03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਜੰਗਲ ਵਲੋਂ ਆ ਰਿਹਾ ਬਰਸਾਤੀ ਪਾਣੀ ਸਰਕਾਰੀ ਸੜਕ ਲਈ ਬਣਿਆ ਵੱਡਾ ਖ਼ਤਰਾ

ਅਜੀਤ ਡੈਸਕ 30-07-2026
ਕਾਹਨਪੁਰ ਖੂਹੀ, 29 ਜੁਲਾਈ (ਗੁਰਬੀਰ ਸਿੰਘ ਵਾਲੀਆ)-ਸ਼੍ਰੀ ਅਨੰਦਪੁਰ ਸਾਹਿਬ-ਗੜ੍ਹਸ਼ੰਕਰ ਮੁੱਖ ਮਾਰਗ ‘ਤੇ ਕਾਹਨਪੁਰ ਖੂਹੀ ਅਤੇ ਕਲਮਾ ਮੋੜ ਦਰਮਿਆਨ ਸਥਿਤ ਸੜਕ ਬਰਸਾਤੀ ਪਾਣੀ ਦੀ ਲਗਾਤਾਰ ਮਾਰ ਕਾਰਨ ਗੰਭੀਰ ਨੁਕਸਾਨ ਦਾ ਸਾਹਮਣਾ ਕਰ ਰਹੀ ਹੈ। ਜੰਗਲ ਵਾਲੇ ਪਾਸੇ ਤੋਂ ਆਉਣ ਵਾਲਾ ਪਾਣੀ ਸਿੱਧਾ ਸੜਕ ਉੱਪਰੋਂ ਲੰਘ ਰਿਹਾ ਹੈ, ਜਿਸ ਨਾਲ ਸੜਕ ਦੇ ਕਿਨਾਰਿਆਂ ਦਾ ਕਟਾਅ ਤੇਜ਼ੀ ਨਾਲ ਵੱਧ ਰਿਹਾ ਹੈ ਅਤੇ ਡਾਮਰ ਵੀ ਕਈ ਥਾਵਾਂ ਤੋਂ ਉੱਖੜਨਾ ਸ਼ੁਰੂ ਹੋ ਗਿਆ ਹੈ। ਇਸ ਕਾਰਨ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਣ ਦੇ ਨਾਲ-ਨਾਲ ਰੋਜ਼ਾਨਾ ਇਸ ਰਸਤੇ ਤੋਂ ਲੰਘਣ ਵਾਲੇ ਹਜ਼ਾਰਾਂ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕਾ ਵਾਸੀਆਂ ਅਨੁਸਾਰ ਸਾਲ 2023 ਦੀ ਭਾਰੀ ਬਰਸਾਤ ਤੋਂ ਬਾਅਦ ਸੜਕ ਕਿਨਾਰੇ ਬਣੇ ਬਰਮ ਉੱਤੇ ਮਿੱਟੀ ਦੇ ਵੱਡੇ-ਵੱਡੇ ਢੇਰ ਇਕੱਠੇ ਹੋ ਗਏ ਸਨ। ਇਸ ਦੇ ਨਾਲ ਹੀ ਕੁੱਝ ਕਿਸਾਨਾਂ ਵਲੋਂ ਆਪਣੇ ਖੇਤਾਂ ਦੇ ਆਲੇ-ਦੁਆਲੇ ਉੱਚੀਆਂ ਵੱਟਾਂ ਬਣਾਉਣ ਕਾਰਨ ਬਰਸਾਤੀ ਪਾਣੀ ਦਾ ਕੁਦਰਤੀ ਰਸਤਾ ਰੁਕ ਗਿਆ। ਨਤੀਜੇ ਵਜੋਂ ਪਾਣੀ ਦਾ ਰੁੱਖ ਸੜਕ ਵੱਲ ਮੁੜ ਗਿਆ ਅਤੇ ਹੁਣ ਹਰ ਬਰਸਾਤ ਦੌਰਾਨ ਪਾਣੀ ਸੜਕ ਉੱਤੇ ਵਗਦਾ ਹੈ, ਜਿਸ ਨਾਲ ਸੜਕ ਦੀ ਹਾਲਤ ਦਿਨੋਂ-ਦਿਨ ਖ਼ਰਾਬ ਹੁੰਦੀ ਜਾ ਰਹੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਸੜਕ ਦੀ ਸਮੇਂ ਸਿਰ ਸੰਭਾਲ ਨਾ ਹੋਣ ਕਾਰਨ ਸਰਕਾਰੀ ਖ਼ਜ਼ਾਨੇ ਨੂੰ ਵੀ ਨੁਕਸਾਨ ਝੱਲਣਾ ਪੈ ਰਿਹਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਮੱਸਿਆ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ ਸੜਕ ਨੂੰ ਹੋਰ ਵੱਡਾ ਨੁਕਸਾਨ ਹੋ ਸਕਦਾ ਹੈ ਅਤੇ ਕਿਸੇ ਵੀ ਸਮੇਂ ਕੋਈ ਗੰਭੀਰ ਹਾਦਸਾ ਵਾਪਰ ਸਕਦਾ ਹੈ। ਇਸ ਰਸਤੇ ਤੋਂ ਹਰ ਰੋਜ਼ ਸਕੂਲੀ ਬੱਚੇ, ਨੌਕਰੀਪੇਸ਼ਾ ਲੋਕ, ਕਿਸਾਨ ਅਤੇ ਭਾਰੀ ਵਾਹਨ ਲੰਘਦੇ ਹਨ। ਸੜਕ ਉੱਪਰ ਵਗਦੇ ਪਾਣੀ ਅਤੇ ਕੱਟਦੇ ਕਿਨਾਰਿਆਂ ਕਾਰਨ ਦੋਪਹੀਆ ਵਾਹਨ ਚਾਲਕਾਂ ਨੂੰ ਸਭ ਤੋਂ ਵੱਧ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਥਾਵਾਂ ‘ਤੇ ਸੜਕ ਦੇ ਕਿਨਾਰੇ ਖਿਸਕਣ ਕਾਰਨ ਹਾਦਸਿਆਂ ਦੀ ਸੰਭਾਵਨਾ ਲਗਾਤਾਰ ਬਣੀ ਹੋਈ ਹੈ। ਇਸ ਸਬੰਧੀ ਲੋਕ ਨਿਰਮਾਣ ਵਿਭਾਗ (ਪੀਡਬਲਯੂਡੀ) ਦੇ ਜੇਈ ਸਰਦਾਰ ਸੁਖਬੀਰ ਸਿੰਘ ਨਾਲ ਗੱਲਬਾਤ ਕਰਨ ‘ਤੇ ਉਨ੍ਹਾਂ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆ ਗਿਆ ਹੈ। ਉਨ੍ਹਾਂ ਕਿਹਾ ਕਿ ਇੱਕ-ਦੋ ਦਿਨਾਂ ਦੇ ਅੰਦਰ ਮੌਕੇ ਦਾ ਨਿਰੀਖਣ ਕਰਕੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਣਗੇ ਅਤੇ ਸਮੱਸਿਆ ਦੇ ਹੱਲ ਲਈ ਯੋਗ ਕਾਰਵਾਈ ਕੀਤੀ ਜਾਵੇਗੀ। ਇਲਾਕਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਸੜਕ ਕਿਨਾਰੇ ਪਏ ਮਿੱਟੀ ਦੇ ਢੇਰ ਤੁਰੰਤ ਹਟਾਏ ਜਾਣ, ਬੰਦ ਪਈ ਪੁਲੀ ਦੀ ਸਫ਼ਾਈ ਕਰਕੇ ਉਸ ਰਾਹੀਂ ਪਾਣੀ ਦੀ ਨਿਕਾਸੀ ਬਹਾਲ ਕੀਤੀ ਜਾਵੇ ਅਤੇ ਜਿੱਥੇ ਪਾਣੀ ਦਾ ਕੁਦਰਤੀ ਰਸਤਾ ਰੋਕਿਆ ਗਿਆ ਹੈ, ਉੱਥੇ ਸਥਾਈ ਹੱਲ ਯਕੀਨੀ ਬਣਾਇਆ ਜਾਵੇ। ਲੋਕਾਂ ਦਾ ਮੰਨਣਾ ਹੈ ਕਿ ਜੇਕਰ ਪਾਣੀ ਨੂੰ ਸਹੀ ਦਿਸ਼ਾ ਵਿਚ ਪੁਲੀ ਰਾਹੀਂ ਲੰਘਾਇਆ ਜਾਵੇ ਤਾਂ ਸੜਕ ਨੂੰ ਹੋ ਰਹੇ ਨੁਕਸਾਨ ਤੋਂ ਬਚਾਇਆ ਜਾ ਸਕਦਾ ਹੈ ਅਤੇ ਰਾਹਗੀਰਾਂ ਨੂੰ ਵੀ ਵੱਡੀ ਰਾਹਤ ਮਿਲੇਗੀ। ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਅਤੇ ਸੰਬੰਧਿਤ ਵਿਭਾਗ ਤੋਂ ਅਪੀਲ ਕੀਤੀ ਹੈ ਕਿ ਬਰਸਾਤ ਦੇ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ ਬਿਨਾਂ ਦੇਰੀ ਇਸ ਸਮੱਸਿਆ ਦਾ ਸਥਾਈ ਹੱਲ ਕੀਤਾ ਜਾਵੇ, ਤਾਂ ਜੋ ਸਰਕਾਰੀ ਸੰਪਤੀ ਦੀ ਰੱਖਿਆ ਹੋਣ ਦੇ ਨਾਲ-ਨਾਲ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਵੀ ਯਕੀਨੀ ਬਣਾਈ ਜਾ ਸਕੇ।
ਪਿਛਲੀ ਖ਼ਬਰ ਵਿਸ਼ਵ ਹੈਪੇਟਾਈਟਸ ਦਿਵਸ ਮੌਕੇ ਲੋਕਾਂ ਨੂੰ ਜਾਗਰੂਕ ਕਰਕੇ ਸਾਵਧਾਨੀਆਂ ਅਪਣਾਉਣ ਦਾ ਦਿੱਤਾ ਸੁਨੇਹਾ ਅਗਲੀ ਖ਼ਬਰ ਤਨਖ਼ਾਹ ਕਮਿਸ਼ਨ ਦੇ ਬਕਾਏ ਦੇ ਬਿੱਲ ਨਾ ਭੇਜਣ ਦਾ ਜੀ. ਟੀ. ਯੂ. ਵਲੋਂ ਸਖ਼ਤ ਨੋਟਿਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।