ਕਾਹਨਪੁਰ ਖੂਹੀ, 18 (ਜੁਲਾਈ ਗੁਰਬੀਰ ਸਿੰਘ ਵਾਲੀਆ)- ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਪਿੰਡ ਕਲਵਾਂ ਤੋਂ ਗੁਰਦੁਆਰਾ 34 ਸਿੰਘ ਸ਼ਹੀਦਾਂ, ਕਲਵਾਂ ਮੋੜ ਤੱਕ ਬਣਨ ਵਾਲੀ ਲਿੰਕ ਸੜਕ ਦਾ ਉਦਘਾਟਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਨੂੰ ਮਜ਼ਬੂਤ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਲਈ ਲਗਾਤਾਰ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਦੇ ਹਰ ਖੇਤਰ ਵਿਚ ਵਿਕਾਸ ਕਾਰਜ ਤੇਜ਼ੀ ਨਾਲ ਕਰਵਾਏ ਜਾ ਰਹੇ ਹਨ ਅਤੇ ਹਲਕਾ ਰੂਪਨਗਰ ਵਿਚ ਵੀ ਸੜਕਾਂ, ਸਿੱਖਿਆ, ਸਿਹਤ ਅਤੇ ਹੋਰ ਲੋਕ ਭਲਾਈ ਦੇ ਪ੍ਰੋਜੈਕਟਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਵਿਧਾਇਕ ਚੱਢਾ ਨੇ ਦੱਸਿਆ ਕਿ ਇਸ ਲਿੰਕ ਸੜਕ ਦੀ ਕੁੱਲ ਲੰਬਾਈ 1.15 ਕਿੱਲੋਮੀਟਰ ਹੈ, ਜਿਸ ਦੇ ਨਿਰਮਾਣ ‘ਤੇ ਲਗਭਗ 67.48 ਲੱਖ ਰੁਪਏ ਖ਼ਰਚ ਹੋਣ ਦਾ ਅਨੁਮਾਨ ਹੈ। ਸੜਕ ਦੀ ਚੌੜਾਈ 12 ਫੁੱਟ ਰੱਖੀ ਜਾਵੇਗੀ। ਉਨ੍ਹਾਂ ਦੱਸਿਆ ਕਿ ਨਿਰਮਾਣ ਦੌਰਾਨ 4 ਇੰਚ ਮੋਟੀ ਜੀ.ਐਸ.ਬੀ. ਦੀ ਪਰਤ ਅਤੇ 6 ਇੰਚ ਮੋਟੀ ਸਟੋਨ ਸੋਲਿੰਗ ਵਿਛਾਉਣ ਤੋਂ ਬਾਅਦ 80 ਮਿਲੀਮੀਟਰ ਮੋਟਾਈ ਵਾਲੇ ਇੰਟਰਲਾਕਿੰਗ ਪੇਵਰ ਬਲਾਕ ਲਗਾਏ ਜਾਣਗੇ। ਇਸ ਤੋਂ ਇਲਾਵਾ ਲੋੜ ਅਨੁਸਾਰ ਪੁਲੀਆਂ ਅਤੇ ਰਿਟੇਨਿੰਗ ਵਾਲਾਂ ਦਾ ਨਿਰਮਾਣ ਵੀ ਕੀਤਾ ਜਾਵੇਗਾ, ਤਾਂ ਜੋ ਸੜਕ ਲੰਬੇ ਸਮੇਂ ਤੱਕ ਮਜ਼ਬੂਤ ਅਤੇ ਟਿਕਾਊ ਰਹੇ। ਉਨ੍ਹਾਂ ਕਿਹਾ ਕਿ ਇਸ ਸੜਕ ਦੇ ਬਣਨ ਨਾਲ ਗੁਰਦੁਆਰਾ ਸਾਹਿਬ ਆਉਣ ਵਾਲੀਆਂ ਸੰਗਤਾਂ ਅਤੇ ਇਲਾਕੇ ਦੇ ਲੋਕਾਂ ਨੂੰ ਆਵਾਜਾਈ ਦੀ ਬਿਹਤਰ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਾਰਦਰਸ਼ੀ ਢੰਗ ਨਾਲ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਲੋਕਾਂ ਦੇ ਹਰ ਵਾਅਦੇ ਨੂੰ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਕੰਮ ਐਮ/ਐਸ ਏ.ਕੇ. ਬਿਲਡਰ ਨੂੰ ਅਲਾਟ ਕੀਤਾ ਗਿਆ ਹੈ ਅਤੇ ਇਸ ਨੂੰ ਨਿਰਧਾਰਿਤ ਮਾਪਦੰਡਾਂ ਅਨੁਸਾਰ ਸਮੇਂ ਸਿਰ ਮੁਕੰਮਲ ਕਰਵਾਇਆ ਜਾਵੇਗਾ। ਵਿਧਾਇਕ ਚੱਢਾ ਨੇ ਭਰੋਸਾ ਦਿੱਤਾ ਕਿ ਹਲਕੇ ਦੇ ਸਰਵਪੱਖੀ ਵਿਕਾਸ ਲਈ ਭਵਿੱਖ ਵਿਚ ਵੀ ਅਜਿਹੇ ਵਿਕਾਸ ਕਾਰਜ ਲਗਾਤਾਰ ਜਾਰੀ ਰਹਿਣਗੇ। ਇਸ ਮੌਕੇ ਉੱਤੇ ਸਰਪੰਚ ਗੁਰਜੀਤ ਸਿੰਘ ਗੋਲਡੀ ਕਲਵਾਂ, ਚੇਅਰਮੈਨ ਅੱਛਰ ਸਿੰਘ ਪੰਮੂ ਹਰੀਪੁਰ, ਬਲਾਕ ਪ੍ਰਧਾਨ ਬਚਿੱਤਰ ਸਿੰਘ, ਜ਼ਿਲ੍ਹਾ ਪਰਿਸ਼ਦ ਮੈਂਬਰ ਜਰਨੈਲ ਸਿੰਘ ਲਾਲੀ, ਡਾਇਰੈਕਟਰ ਸ਼ਿੰਗਾਰਾ ਸਿੰਘ, ਬਾਬਾ ਸੁੱਚਾ ਸਿੰਘ, ਲੰਬੜਦਾਰ ਮਹਿੰਦਰ ਸਿੰਘ, ਬਲਜੀਤ ਸਿੰਘ ਪੰਚ, ਸੋਹਣ ਸਿੰਘ, ਖੁਸ਼ਹਾਲ ਸਿੰਘ ਬੈਂਸ, ਪਵਨ ਸ਼ਰਮਾ, ਨਿਰਮਲ ਸਿੰਘ, ਕੁਲਦੀਪ ਸ਼ਰਮਾ, ਹੈਪੀ ਢਾਹੀਆ, ਗੁਰਨਾਮ ਸਿੰਘ, ਜੀਤੀ ਸੈਣੀ, ਮਿੰਟੂ ਸੈਣੀ, ਅਮਰਜੀਤ ਸਿੰਘ ਅਟਵਾਲ, ਭਾਗ ਸਿੰਘ ਲੰਬੜਦਾਰ, ਡਾ. ਸੁਰਜੀਤ ਸਿੰਘ, ਹੈਪੀ ਕਲਮਾ ਸ਼ਿੰਗਾਰਾ ਸਿੰਘ , ਦੇਵ ਰਾਜ ਫੌਜੀ, ਸੋਮ ਸਿੰਘ ਪ੍ਰਧਾਨ ਰਵਿਦਾਸ ਮੰਦਰ, ਸੀਤਾ ਰਾਮ, ਦਿਨੇਸ਼ ਬਾਲਾ ਪੰਚ ਹਾਜ਼ਰ ਸਨ।