ਨੂਰਪੁਰ ਬੇਦੀ, 9 ਜੂਨ (ਵਿੰਦਰਪਾਲ ਝਾਂਡੀਆਂ)-ਸ੍ਰੀ ਸਤਿਗੁਰੂ ਬ੍ਰਹਮ ਸਾਗਰ ਮਹਾਰਾਜ ਭੂਰੀ ਵਾਲੇ ਗੁਰਗੱਦੀ ਪ੍ਰਪੰਰਾ (ਗਰੀਬਦਾਸੀਯ ਸੰਪਰਦਾਇ) ਦੇ ਦੂਜੇ ਗੁਰੂ ਗੱਦੀਨਸ਼ੀਨ ਸ੍ਰੀ ਸਤਿਗੁਰੂ ਲਾਲ ਦਾਸ ਮਹਾਰਾਜ ਜੀ ਭੂਰੀ ਵਾਲਿਆ ਦੇ ਅਵਤਾਰ ਦਿਵਸ ਨੂੰ ਸਮਰਪਿਤ ਲਾਲਪੁਰੀ ਧਾਮ ਰਕਬਾ ਸਾਹਿਬ ਨਜ਼ਦੀਕ ਮੁੱਲਾਂਪੁਰ ਦਾਖਾਂ ਲੁਧਿਆਣਾ ਵਿਖੇ 14,15,16 ਜੂਨ ਨੂੰ ਅਤੇ 27,28,29 ਜੂਨ ਨੂੰ ਸਦਪੁਰਸ਼ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਜੈਅੰਤੀ ਨੂੰ ਸਮਰਪਿਤ ਕਾਸ਼ੀਪੁਰੀ ਝਾਂਡੀਆਂ ਕਲਾਂ ਵਿਖੇ ਕਰਵਾਏ ਜਾ ਰਹੇ ਤਿੰਨ ਰੋਜ਼ਾ ਵਿਸ਼ਾਲ ਸੰਤ ਸਮਾਗਮਾਂ ਦੀ ਰੂਪ ਰੇਖਾ ਉਲੀਕਣ ਦੇ ਲਈ ਭੂਰੀ ਵਾਲੇ ਗੁਰਗੱਦੀ ਪ੍ਰੰਪਰਾ ਦੇ ਸੇਵਾਦਾਰਾਂ ਦੀ ਅਹਿਮ ਮੀਟਿੰਗ ਸ੍ਰੀ ਰਾਮਸਰ ਮੋਕਸ਼ ਧਾਮ ਟੱਪਰੀਆਂ ਖੁਰਦ ਵਿਖੇ ਮੌਜੂਦਾ ਗੱਦੀਨਸ਼ੀਨ ਸ੍ਰੀ ਸਤਿਗੁਰੂ ਵੇਦਾਂਤ ਆਚਾਰੀਆ ਸਵਾਮੀ ਚੇਤਨਾ ਨੰਦ ਜੀ ਮਹਾਰਾਜ ਭੂਰੀ ਵਾਲਿਆ ਵਲੋਂ ਕੀਤੀ ਗਈ | ਇਸ ਮੌਕੇ 'ਤੇ ਵੇਦਾਂਤ ਆਚਾਰੀਆ ਸਵਾਮੀ ਚੇਤਨਾ ਨੰਦ ਮਹਾਰਾਜ ਭੂਰੀ ਵਾਲਿਆ ਨੇ ਸੇਵਾਦਾਰਾਂ ਨੂੰ ਪ੍ਰੇਰਣਾ ਕਰਦਿਆਂ ਕਿਹਾ ਕਿ ਜੀਵਨ ਦੇ ਵਿਚ ਹਰ ਜੀਵ ਨੂੰ ਨਿਸ਼ਕਾਮ ਸੇਵਾ ਕਰਨੀ ਚਾਹੀਦੀ ਹੈ, ਜਿਸ ਦੇ ਨਾਲ ਜੀਵ ਦੇ ਵਿਚਾਰ ਸ਼ੁੱਧ ਤੇ ਨਿਮਰਤਾ ਦੇ ਗੁਣ ਪੈਦਾ ਹੁੰਦੇ ਹਨ ਅਤੇ ਉੱਤਮ ਫਲ ਦੀ ਪ੍ਰਾਪਤੀ ਹੁੰਦੀ ਹੈ | ਆਚਾਰੀਆ ਜੀ ਨੇ ਕਿਹਾ ਸੇਵਾ ਕਰਨ ਨਾਲ ਮਨ ਵਿਚ ਨਿਮਰਤਾ ਆਉਂਦੀ ਹੈ ਨਾਲ ਹੀ ਨਿਸ਼ਕਾਮ ਭਾਵ ਸੇਵਾ ਕਰਨ ਦੇ ਨਾਲ ਪੂਰਨ ਲਾਭ ਪ੍ਰਪਾਤ ਹੁੰਦਾ ਹੈ | ਇਸ ਮੌਕੇ ਭੂਰੀ ਵਾਲੇ ਚੇਰੀਟੇਬਲ ਟਰੱਸਟ ਦੇ ਮੈਂਬਰਾਂ ਵਲੋਂ ਤਿੰਨ ਰੋਜ਼ਾ ਸੰਤ ਸਮਾਗਮ ਨੂੰ 6 ਸੈਕਟਰਾਂ ਅਤੇ 40 ਵੱਖੋ ਵੱਖਰੇ ਵਿੰਗਾਂ ਵਿਚ ਵੰਡਿਆ ਗਿਆ | ਮੀਟਿੰਗ ਦੇ ਦੌਰਾਨ ਆਚਾਰੀਆ ਜੀ ਨੇ ਕਿਹਾ ਕਿ 14 ਜੂਨ ਨੂੰ ਜਗਤ ਗੁਰੂ ਬਾਬਾ ਆਚਾਰੀਆ ਗਰੀਬਦਾਸ ਮਹਾਰਾਜ ਜੀ ਦੀ ਰਚਿਤ ਅੰਮਿ੍ਤਮਈ ਬਾਣੀ ਦੇ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਣਗੇ 15 ਜੂਨ ਨੂੰ ਮੱਧ ਦੀ ਬਾਣੀ ਦੇ ਭੋਗ ਅਤੇ ਇਸ ਹੀ ਦਿਨ ਮੈਗਾ ਮੁਫ਼ਤ ਮੈਡੀਕਲ ਕੈਂਪ ਵੀ ਲਗਾਏ ਜਾਣਗੇ | 16 ਜੂਨ ਨੂੰ ਸਵੇਰੇ ਵਿਸ਼ਾਲ ਸ਼ੋਭਾ ਯਾਤਰਾ ਉਪਰੰਤ ਬਾਣੀ ਦੇ ਸੰਪੂਰਨ ਭੋਗ ਪਾਏ ਜਾਣਗੇ | ਆਚਾਰੀਆ ਜੀ ਵਲੋਂ ਸੇਵਾਦਾਰਾਂ ਨੂੰ 13 ਜੂਨ ਨੂੰ ਲਾਲਪੁਰੀ ਧਾਮ ਰਕਬਾ ਸਾਹਿਬ ਨਜ਼ਦੀਕ ਮੁੱਲਾਂਪੁਰ ਦਾਖਾਂ ਲੁਧਿਆਣਾ ਵਿਖੇ ਪਹੁੰਚ ਕਿ ਆਪੋ ਆਪਣੀਆਂ ਡਿਊਟੀਆਂ ਸੰਭਾਲਣ ਦੇ ਆਦੇਸ਼ ਦਿੱਤੇ ਗਏ | ਮੀਟਿੰਗ ਦੇ ਦੌਰਾਨ ਤਿੰਨ ਰੋਜ਼ਾ ਸੰਤ ਸਮਾਗਮ ਦੀ ਬੇਹਤਰੀ ਲਈ ਸੇਵਾਦਾਰਾਂ ਤੋਂ ਸੁਝਾਅ ਵੀ ਲਏ ਗਏ | ਮੀਟਿੰਗ ਦੇ ਦੌਰਾਨ ਸਮੂਹ ਟਰੱਸਟ ਮੈਂਬਰਾਂ ਤੋ ਇਲਾਵਾ ਭੂਰੀ ਵਾਲੇ ਗੁਰਗੱਦੀ ਪ੍ਰੰਪਰਾ ਦੇ ਵੱਡੀ ਗਿਣਤੀ ਵਿਚ ਸੇਵਾਦਾਰ ਹਾਜ਼ਰ ਸਨ | ਆਚਾਰੀਆ ਜੀ ਨੇ ਦੱਸਿਆ ਕਿ ਦੂਜਾ ਵਿਸ਼ਾਲ ਸੰਤ ਸਮਾਗਮ ਕਾਸ਼ੀਪੁਰੀ ਧਾਮ ਝਾਂਡੀਆਂ ਕਲਾਂ ਨੇੜੇ ਨੂਰਪੁਰ ਬੇਦੀ ਵਿਖੇ ਕਬੀਰ ਜੰਯਤੀ ਮੌਕੇ 27,28,29 ਜੂਨ ਨੂੰ ਹੋਵੇਗਾ |