਲ ਸਿੰਘ ਸ੍ਰੀ ਚਮਕੌਰ ਸਾਹਿਬ ਵਾਈਸ ਚੇਅਰਮੈਨ ਵਿਜੀਲੈਂਸ ਅਤੇ ਕ੍ਰਾਈਮ ਸੈੱਲ ਪੰਜਾਬ, ਸੰਮਤੀ ਮੈਂਬਰ ਜਸਵੀਰ ਸਿੰਘ ਸੈਦਪੁਰ, ਉਪਕਾਰ ਸੇਵਾ ਸੁਸਾਇਟੀ ਦੇ ਪ੍ਰਧਾਨ ਤੇ ਟਰਾਂਸਪੋਰਟਰ ਬਲਦੇਵ ਸਿੰਘ ਹਾਫਿਜਾਬਾਦ, ਸਾਬਕਾ ਸਰਪੰਚ ਸੰਤ ਸਿੰਘ ਦਿਉਲ, ਸਾਬਕਾ ਚੇਅਰਪਰਸਨ ਅਮਨਦੀਪ ਕੌਰ ਸੰਧੂਆਂ, ਸਾਬਕਾ ਸਰਪੰਚ ਹਰਦੀਪ ਸਿੰਘ ਸੋਨੀ, ਪੈਨਸ਼ਨਰਜ਼ ਮਹਾਸੰਘ ਸ੍ਰੀ ਚਮਕੌਰ ਸਾਹਿਬ ਦੇ ਪ੍ਰਧਾਨ ਧਰਮਪਾਲ ਸੌਖਲ, ਪਵਨ ਕੁਮਾਰ, ਹਰਚੰਦ ਸਿੰਘ ਜਗਤਪੁਰ, ਸੁਰਿੰਦਰਜੀਤ ਵਰਮਾ ਆਦਿ ਇਲਾਕਾ ਨਿਵਾਸੀਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਮਾਰਗ ਨੂੰ ਤੁਰੰਤ ਨਵਾਂ ਬਣਾਇਆ ਜਾਵੇ |