ਖਰੜ, 17 ਮਈ (ਗੁਰਮੁੱਖ ਸਿੰਘ ਮਾਨ)-ਖਰੜ ਸ਼ਹਿਰ ਤੋਂ ਅੱਗੇ ਨਿਊ ਚੰਡੀਗੜ੍ਹ ਅਤੇ ਮੁੱਲਾਂਪੁਰ ਗਰੀਬਦਾਸ ਖੇਤਰ ਨੂੰ ਮਿਲਾਉਣ ਵਾਲੀ ਖਰੜ-ਝੂੰਗੀਆਂ-ਹਰਲਾਲਪੁਰ ਸੜਕ ਦੀ ਤਰਸਯੋਗ ਹਾਲਤ ਪੰਜਾਬ ਦੀ 'ਆਪ' ਸਰਕਾਰ ਦੇ ਵਿਕਾਸ ਲਈ ਕੀਤੇ ਜਾ ਰਹੇ ਵੱਡੇ ਵੱਡੇ ਦਾਅਵਿਆਂ ਦੀ ਪੋਲ੍ਹ ਖੋਲ੍ਹਦੀ ਹੈ | ਇਸ ਸੜਕ 'ਤੇ ਪਏ ਵੱਡੇ ਵੱਡੇ ਖੱਡੇ ਅਤੇ ਥਾਂ ਥਾਂ 'ਤੇ ਲੀਕੇਜ਼ ਹੋ ਰਿਹਾ ਪਾਣੀ ਆਵਾਜਾਈ ਲਈ ਵੱਡੀ ਮੁਸੀਬਤ ਬਣ ਚੁੱਕਾ ਹੈ, ਕਿਉਂਕਿ ਇਸ ਸੜਕ 'ਤੇ ਖਰੜ ਸ਼ਹਿਰ ਤੋਂ ਲੈ ਕੇ ਪਿੰਡ ਚੰਦੋ-ਗੋਬਿੰਦਗੜ੍ਹ ਤੱਕ ਕਾਲੋਨੀਆਂ ਦਾ ਵਿਸਥਾਰ ਹੋ ਚੁੱਕਾ ਹੈ ਅਤੇ ਕਈ ਥਾਵਾਂ 'ਤੇ ਕਾਲੋਨੀਆਂ ਦਾ ਗੰਦਾ ਪਾਣੀ ਸੜਕ 'ਤੇ ਖੁੱਲੇਆਮ ਚੱਲ ਰਿਹਾ ਹੈ | ਇਸ ਸੜਕ 'ਤੇ ਦੋ-ਤਿੰਨ ਦਰਜ਼ਨ ਤੋਂ ਵਧੇਰੇ ਪਿੰਡ ਪੈਂਦੇ ਹਨ, ਜਿਨ੍ਹਾਂ ਤੋਂ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਦੇ ਵਿਦਿਆਰਥੀ ਸਿੱਖਿਆ ਹਾਸਿਲ ਕਰਨ ਲਈ ਖਰੜ ਸ਼ਹਿਰ ਸਮੇਤ ਹੋਰ ਸ਼ਹਿਰਾਂ ਲਈ ਆਉਂਦੇ ਜਾਂਦੇ ਹਨ | ਇਹ ਸੜਕ ਅੱਗੇ ਨਿਊ ਚੰਡੀਗੜ੍ਹ ਖੇਤਰ ਨੂੰ ਮਿਲਾਉਂਦੀ ਹੈ | ਇਸ ਸੜਕ ਰਾਹੀਂ ਅੱਗੇ ਬੱਦੀ, ਨਾਲਾਗੜ੍ਹ ਸਮੇਤ ਹੋਰ ਖੇਤਰਾਂ ਨੂੰ ਜਾਣ ਵਾਲੇ ਲੋਕੀਂ ਲੰਘਦੇ ਹਨ | ਇਸ ਸੜਕ 'ਤੇ ਕੁਝ ਸਮਾਂ ਪਹਿਲਾਂ ਜੰਡਪੁਰ ਤੋਂ ਖਰੜ ਸ਼ਹਿਰ ਲਈ ਕਜੋਲੀ ਵਾਟਰ ਕੰਪਲੈਕਸ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਹਾਸਿਲ ਕਰਨ ਲਈ ਪਾਈਪ ਲਾਈਨ ਵੀ ਵਿਛਾਈ ਗਈ, ਪਰ ਅੱਜ ਇਸ ਸੜਕ ਦੀ ਹਾਲਤ ਇਕ ਪਿੰਡ ਦੇ ਕੱਚੇ ਪਹੇ ਵਰਗੀ ਬਣ ਚੁੱਕੀ ਹੈ | ਇਸ ਸੰਬੰਧੀ ਇਲਾਕਾ ਨਿਵਾਸੀਆਂ ਅਤੇ ਕਾਂਗਰਸ ਬਲਾਕ ਦੇ ਪ੍ਰਧਾਨ ਗੁਰਿੰਦਰ ਸਿੰਘ ਬੈਦਵਾਣ, ਮਨਜੀਤ ਸਿੰਘ ਜੱਗਾ ਜੰਡਪੁਰ, ਬਲਜਿੰਦਰ ਸਿੰਘ, ਬਲਜੀਤ ਸਿੰਘ, ਗੁਰਮੀਤ ਸਿੰਘ, ਮਲਕੀਤ ਸਿੰਘ, ਜਤਿੰਦਰ ਸਿੰਘ ਸਮੇਤ ਹੋਰ ਆਗੂਆਂ ਨੇ ਮੰਗ ਕੀਤੀ ਕਿ ਇਸ ਸੜਕ ਦੀ ਬਰਸਾਤਾਂ ਤੋਂ ਪਹਿਲਾਂ ਮੁਰੰਮਤ ਕਰਵਾਈ ਜਾਵੇ ਤਾਂ ਜੋ ਆਵਾਜਾਈ ਸੁਖਾਲੀ ਹੋ ਸਕੇ |