04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਅੱਧੇ ਤਖ਼ਤਗੜ੍ਹ ਪਿੰਡ ਦੀ ਰਾਤ ਭਰ ਬਿਜਲੀ ਗੁੱਲ ਰਹਿਣ ਕਾਰਨ ਲੋਕਾਂ ਦਾ ਫੁੱਟਿਆ ਗ਼ੁੱਸਾ

ਅਜੀਤ ਡੈਸਕ 30-07-2026
ਨੂਰਪੁਰ ਬੇਦੀ, 29 ਜੁਲਾਈ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਬੀਤੀ ਪੂਰੀ ਰਾਤ ਪਿੰਡ ਤਖ਼ਤਗੜ੍ਹ ਦੇ ਅੱਧੇ ਹਿੱਸੇ ਦੀ ਬਿਜਲੀ ਸਪਲਾਈ ਠੱਪ ਰਹਿਣ ਕਾਰਨ ਗੁਸਾਏ ਪਿੰਡ ਵਾਸੀਆਂ ਨੇ ਅੱਜ ਸਵੇਰੇ ਨੂਰਪੁਰ ਬੇਦੀ–ਰੂਪਨਗਰ ਮੁੱਖ ਮਾਰਗ ’ਤੇ ਬੱਸ ਅੱਡਾ ਬੈਂਸ ਵਿਖੇ ਧਰਨਾ ਦੇ ਕੇ ਚੱਕਾ ਜਾਮ ਕਰ ਦਿੱਤਾ। ਇਸ ਕਾਰਨ ਸੜਕ ਦੇ ਦੋਵੇਂ ਪਾਸਿਆਂ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਅਤੇ ਸਵੇਰੇ ਡਿਊਟੀਆਂ ’ਤੇ ਜਾਣ ਵਾਲੇ ਕਰਮਚਾਰੀਆਂ, ਵਿਦਿਆਰਥੀਆਂ ਅਤੇ ਹੋਰ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਗਾਇਆ ਕਿ ਇਲਾਕੇ ਵਿਚ ਬਿਜਲੀ ਦੀ ਸਮੱਸਿਆ ਲਗਾਤਾਰ ਬਣੀ ਹੋਈ ਹੈ ਪਰ ਪਾਵਰਕਾਮ ਵਲੋਂ ਇਸ ਦਾ ਕੋਈ ਪੱਕਾ ਹੱਲ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਪੁਰਾਣੀਆਂ ਅਤੇ ਜਰਜਰ ਤਾਰਾਂ ਕਾਰਨ ਅਕਸਰ ਫਾਲਟ ਪੈਂਦੇ ਹਨ, ਜਿਸ ਨਾਲ ਲੋਕਾਂ ਨੂੰ ਵਾਰ-ਵਾਰ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜ਼ਿਕਰਯੋਗ ਹੈ ਕਿ 28 ਜੁਲਾਈ ਨੂੰ ਬਲਾਕ ਨੂਰਪੁਰ ਬੇਦੀ ਦੇ ਕਰੀਬ 138 ਪਿੰਡਾਂ ਦੀ ਬਿਜਲੀ ਸਪਲਾਈ ਪੂਰਾ ਦਿਨ ਬੰਦ ਰਹੀ ਸੀ, ਜੋ ਰਾਤ ਕਰੀਬ 10 ਵਜੇ ਬਹਾਲ ਹੋਈ। ਪਰ ਉਸੇ ਸਮੇਂ ਪਿੰਡ ਤਖਤਗੜ੍ਹ ਵਿਚ ਬਿਜਲੀ ਦੀ ਇੱਕ ਤਾਰ ਟੁੱਟ ਜਾਣ ਕਾਰਨ ਅੱਧੇ ਪਿੰਡ ਦੀ ਸਪਲਾਈ ਮੁੜ ਬੰਦ ਹੋ ਗਈ, ਜਿਸ ਕਾਰਨ ਲੋਕਾਂ ਨੂੰ ਪੂਰੀ ਰਾਤ ਹਨੇਰੇ ਵਿਚ ਗੁਜ਼ਾਰਨੀ ਪਈ। ਧਰਨੇ ਦੀ ਸੂਚਨਾ ਮਿਲਦਿਆਂ ਪਾਵਰਕਾਮ ਦੇ ਐਡੀਸ਼ਨਲ ਐਸ.ਡੀ.ਓ. ਕੁਲਵਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਔਲਖ ਤੋਂ ਇਲਾਵਾ ਸਥਾਨਕ ਥਾਣਾ ਮੁਖੀ ਗੁਰਮੁੱਖ ਸਿੰਘ ਦੀ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ। ਬਿਜਲੀ ਅਧਿਕਾਰੀਆਂ ਨੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਦਿਆਂ ਭਰੋਸਾ ਦਿੱਤਾ ਕਿ ਲੋਕਾਂ ਦੀ ਮੰਗ ਅਨੁਸਾਰ ਪੁਰਾਣੀਆਂ ਬਿਜਲੀ ਤਾਰਾਂ ਨੂੰ ਬਦਲਿਆ ਕੀਤਾ ਜਾਵੇਗਾ ਤੇ ਢੁੱਕਵੀਂ ਜਗ੍ਹਾ ਮੁਹੱਈਆ ਕਰਵਾਉਣ ਤੇ ਉੱਥੇ ਨਵਾਂ ਟਰਾਂਸਫਾਰਮਰ ਵੀ ਸਥਾਪਿਤ ਕੀਤਾ ਜਾਵੇਗਾ, ਜਿਸ ਨਾਲ ਭਵਿੱਖ ਵਿਚ ਬਿਜਲੀ ਸਪਲਾਈ ਸੁਚਾਰੂ ਅਤੇ ਨਿਰਵਿਘਨ ਬਣਾਈ ਰੱਖਣ ਵਿਚ ਮਦਦ ਮਿਲੇਗੀ। ਅਧਿਕਾਰੀਆਂ ਦੇ ਭਰੋਸੇ ਤੋਂ ਬਾਅਦ ਧਰਨਾਕਾਰੀਆਂ ਨੇ ਕਰੀਬ ਇੱਕ ਘੰਟੇ ਬਾਅਦ ਆਪਣਾ ਪ੍ਰਦਰਸ਼ਨ ਸਮਾਪਤ ਕਰ ਦਿੱਤਾ ਅਤੇ ਆਵਾਜਾਈ ਮੁੜ ਬਹਾਲ ਹੋ ਗਈ। ਪਿੰਡ ਵਾਸੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਜਲਦੀ ਹੀ ਪੱਕਾ ਹੱਲ ਨਾ ਕੀਤਾ ਗਿਆ ਤਾਂ ਉਹ ਹੋਰ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।
ਪਿਛਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਪਿੰਡ ਕੰਚੇੜਾ ਵਾਰਡ 13 ਨੰਗਲ ਤੋਂ ਅੰਮ੍ਰਿਤਸਰ ਸਾਹਿਬ ਲਈ ਬੱਸ ਰਵਾਨਾ ਅਗਲੀ ਖ਼ਬਰ ਰੂਬੀ ਦੇ ਪਿਤਾ ਮਾਸਟਰ ਕੁਲਦੀਪ ਸਿੰਘ ਥਿੰਦ ਨਮਿਤ ਅਰਦਾਸ ਪਹਿਲੀ ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।