ਢੇਰ, 10 ਜੂਨ (ਸ਼ਿਵ ਕੁਮਾਰ ਕਾਲੀਆ)-ਜ਼ਿਲ੍ਹਾ ਰੂਪਨਗਰ ਲਈ ਇੱਕ ਮਹੱਤਵਪੂਰਨ ਐਲਾਨ ਤਹਿਤ ਦੀਪਕ ਸੋਨੀ ਨੂੰ ਖੱਤਰੀ ਵੈੱਲਫੇਅਰ ਬੋਰਡ ਪੰਜਾਬ ਦਾ ਜ਼ਿਲ੍ਹਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ | ਇਹ ਜ਼ਿੰਮੇਵਾਰੀ ਉਨ੍ਹਾਂ ਨੂੰ ਮੁੱਖ ਮੰਤਰੀ ਦਫ਼ਤਰ ਪੰਜਾਬ ਵਲੋਂ ਸੌਂਪੀ ਗਈ ਹੈ | ਦੀਪਕ ਸੋਨੀ ਇਸ ਸਮੇਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਮੀਡੀਆ ਕੋਆਰਡੀਨੇਟਰ ਵਜੋਂ ਵੀ ਸੇਵਾਵਾਂ ਨਿਭਾ ਰਹੇ ਹਨ | ਉਨ੍ਹਾਂ ਦੀ ਨਿਯੁਕਤੀ ਨਾਲ ਪੂਰੇ ਇਲਾਕੇ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ | ਦੀਪਕ ਸੋਨੀ ਇੱਕ ਉੱਘੇ ਸਮਾਜ ਸੇਵੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਵਜੋਂ ਜਾਣੇ ਜਾਂਦੇ ਹਨ | ਉਹ ਲੰਮੇ ਸਮੇਂ ਤੋਂ ਲੋਕ ਭਲਾਈ ਦੇ ਕੰਮਾਂ ਵਿਚ ਸਰਗਰਮ ਰਹੇ ਹਨ | ਉਨ੍ਹਾਂ ਦੀ ਇਸ ਨਵੀਂ ਨਿਯੁਕਤੀ ਨੂੰ ਉਨ੍ਹਾਂ ਦੀ ਸੇਵਾ ਦਾ ਸਨਮਾਨ ਮੰਨਿਆ ਜਾ ਰਿਹਾ ਹੈ | ਇਲਾਕਾ ਵਾਸੀਆਂ ਅਤੇ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦਾ ਦਿਲੋਂ ਧੰਨਵਾਦ ਕੀਤਾ ਹੈ | ਆਗੂਆਂ ਨੇ ਵਿਸ਼ਵਾਸ ਜਤਾਇਆ ਕਿ ਸ੍ਰੀ ਦੀਪਕ ਸੋਨੀ ਆਪਣੇ ਅਹੁਦੇ ਦੀ ਜ਼ਿੰਮੇਵਾਰੀ ਨੂੰ ਪੂਰੀ ਤਨਦਿਹੀ ਨਾਲ ਨਿਭਾਉਣਗੇ | ਇਸ ਮੌਕੇ ਸ੍ਰੀ ਦੀਪਕ ਸੋਨੀ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੇ ਸਰਪ੍ਰਸਤ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਲੋਂ ਆਭਾਰੀ ਹਨ ਜਿਨ੍ਹਾਂ ਨੇ ਉਨ੍ਹਾਂ 'ਤੇ ਭਰੋਸਾ ਜਤਾਇਆ ਹੈ | ਉਨ੍ਹਾਂ ਨੇ ਕਿਹਾ ਕਿ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਉਹ ਪਿਛਲੇ ਲੰਮੇ ਸਮੇਂ ਤੋਂ ਲੋਕ ਸੇਵਾ ਕਰ ਰਹੇ ਹਨ ਤੇ ਹੁਣ ਮਿਲੀ ਇਸ ਨਵੀਂ ਜ਼ਿੰਮੇਵਾਰੀ ਨੂੰ ਵੀ ਪੂਰੀ ਨਿਸ਼ਠਾ ਨਾਲ ਨਿਭਾਉਣਗੇ |