02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਮਿਲਕ ਪਲਾਂਟ ਮੋਹਾਲੀ ਦੇ ਦੁੱਧ ਉਤਪਾਦਕਾਂ ਵਲੋਂ ਪਲਾਂਟ ਵਿਰੁੱਧ ਰੋਸ ਪ੍ਰਗਟ

ਅਜੀਤ ਡੈਸਕ 01-08-2026
ਮੋਰਿੰਡਾ, 31 ਜੁਲਾਈ (ਤਰਲੋਚਨ ਸਿੰਘ ਕੰਗ)- ਪੰਜਾਬ ਸਰਕਾਰ ਤੇ ਮਿਲਕਫੈੱਡ ਪੰਜਾਬ ਵਲੋਂ ਦੁੱਧ ਉਤਪਾਦਕਾਂ ਨੂੰ ਗਰਮੀ ਦੇ ਸੀਜ਼ਨ ਵਿਚ ਜੋ ਚਾਰ ਰੁਪਏ ਪ੍ਰਤੀ ਲੀਟਰ ਦੁੱਧ ਦਾ ਭਾਅ ਵਧਾ ਕੇ ਮਾਲੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਸ ਨੂੰ ਮਿਲਕ ਪਲਾਂਟ ਮੋਹਾਲੀ ਨੇ ਸਿਰਫ਼ ਦੋ ਰੁਪਏ ਪ੍ਰਤੀ ਲੀਟਰ ਹੀ ਵਧਾ ਕੇ ਮਿਲਕ ਪਲਾਂਟ ਮੋਹਾਲੀ ਦੇ ਅਧੀਨ ਪੈਂਦੇ ਦੁੱਧ ਉਤਪਾਦਕਾਂ ਨਾਲ ਬਹੁਤ ਵੱਡਾ ਵਿਤਕਰਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਿਲਕ ਪਲਾਂਟ ਮੋਹਾਲੀ ਦੇ ਸਾਬਕਾ ਚੇਅਰਮੈਨ ਪਰਮਿੰਦਰ ਸਿੰਘ ਚਲਾਕੀ, ਬਲਦੀਪ ਸਿੰਘ ਸੰਗਤਪੁਰਾ, ਸੁਖਦੀਪ ਸਿੰਘ ਭੰਗੂ, ਬਹਾਦਰ ਸਿੰਘ ਢੰਗਰਾਲੀ, ਅਮਰ ਸਿੰਘ ਕਲਾਰਾਂ, ਬਲਵੀਰ ਸਿੰਘ, ਰਣਜੀਤ ਸਿੰਘ, ਬਚਿੱਤਰ ਸਿੰਘ ਸਹੇੜੀ, ਭੁਪਿੰਦਰ ਸਿੰਘ ਬਦਨਪੁਰ, ਸੁਲੱਖਣ ਸਿੰਘ ਬਮਨਾੜਾ, ਰਣਜੋਧ ਸਿੰਘ ਢੰਗਰਾਲੀ, ਹਰਵਿੰਦਰ ਸਿੰਘ ਚਲਾਕੀ ਆਦਿ ਦੁੱਧ ਉਤਪਾਦਕਾਂ ਨੇ ਦੱਸਿਆ ਕਿ ਮਿਲਕਫੈੱਡ ਪੰਜਾਬ ਵਲੋਂ 21-7-2026 ਤੋਂ ਦੁੱਧ ਦਾ ਭਾਅ ਪੰਜਾਬ ਭਰ ਵਿਚ ਚਾਰ ਰੁਪਏ ਪ੍ਰਤੀ ਲੀਟਰ ਵਧਾਇਆ ਸੀ, ਪ੍ਰੰਤੂ ਮਿਲਕ ਪਲਾਂਟ ਮੋਹਾਲੀ ਵਲੋਂ ਸਿਰਫ਼ ਦੋ ਰੁਪਏ ਪ੍ਰਤੀ ਲੀਟਰ ਹੀ ਦੁੱਧ ਦਾ ਭਾਅ ਵਧਾ ਕੇ ਮਿਲਕ ਪਲਾਂਟ ਮੋਹਾਲੀ ਦੇ ਦੁੱਧ ਉਤਪਾਦਕਾਂ ਨਾਲ ਵਿਤਕਰਾ ਕੀਤਾ ਹੈ। ਇਸੇ ਸਬੰਧ ਵਿਚ ਪਰਮਿੰਦਰ ਸਿੰਘ ਚਲਾਕੀ ਦਾ ਕਹਿਣਾ ਹੈ, ਕਿ ਫੀਡ ਦਾ ਭਾਅ 100 ਰੁਪਏ ਤੋਂ ਲੈ ਕੇ 120 ਰੁਪਏ ਵਧਾ ਦਿੱਤਾ ਹੈ। ਚਾਰਾ ਅਤੇ ਪਸ਼ੂਆਂ ਦੀਆਂ ਦਵਾਈਆਂ ਆਦਿ ਦਾ ਭਾਅ ਵੀ ਬਹੁਤ ਵਧ ਚੁੱਕਿਆ ਹੈ, ਪਰ ਦੁੱਧ ਦਾ ਭਾਅ ਸਿਰਫ਼ ਦੋ ਰੁਪਏ ਪ੍ਰਤੀ ਲੀਟਰ ਵਧਾ ਕੇ ਦੁੱਧ ਉਤਪਾਦਕਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਦੁੱਧ ਉਤਪਾਦਕਾਂ ਦੀ ਮਾਲੀ ਹਾਲਤ ਸੁਧਾਰਨ ਲਈ ਸਰਕਾਰ ਵੱਡੇ ਦਾਅਵੇ ਕਰ ਰਹੀ ਹੈ। ਪ੍ਰੰਤੂ ਅਸਲ ਵਿਚ ਦੁੱਧ ਉਤਪਾਦਕਾਂ ਦੀ ਮਿਹਨਤ ਵੀ ਪੱਲੇ ਨਹੀਂ ਪੈਂਦੀ। ਚਲਾਕੀ ਨੇ ਦੱਸਿਆ ਕਿ ਜੋ ਮਿਲਕ ਪਲਾਂਟ ਮੋਹਾਲੀ ਨੇ ਦੋ ਰੁਪਏ ਦਾ ਵਾਧਾ ਕੀਤਾ ਹੈ, ਉਨ੍ਹਾਂ ਨੂੰ ਵੀ ਮਿਲਕ ਪਲਾਂਟ ਮੋਹਾਲੀ 1 ਅਗਸਤ 2026 ਤੋਂ ਲਾਗੂ ਕਰਨ ਜਾ ਰਿਹਾ ਹੈ, ਜਦਕਿ 21 ਜੁਲਾਈ 2026 ਤੋਂ 31 ਜੁਲਾਈ 2026 ਤੱਕ ਦਾ ਬਕਾਇਆ ਵੀ ਦੁੱਧ ਉਤਪਾਦਕਾਂ ਨੂੰ ਮਿਲਣਾ ਚਾਹੀਦਾ ਹੈ। ਚਲਾਕੀ ਨੇ ਕਿਹਾ ਕਿ ਸਮੂਹ ਮਿਲਕ ਪਲਾਟ ਮੋਹਾਲੀ ਅਧੀਨ ਪੈਂਦੇ ਸਮੂਹ ਦੁੱਧ ਉਤਪਾਦਕਾਂ ਨੂੰ ਇਸ ਸਬੰਧੀ ਇੱਕਜੁੱਟ ਹੋ ਕੇ ਆਪਣੇ ਹੱਕ ਲੈਣ ਲਈ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਗਰ ਮਿਲਕ ਪਲਾਂਟ ਮੋਹਾਲੀ ਨੇ ਪੰਜਾਬ ਭਰ ਦੇ ਪਲਾਂਟਾਂ ਦੇ ਭਾਅ ਦੇ ਮੁਤਾਬਿਕ ਪ੍ਰਤੀ ਲੀਟਰ ਚਾਰ ਰੁਪਏ ਦਾ ਵਾਧਾ ਨਾ ਕੀਤਾ ਤਾਂ ਭਾਕਿਯੂ ਰਾਜੇਵਾਲ ਵਲੋਂ ਵੀ ਵੱਡੇ ਪੱਧਰ ਤੇ ਮੁਹਿੰਮ ਛੇੜੀ ਜਾਵੇਗੀ।
ਪਿਛਲੀ ਖ਼ਬਰ ਨੰਗਲ-ਭਾਖੜਾ ਰੇਲ ਟਰੈਕ ਦਾ ਨਵੀਨੀਕਰਨ ਕਾਰਜ ਜੰਗੀ ਪੱਧਰ ’ਤੇ ਜਾਰੀ ਅਗਲੀ ਖ਼ਬਰ 1158 ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨਾਂ ਵਲੋਂ ਰੋਸ ਪ੍ਰਦਰਸ਼ਨ 4 ਨੂੰ ਪੰਜਾਬ ਵਿਧਾਨ ਸਭਾ ਵੱਲ ਰੋਸ ਮਾਰਚ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।