02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਸਰਕਾਰ ਦੇ ਲਾਰਿਆਂ ਤੋਂ ਅੱਕੇ ਜਲ ਸਪਲਾਈ ਮੁਲਾਜ਼ਮ ਟੈਂਕੀ ’ਤੇ ਚੜ੍ਹ ਕਰਨਗੇ ਰੋਸ ਪ੍ਰਦਰਸ਼ਨ

ਅਜੀਤ ਡੈਸਕ 01-08-2026
ਰੂਪਨਗਰ, 31 ਜੁਲਾਈ (ਯਸ਼ਵੰਤ ਬੱਸੀ)- ਅੱਜ ਜਲ ਸਪਲਾਈ ਦੇ ਠੇਕਾ ਮੁਲਾਜ਼ਮਾਂ ਦੇ ਵਫ਼ਦ ਨੇ ਪ੍ਰਧਾਨ ਮੱਖਣ ਕਾਲਸ ਦੀ ਅਗਵਾਈ ਹੇਠ ਜ਼ਿਲ੍ਹਾ ਪੁਲਿਸ ਮੁਖੀ ਨਾਲ ਮੀਟਿੰਗ ਕੀਤੀ। ਵਫ਼ਦ ਵਿਚ ਮੁਲਾਜ਼ਮ ਆਗੂ ਕਪਿਲ ਮਹਿੰਦਲੀ, ਜਸਵਿੰਦਰ ਕੀਰਤਪੁਰ, ਪ੍ਰਿਤਪਾਲ ਰਾਜੂ ਮਟੋਰ ਸ਼ਾਮਲ ਰਹੇ। ਦੋ ਪੜਾਵਾਂ ਵਿਚ ਲੰਬੀ ਚੱਲੀ ਮੀਟਿੰਗ ਤੋਂ ਬਾਅਦ ਯੂਨੀਅਨ ਦੇ ਆਗੂਆਂ ਨੇ ਸਾਂਝੇ ਤੌਰ ’ਤੇ ਦੱਸਿਆ ਕਿ, ਉਹ ਸਰਕਾਰ ਦੇ ਲਾਰਿਆਂ ਅਤੇ ਲੁਕਣ ਮੀਟੀ ਤੋਂ ਤੰਗ ਪ੍ਰੇਸ਼ਾਨ ਆ ਕੇ 3 ਅਗਸਤ ਤੋਂ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੀ ਟੈਂਕੀ ’ਤੇ ਚੜ੍ਹ ਕੇ ਰੋਸ ਪ੍ਰਦਰਸ਼ਨ ਕਰਨਗੇ, ਕਿਉਂਕਿ ਉਹ ਆਪਣੇ ਵਰਕਰਾਂ ਪ੍ਰਤੀ ਜਵਾਬਦੇਹੀ ਤੋਂ ਭੱਜ ਨਹੀਂ ਸਕਦੇ। ਇਸ ਲਈ ਸਮੇਂ ਦੀ ਨਜਾਕਤ ਨੂੰ ਦੇਖਦਿਆਂ ਇਹ ਪ੍ਰੋਗਰਾਮ ਉਲੀਕਣਾ ਉਨਾਂ ਅੱਗੇ ਪੰਜਾਬ ਸਰਕਾਰ ਵਲੋਂ ਪੈਦਾ ਕੀਤੀ ਮਜ਼ਬੂਰੀ ਹੈ, ਜਿਸ ਦੇ ਸਬੰਧ ਵਿਚ ਅੱਜ ਜ਼ਿਲ੍ਹਾ ਪੁਲਿਸ ਮੁਖੀ ਵਲੋਂ ਉਨ੍ਹਾਂ ਨੂੰ ਬੁਲਾ ਕੇ ਮੰਗਾਂ ’ਤੇ ਚਰਚਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਨੇ ਵਿਸ਼ਵਾਸ ਦਿਵਾਇਆ ਕਿ ਉਹ ਪ੍ਰਸ਼ਾਸਨ ਰਾਹੀਂ ਯੂਨੀਅਨ ਆਗੂਆਂ ਦੀ ਮੀਟਿੰਗ ਮੁੱਖ ਮੰਤਰੀ, ਮੁੱਖ ਸਕੱਤਰ ਪੰਜਾਬ ਜਾਂ ਪ੍ਰਿੰਸੀਪਲ ਸੈਕਟਰੀ ਨਾਲ ਕਰਵਾਉਣ ਦੀ ਕੋਸ਼ਿਸ਼ ਕਰਨਗੇ। ਆਗੂਆਂ ਨੇ ਮੰਗ ਕੀਤੀ ਕਿ ਮੀਟਿੰਗ ਵਿਚ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਸੈਕਟਰੀ ਵੀ ਹਾਜ਼ਰ ਰਹਿਣ ਤਾਂ ਜੋ ਵਰਕਰਾਂ ਦੀਆਂ ਮੰਗਾਂ ਦਾ ਨਿਪਟਾਰਾ ਜਲਦ ਤੋਂ ਜਲਦ ਹੋ ਸਕੇ। ਮੀਟਿੰਗ ਤੋਂ ਬਾਅਦ ਮੱਖਣ ਕਾਲਸ ਨੇ ਕਿਹਾ ਕਿ ਮੀਟਿੰਗ ਸੰਬੰਧੀ ਮਿਲੇ ਭਰੋਸਾ ਦੇ ਬਾਵਜੂਦ ਪਹਿਲਾਂ ਉਲੀਕੇ ਪ੍ਰੋਗਰਾਮ ਅਨੁਸਾਰ 3 ਅਗਸਤ ਤੋਂ ਸਾਰੇ ਵਰਕਰ ਆਪਣੇ ਪਰਿਵਾਰਾਂ ਸਮੇਤ ਸੰਘਰਸ਼ ਦੇ ਮੈਦਾਨ ਵਿਚ ਡਟਣਗੇ, ਤਾਂ ਜ਼ੋ ਨੰਗਲ ਡੈਮ, ਨੂਰਪੁਰ ਬੇਦੀ, ਸ੍ਰੀ ਅਨੰਦਪੁਰ ਸਾਹਿਬ ਦੇ 196 ਆਊਟਸੋਰਸ ਮੁਲਾਜ਼ਮਾਂ ਸਮੇਤ ਪੂਰੇ ਪੰਜਾਬ ਦੇ 1575 ਆਊਟਸੋਰਸ ਮੁਲਾਜ਼ਮਾਂ ਨੂੰ ਵਿਭਾਗ ਵਿਚ ਸ਼ਾਮਲ ਕਰਵਾਇਆ ਜਾ ਸਕੇ। ਕਪਿਲ ਮਹਿੰਦਲੀ ਨੇ ਦੱਸਿਆ ਕਿ ਭਰਾਤਰੀ ਜਥੇਬੰਦੀਆਂ ਤੋਂ ਇਲਾਵਾ ਕਿਸਾਨਾਂ, ਮਜ਼ਦੂਰਾਂ ਅਤੇ ਪੰਜਾਬ ਭਰ ਦੇ ਆਊਟਸੋਰਸ ਮੁਲਾਜ਼ਮਾਂ ਵਲੋਂ ਉਨ੍ਹਾਂ ਦੇ ਸੰਘਰਸ਼ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ 3 ਅਗਸਤ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਚ ਪੰਜਾਬ ਵਿਧਾਨ ਸਭਾ ਦੇ ਸਮਾਨਾਂਤਰ ਸੰਘਰਸ਼ ਦੀ ਇਕ ਨਿਵੇਕਲੀ ਵਿਧਾਨ ਸਭਾ ਚੱਲੇਗੀ ਜੋ ਕਿ ਇਤਿਹਾਸਕ ਹੋਵੇਗੀ।
ਪਿਛਲੀ ਖ਼ਬਰ ਖੜ੍ਹੇ ਟਿੱਪਰ ਨਾਲ ਟਕਰਾਈ ਕਾਰ, 3 ਜ਼ਖ਼ਮੀ ਅਗਲੀ ਖ਼ਬਰ ਨੰਗਲ ਕਤਲ ਕਾਂਡ ਦਾ ਪਰਦਾਫਾਸ਼, 3 ਮੁਲਜ਼ਮ ਗ੍ਰਿਫ਼ਤਾਰ, 7 ਨਾਜਾਇਜ਼ ਹਥਿਆਰਾਂ ਸਮੇਤ ਦੋ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।