ਜ਼ੀਰਕਪੁਰ, 17 ਮਈ (ਮਨਿੰਦਰ ਸਿੰਘ)-ਸਫ਼ਾਈ ਕਰਮਚਾਰੀਆਂ ਦੀ ਹੜਤਾਲ ਦਾ ਅੱਜ 12ਵਾਂ ਦਿਨ ਹੈ | ਨਗਰ ਕੌਂਸਲ ਚੋਣਾਂ ਕਾਰਨ ਜਿਥੇ ਸ਼ਹਿਰ ਵਿਚ ਰਾਜਨੀਤਿਕ ਪਾਰਟੀਆਂ ਲਈ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਹੈ, ਉਥੇ ਹੀ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਵੱਲ ਕਿਸੇ ਦਾ ਵੀ ਕੋਈ ਧਿਆਨ ਨਹੀਂ ਹੈ | ਬੀਤੇ ਕੱਲ੍ਹ ਆਪਣਾ ਗੁੱਸਾ ਜ਼ਾਹਿਰ ਕਰਦਿਆਂ ਸਫ਼ਾਈ ਕਰਮਚਾਰੀਆਂ ਵਲੋਂ ਨਗਰ ਕੌਂਸਲ ਦਫ਼ਤਰ ਦੇ ਗੇਟ ਸਾਹਮਣੇ ਕੂੜਾ ਸੁੱਟ ਕੇ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਸੀ, ਪਰ ਬੀਤੇ ਕੱਲ੍ਹ ਨਗਰ ਕੌਂਸਲ ਚੋਣਾਂ ਲਈ ਨਾਮਜ਼ਦਗੀ ਭਰਨ ਦੀ ਆਖਰੀ ਮਿਤੀ ਹੋਣ ਕਾਰਨ ਸਾਰੇ ਰਾਜਨੀਤਿਕ ਆਗੂ ਨਾਮਜ਼ਦਗੀ ਭਰਨ ਵਿਚ ਮਸ਼ਰੂਫ ਸਨ, ਜਿਸ ਕਾਰਨ ਕਿਸੇ ਵੀ ਪਾਰਟੀ ਆਗੂ ਨੇ ਯੂਨੀਅਨ ਦੇ ਇਸ ਫੈਸਲੇ 'ਤੇ ਆਪਣਾ ਕੋਈ ਪ੍ਰਤੀਕਰਮ ਨਹੀਂ ਦਿੱਤਾ | ਇਸੇ ਕਾਰਨ ਰੋਹ 'ਚ ਆਏ ਸਫ਼ਾਈ ਕਰਮਚਾਰੀਆਂ ਨੇ ਐਤਵਾਰ ਸਵੇਰੇ ਸ਼ਹਿਰ ਦੇ ਵੱਖ-ਵੱਖ ਚੌਕਾਂ 'ਚ ਟਰਾਲੀਆਂ ਭਰ ਕੇ ਕੂੜਾ ਸੁੱਟ ਦਿੱਤਾ, ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਲੱਗੇ ਕੂੜੇ ਦੇ ਢੇਰਾਂ ਕਾਰਨ ਜਿਥੇ ਸਾਰੇ ਪਾਸੇ ਬਦਬੂ ਫੈਲ ਰਹੀ ਹੈ, ਉਥੇ ਹੀ ਬਿਮਾਰੀਆਂ ਫੈਲਣ ਦਾ ਖਤਰਾ ਵੀ ਬਣ ਗਿਆ ਹੈ | ਜ਼ਿਕਰਯੋਗ ਹੈ ਕਿ ਅੱਜ 12 ਦਿਨ ਬਾਅਦ ਸ਼ਹਿਰ ਕੂੜੇ ਦੇ ਢੇਰ ਵਿਚ ਤਬਦੀਲ ਹੋ ਗਿਆ ਹੈ | ਸ਼ਹਿਰ ਦੀਆਂ ਵੱਖ-ਵੱਖ ਕਾਲੋਨੀਆਂ ਤੇ ਸੁਸਾਇਟੀਆਂ ਆਦਿ ਵਿਚ ਕੂੜੇ ਦੇ ਢੇਰ ਲੱਗ ਗਏ ਹਨ, ਜਿਸ ਕਾਰਨ ਫੈਲ ਰਹੀ ਬਦਬੂ ਕਰ ਕੇ ਲੋਕਾਂ ਦਾ ਜੀਣਾ ਮੁਸ਼ਕਿਲ ਹੋ ਰਿਹਾ ਹੈ | ਇਸ ਸੰਬੰਧੀ ਨਗਰ ਕੌਂਸਲ ਇੰਪਲਾਈਜ ਯੂਨੀਅਨ ਦੇ ਪ੍ਰਧਾਨ ਪ੍ਰਦੀਪ ਸੂਦ ਨੇ ਕਿਹਾ ਕਿ ਸਰਕਾਰ ਦੇ ਬੇਰੁਖ਼ੀ ਤੇ ਤਾਨਾਸ਼ਾਹੀ ਰਵੱਈਏ ਕਾਰਨ ਉਨ੍ਹਾਂ ਨੂੰ ਸਖ਼ਤ ਰੁਖ ਅਪਣਾਉਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ |